ਸੰਗਤ ਮੰਡੀ, (ਜ.ਬ.)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਡੂੰਮਵਾਲੀ ਨਜ਼ਦੀਕ ਕਾਰ ਸਵਾਰ ਸਾਬਕਾ ਸਰਪੰਚ ਤੋਂ ਦੋ ਵਿਅਕਤੀਆਂ ਵੱਲੋਂ ਰਿਵਾਲਵਰ ਦੀ ਨੋਕ ’ਤੇ 10 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਚੌਂਕੀ ਪਥਰਾਲਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਬਕਾ ਸਰਪੰਚ ਹਰਚਰਨ ਸਿੰਘ ਸੰਧੂ ਵਾਸੀ ਰਾਈਆਂ ਵਾਲਾ (ਫਰੀਦਕੋਟ) ਨੇ ਚੌਂਕੀ ’ਚ ਸ਼ਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਉਹ ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ’ਚ ਕਿਸਾਨ ਯੂਨੀਅਨ ਦੀ ਮਦਦ ਲਈ ਕਾਰ ’ਤੇ 10 ਲੱਖ ਰੁਪਏ ਦੇਣ ਜਾ ਰਹੇ ਸਨ, ਜਦ ਉਹ ਡੂੰਮਵਾਲੀ ਨਜ਼ਦੀਕ ਪੈਂਦੇ ਲਸਾਡ਼ਾ ਡਰੇਨ ’ਤੇ ਪਹੁੰਚਿਆ ਤਾਂ ਦੋ ਵਿਅਕਤੀ ਸਡ਼ਕ ’ਤੇ ਖਡ਼੍ਹੇ ਸਨ, ਜਿੰਨ੍ਹਾਂ ਕੋਲ ਕਿਸਾਨ ਯੂਨੀਅਨ ਦਾ ਝੰਡਾ ਸੀ। ਉਨ੍ਹਾਂ ਕਿਸਾਨ ਯੂਨੀਅਨ ਦਾ ਝੰਡਾ ਵੇਖ ਕੇ ਕਾਰ ਨੂੰ ਰੋਕ ਲਿਆ, ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਨੇ ਦਿੱਲੀ ਜਾਣ ਦਾ ਕਿਹਾ, ਜਿਸ ’ਤੇ ਉਨ੍ਹਾਂ ਨੇ ਦੋਵਾਂ ਨੂੰ ਕਾਰ ’ਚ ਬਿਠਾ ਲਿਆ। ਜਦ ਉਹ ਥੋਡ਼੍ਹੀ ਦੂਰ ਗਿਆ ਤਾਂ ਉਕਤ ਦੋਵੇ ਵਿਅਕਤੀਆਂ ’ਚੋਂ ਇਕ ਨੇ ਰਿਵਾਲਵਰ ਕੱਢ ਕੇ ਉਸ ’ਤੇ ਤਾਣ ਕੇ ਉਸ ਤੋਂ ਸਾਰੇ ਰੁਪਏ ਖੋਹ ਲਏ ਅਤੇ ਅੱਗੇ ਜਾ ਰਹੀ ਇਕ ਹੋਰ ਕਾਰ ’ਚ ਸਵਾਰ ਹੋ ਕੇ ਰਾਜਸਥਾਨ ਵੱਲ ਫਰਾਰ ਹੋ ਗਏ।
ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਮਾਮਲਾ ਸ਼ੱਕੀ ਲੱਗ ਰਿਹਾ ਹੈ, ਕਿਉਕਿ ਜਿਸ ਸਮੇਂ ਹਰਚਰਨ ਸਿੰਘ ਨਾਲ ਲੁੱਟ ਦੀ ਵਾਰਦਾਤ ਹੋਈ ਉਸ ਸਮੇਂ ਉਹ ਤੁਰੰਤ ਨਾ ਤਾਂ ਪੁਲਸ ਚੌਂਕੀ ਪਹੁੰਚਿਆ ਅਤੇ ਨਾ ਹੀ ਜਿਥੇ ਪੁਲਸ ਦਾ ਚੌਵੀ ਘੰਟੇ ਨਾਕਾ ਲੱਗਿਆ ਹੁੰਦਿਆ ਹੈ, ਉਹ ਉਥੇ ਗਿਆ। ਲੁੱਟ ਤੋਂ ਕਾਫੀ ਸਮੇਂ ਬਾਅਦ ਉਕਤ ਵਿਅਕਤੀ ਵੱਲੋਂ ਚੌਂਕੀ ਪਹੁੰਚ ਕੇ ਦਰਖਾਸਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
35 ਲੱਖ ਦੇ ਟਰਾਂਜਿਸਟਰ ਸਮੇਤ 71 ਲੱਖ ਦਾ ਸੋਨਾ ਜ਼ਬਤ
NEXT STORY