ਚੰਡੀਗੜ੍ਹ (ਸ਼ੀਨਾ) : ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸ਼੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ, ਸੈਕਟਰ-46, ਚੰਡੀਗੜ੍ਹ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕਮੇਟੀ ਦੇ ਮੁੱਖ ਸਰਪ੍ਰਸਤ ਕਮ ਚੇਅਰਮੈਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ, ਜਨਰਲ ਸਕੱਤਰ ਸੁਸ਼ੀਲ ਸੋਵਤ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ 28ਵੇਂ ਸਾਲਾਨਾ ਸਮਾਗਮ ’ਚ ਲੰਕਾ ਦਹਿਨ, ਰੱਥ ’ਤੇ ਸਵਾਰ ਰਾਵਣ ਦੇ ਪੁਤਲੇ ਦੀ ਘੁੰਮਦੀ ਗਰਦਨ ਤੇ ਚਿਹਰਾ, ਉਸ ਦੀ ਧੁੰਨੀ ’ਚੋਂ ਨਿਕਲਣ ਵਾਲੀ ਅੰਮ੍ਰਿਤ ਕੁੰਡ ਦੀ ਧਾਰਾ ਤੇ ਸਟੇਜ ਤੋਂ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਨਾਲ ਸਾੜਨਾ ਵਿਸ਼ੇਸ਼ ਆਕਰਸ਼ਣ ਹੋਣਗੇ।
ਦੋ ਸ਼ਖ਼ਸੀਅਤਾਂ ਨੂੰ ਦਿੱਤਾ ਜਾਵੇਗਾ ਚੰਡੀਗੜ੍ਹ ਰਤਨ ਪੁਰਸਕਾਰ
ਜਤਿੰਦਰ ਭਾਟੀਆ ਨੇ ਦੱਸਿਆ ਕਿ ਇਸ ਵਾਰ ਵੀ ਚੰਡੀਗੜ੍ਹ ’ਚ ਰਾਵਣ ਦਾ ਸਭ ਤੋਂ ਉੱਚਾ ਪੁਤਲਾ 101 ਫੁੱਟ ਉੱਚਾ, ਮੇਘਨਾਦ ਦਾ ਪੁਤਲਾ 95 ਫੁੱਟ ਅਤੇ ਕੁੰਭਕਰਨ ਦਾ ਪੁਤਲਾ 90 ਫੁੱਟ ਉੱਚਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਮੇਟੀ ਵਾਤਾਵਰਣ ਅਨੁਕੂਲ ਆਤਿਸ਼ਬਾਜ਼ੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਸੀ. ਬੀ. ਓਝਾ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹਿਣਗੇ। ਜੀ. ਜੀ. ਡੀ. ਐੱਸ. ਡੀ. ਕਾਲਜ ਸੁਸਾਇਟੀ, ਚੰਡੀਗੜ੍ਹ ਦੇ ਉਪ-ਪ੍ਰਧਾਨ ਪ੍ਰੋ. ਸਿਧਾਰਥ ਸ਼ਰਮਾ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਪੀ. ਜੀ. ਆਈ. ਦੇ ਡਾ. ਸੰਦੀਪ ਬਾਂਸਲ ਤੇ ਪੀ. ਐੱਮ. ਐੱਲ. ਐੱਸ. ਡੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਮੋਨਿਕਾ ਸ਼ਰਮਾ ਨੂੰ ਕਮੇਟੀ ਵੱਲੋਂ ‘ਚੰਡੀਗੜ੍ਹ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਦੁਸਹਿਰਾ ਮੇਲੇ ’ਚ ਆਉਣ ਵਾਲੇ ਬੱਚਿਆਂ ਦੇ ਮਨੋਰੰਜਨ ਲਈ ਕਮੇਟੀ ਵੱਲੋਂ ਟਾਫੀਆਂ ਦੀ ਸ਼ਕਲ ’ਚ ਕਾਰਟੂਨ ਪਾਤਰ ਮਿੱਕੀ ਮਾਊਸ ਤੇ ਡੋਰੇਮੋਨ ਆਦਿ ਵੰਡੇ ਜਾਣਗੇ ਤੇ ਬੱਚਿਆਂ ਨੂੰ ਧਨੁਸ਼, ਤੀਰ, ਗਦਾ ਤੇ ਤਲਵਾਰਾਂ ਆਦਿ ਵਰਗੇ ਖਿਡੌਣੇ ਵੀ ਵੰਡੇ ਜਾਣਗੇ।
10 ਹਜ਼ਾਰ ਦਰਸ਼ਕਾਂ ਲਈ ਬੈਠਣ ਦਾ ਕੀਤਾ ਪ੍ਰਬੰਧ
ਕਮੇਟੀ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸੈਕਟਰ-46 ਦੇ ਸ਼੍ਰੀ ਸਨਾਤਨ ਧਰਮ ਮੰਦਰ ਤੋਂ ਦੁਪਹਿਰ 2 ਵਜੇ ਇਕ ਜਲੂਸ ਕੱਢਿਆ ਜਾਵੇਗਾ। ਇਹ ਸੈਕਟਰ-46 ਤੇ 45 ਦੇ ਖੇਤਰਾਂ ’ਚੋਂ ਲੰਘੇਗਾ ਅਤੇ ਸ਼ਾਮ 4:30 ਵਜੇ ਦੁਸਹਿਰਾ ਸਥਾਨ ’ਤੇ ਪਹੁੰਚੇਗਾ। ਕੁਰਸੀਆਂ ’ਤੇ ਬੈਠਣ ਲਈ ਕਰੀਬ 10 ਹਜ਼ਾਰ ਦਰਸ਼ਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ’ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਦੇ ਨਾਲ-ਨਾਲ ਨਿੱਜੀ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ। ਐਮਰਜੈਂਸੀ ਨਾਲ ਨਜਿੱਠਣ ਲਈ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਾਹਨਾਂ ਦੇ ਨਾਲ-ਨਾਲ ਪਾਰਕ ਹਸਪਤਾਲ, ਮੋਹਾਲੀ ਤੋਂ ਐਂਬੂਲੈਂਸਾਂ ਨੂੰ ਪੂਰੇ ਸਮਾਗਮ ਦੌਰਾਨ ਤਾਇਨਾਤ ਕੀਤਾ ਜਾਵੇਗਾ। ਦੁਸਹਿਰੇ ਦੀ ਪੂਰਵ ਸੰਧਿਆ ’ਤੇ ਮੇਲਾ ਸਥਾਨ ’ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਥਾਪਿਤ ਕੀਤੇ ਜਾਣਗੇ। ਕਮੇਟੀ ਦੇ ਚੇਅਰਮੈਨ ਭਾਟੀਆ ਨੇ ਦੱਸਿਆ ਕਿ ਸ਼ਾਮ ਨੂੰ ਪੁਤਲਿਆਂ ਅਤੇ ਮੇਲਾ ਸਥਾਨ ਨੂੰ ਰੰਗੀਨ ਲਾਈਟਾਂ ਨਾਲ ਸਜਾਇਆ ਜਾਵੇਗਾ। ਮੇਲੇ ਸਥਾਨ ’ਤੇ ਭਗਵਾਨ ਰਾਮ ਨੂੰ ਸਮਰਪਿਤ ਭਜਨ ਵਜਾਏ ਜਾਣਗੇ।
ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡੀ ਖ਼ਬਰ, ਪੂਰੇ ਸੂਬੇ 'ਚ ਲਾਗੂ ਹੋਣ ਜਾ ਰਿਹਾ ਨਵਾਂ ਸਿਸਟਮ
NEXT STORY