ਬਠਿੰਡਾ, (ਵਰਮਾ)- ਬਰਨਾਲਾ ਜ਼ਿਲੇ ਦੇ ਇਕ ਪਿੰਡ ਦੀ ਸਮੂਹਿਕ ਜਬਰ-ਜ਼ਨਾਹ ਪੀਡ਼ਤ ਲਡ਼ਕੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਝੀਲ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾ ਲਿਆ ਗਿਆ ਸੀ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਇਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਮੁਲਜ਼ਮ ਦੇ ਪਿਤਾ ਸਾਬਕਾ ਸਰਪੰਚ ਨੇ ਪ੍ਰੈੱਸ ਕਲੱਬ ’ਚ ਮੀਡੀਆ ਨੂੰ ਦੱਸਿਆ ਕਿ ਉਕਤ ਲਡ਼ਕੀ ਨੇ ਇਕ ਯੋਜਨਾ ਤਹਿਤ ਖੁਦਕੁਸ਼ੀ ਦਾ ਡਰਾਮਾ ਕੀਤਾ, ਜਦਕਿ ਉਹ ਉਸਦੇ ਪਰਿਵਾਰ ਨੂੰ ਬਲੈਕਮੇਲ ਕਰ ਰਹੀ ਹੈ। ਉਸਨੇ ਦੱਸਿਆ ਕਿ ਪਿੰਡ ਦੇ ਹੀ ਜਸਪਾਲ ਸਿੰਘ ਜੱਸੂ ਨੇ ਉਸਦੇ ਵਿਰੁੱਧ ਚੋਣ ਲਡ਼ਿਆ ਸੀ ਅਤੇ ਰੰਜਿਸ਼ ਕੱਢਣ ਲਈ ਸਾਜ਼ਿਸ਼ ਤਹਿਤ ਉਸਦੇ ਨਾਬਾਲਗ ਬੇਟੇ ਨੂੰ ਪ੍ਰੇਮ ਜਾਲ ’ਚ ਫਸਾ ਕੇ ਉਸਨੂੰ ਬਲੈਕਮੇਲ ਕਰ ਰਹੇ ਹਨ।
ਇਸ ਸਬੰਧੀ ਐੱਸ. ਐੱਸ. ਪੀ. ਬਰਨਾਲਾ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਹੈ। ਬਰਨਾਲਾ ਪੁਲਸ ਨੇ ਕਈ ਵਾਰ ਇਨ੍ਹਾਂ ਨੂੰ ਬੁਲਾਇਆ ਪਰ ਉਹ ਪਹੁੰਚੇ ਨਹੀਂ। ਲਡ਼ਕੀ ਦੀ ਭੂਆ ਵੀ ਇਸ ਸਾਜ਼ਿਸ਼ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ, ਜਿਸ ਨੇ ਇਕ ਮਹੀਨਾ ਪਹਿਲਾਂ ਥਾਣਾ ਭੁੱਚੋ ’ਚ ਝੂਠੀ ਰਿਪੋਰਟ ਦਰਜ ਕਰਵਾਈ ਸੀ, ਉਥੇ ਪੰਚਾਇਤ ਵਿਚ ਉਨ੍ਹਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਸੀ ਜਦਕਿ ਫੈਸਲਾ ਸਵਾ ਲੱਖ ’ਚ ਹੋਇਆ ਸੀ। ਉਹ ਆਪਣੇ ਨਾਬਾਲਗ ਬੇਟੇ ਦੀ ਜ਼ਿੰਦਗੀ ਬਚਾਉਣ ਲਈ ਪੰਚਾਇਤ ਅੱਗੇ ਹਾਜ਼ਰ ਹੋਇਆ। ਉਸ ਵੇਲੇ ਜਦੋਂ ਰਾਜ਼ੀਨਾਮਾ ਲਿਖਿਆ ਜਾ ਰਿਹਾ ਸੀ ਤਾਂ ਉਦੋਂ ਇਕ ਫੋਨ ਕਾਲ ਨੇ ਇਹ ਸਮਝੌਤਾ ਨਹੀਂ ਹੋਣ ਦਿੱਤਾ। ਲਡ਼ਕੀ ਨੇ ਉਸ ਵੇਲੇ ਕਿਹਾ ਕਿ ਉਸਦੇ ਬੇਟੇ ਵਿਰੁੱਧ ਮਾਮਲਾ ਦਰਜ ਕਰਵਾਉਣ ਲਈ ਉਸਨੂੰ 5 ਲੱਖ ਰੁਪਏ ਮਿਲ ਰਹੇ ਹਨ ਉਹ ਸਮਝੌਤਾ ਨਹੀਂ ਕਰੇਗੀ। ਉਸਦੇ ਕੁਝ ਦਿਨ ਬਾਅਦ ਇਕ ਹੋਰ ਸ਼ਿਕਾਇਤ ਡੀ. ਐੱਸ. ਪੀ. ਨੂੰ ਦਿੱਤੀ। ਜਿਨ੍ਹਾਂ ਕਿਹਾ ਕਿ ਇਹ ਮਾਮਲਾ ਬਰਨਾਲਾ ਦਾ ਹੈ, ਸ਼ਿਕਾਇਤ ਉਥੇ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਲਡ਼ਕੀ ਨੇ ਦੋ ਹੋਰ ਨੌਜਵਾਨਾਂ ਕੰਤਾ ਸਿੰਘ ਤੇ ਰਣਜੀਤ ਸਿੰਘ ਦਾ ਨਾਂ ਲਿਖਵਾਇਆ ਹੈ ਉਨ੍ਹਾਂ ਦਾ ਵੀ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ, ਜਿਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਨੂੰ ਸ਼ਿਕਾਇਤ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਥਰਮਲ ਦੇ ਮੁਖੀ ਗੁਰਮੇਲ ਸਿੰਘ ਸੰਧੂ ਨੇ ਦੱਸਿਆ ਕਿ ਜ਼ੇਰੇ ਇਲਾਜ ਜਬਰ-ਜ਼ਨਾਹ ਪੀਡ਼ਤ ਲਡ਼ਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਨਾਲ ਤਿੰਨ ਨੌਜਵਾਨਾਂ ਨੇ ਗੈਂਗਰੇਪ ਕੀਤਾ। ਉਹ ਉਸ ਨੂੰ ਆਪਣੀ ਗੱਡੀ ’ਚ ਜਬਰੀ ਬੈਠਾ ਕੇ ਹੋਟਲ ਲੈ ਗਏ ਸੀ, ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੀਡ਼ਤ ਲਡ਼ਕੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਅੱਗੇ ਮੂੰਹ ਖੋਲ੍ਹਿਆ ਤਾਂ ਉਸਦੇ ਭਰਾ ਨੂੰ ਜਾਨੋਂ ਮਾਰ ਦੇਵਾਂਗੇ, ਜਿਸ ਤੋਂ ਬਾਅਦ ਉਹ ਡਰ ਗਈ ਸੀ। ਮੁਲਜ਼ਮਾਂ ਦੇ ਵਾਰ-ਵਾਰ ਜਬਰ-ਜ਼ਨਾਹ ਕਰਨ ਤੋਂ ਦੁਖੀ ਉਹ ਪਿੰਡ ਛੱਡ ਕੇ ਆਪਣੀ ਭੂਆ ਕੋਲ ਤੁੰਗਵਾਲੀ ਪਹੁੰਚੀ ਪਰ ਮੁਲਜ਼ਮਾਂ ਨੇ ਉਸਦਾ ਉਥੇ ਵੀ ਪਿੱਛਾ ਨਹੀਂ ਛੱਡਿਆ। ਫਿਲਹਾਲ ਪੁਲਸ ਨੇ ਜਬਰ-ਜ਼ਨਾਹ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਣ ਮਾਨਸਾ ’ਚ ਵੀ ਚਿੱਟੇ ਨੇ ਪਸਾਰੇ ਪੈਰ
NEXT STORY