ਜਲੰਧਰ(ਅਮਿਤ)— ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲੇ ਅੰਦਰ ਪਹਿਲਾਂ ਜਾਰੀ ਕੀਤੇ ਗਏ ਅਸਥਾਈ ਲਾਇਸੈਂਸ ਰੱਦ ਕਰਨ ਦਾ ਨਿਰਦੇਸ਼ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਪਟਾਕਾ ਵੇਚਣ ਲਈ ਇਛੁੱਕ ਦੁਕਾਨਦਾਰਾਂ ਨੂੰ ਦੁਬਾਰਾ ਤੋਂ ਅਸਥਾਈ ਲਾਇਸੈਂਸ ਲਈ ਅਪਲਾਈ ਕਰਨ ਲਈ ਸੋਮਵਾਰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ।
ਜ਼ਿਲਾ ਪ੍ਰਸ਼ਾਸਨ ਵਲੋਂ ਡੀ. ਸੀ. ਦਫਤਰ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਅਸਲਾ ਸ਼ਾਖਾ ਵਿਚ ਅਤੇ ਪੁਲਸ ਪ੍ਰਸ਼ਾਸਨ ਵਲੋਂ ਕਮਿਸ਼ਨਰ ਪੁਲਸ ਦਫਤਰ ਵਿਚ ਸਥਿਤ ਅਸਲਾ ਸ਼ਾਖਾ ਅੰਦਰ ਬਣਾਏ ਗਏ ਅਸਥਾਈ ਐਪਲੀਕੇਸ਼ਨ ਸੈਂਟਰਾਂ 'ਚ ਐਤਵਾਰ ਨੂੰ ਕੁਲ 127 ਐਪਲੀਕੇਸ਼ਨਾਂ ਜਮ੍ਹਾ ਕਰਵਾਈਆਂ ਗਈਆਂ। ਸ਼ਹਿਰ ਦੇ ਇਲਾਕਿਆਂ ਵਿਚ ਪਟਾਕੇ ਵੇਚਣ ਦਾ ਲਾਇਸੈਂਸ ਲੈਣ ਲਈ ਕਮਿਸ਼ਨਰ ਪੁਲਸ ਕੋਲ 92 ਐਪਲੀਕੇਸ਼ਨਾਂ ਜਮ੍ਹਾ ਕਰਵਾਈਆਂ ਗਈਆਂ। ਇਸ ਤਰ੍ਹਾਂ ਪਿੰਡ ਦੇ ਖੇਤਰਾਂ ਵਿਚ ਲਾਇਸੈਂਸ ਲੈਣ ਲਈ ਡੀ. ਸੀ. ਦਫਤਰ ਵਿਚ ਕੁਲ 47 ਲੋਕਾਂ ਨੇ ਐਪਲੀਕੇਸ਼ਨ ਫਾਰਮ ਲਏ, ਜਿਸ ਵਿਚੋਂ 35 ਲੋਕਾਂ ਨੂੰ ਆਪਣੀ-ਆਪਣੀ ਐਪਲੀਕੇਸ਼ਨ ਜਮ੍ਹਾ ਕਰਵਾ ਦਿੱਤੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਐਪਲੀਕੇਸ਼ਨਾਂ ਸਵੀਕਾਰ ਕੀਤੀਆਂ ਗਈਆਂ, ਜਦਕਿ ਸੋਮਵਾਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਅਸਥਾਈ ਲਾਇਸੈਂਸ ਲੈਣ ਦੇ ਇਛੁੱਕ ਲੋਕਾਂ ਨੂੰ ਆਪਣੀ-ਆਪਣੀ ਐਪਲੀਕੇਸ਼ਨ ਜਮ੍ਹਾ ਕਰਵਾਉਣ ਦਾ ਮੌਕਾ ਮਿਲੇਗਾ ਕਿਉਂਕਿ 16 ਅਕਤੂਬਰ ਨੂੰ ਸ਼ਾਮ 5 ਵਜੇ ਰੈੱਡ ਕਰਾਸ ਭਵਨ ਵਿਚ ਅਸਥਾਈ ਲਾਇਸੈਂਸ ਜਾਰੀ ਕਰਨ ਸੰਬੰਧੀ ਇਕ ਵਿਸ਼ੇਸ਼ ਡਰਾਅ ਕੱਢਿਆ ਜਾਵੇਗਾ ਅਤੇ ਜਿਨ੍ਹਾਂ ਦਾ ਡਰਾਅ ਨਿਕਲੇਗਾ, ਉਹ ਇਸ ਵਾਰ ਪਟਾਕੇ ਵੇਚ ਸਕਣਗੇ।
ਲਾਇਸੈਂਸ ਰੱਦ ਕਰਨ ਤੋਂ ਬਾਅਦ ਸੁੰਨਸਾਨ ਹੋਈ ਪਟਾਕਾ ਮਾਰਕੀਟ
ਪ੍ਰਸ਼ਾਸਨ ਵੱਲੋਂ ਸਾਰੇ ਅਸਥਾਈ ਪਟਾਕਾ ਲਾਇਸੈਂਸ ਰੱਦ ਕਰਨ ਦਾ ਨਤੀਜਾ ਐਤਵਾਰ ਨੂੰ ਸਾਫ ਤੌਰ 'ਤੇ ਦੇਖਣ ਨੂੰ ਮਿਲਿਆ। ਬਰਲਟਨ ਪਾਰਕ ਵਿਚ ਲੱਗੀ ਪਟਾਕਾ ਮਾਰਕੀਟ ਬਿਲਕੁਲ ਸੁੰਨਸਾਨ ਦਿਖਾਈ ਦਿੱਤੀ। ਸਾਰੇ ਦੁਕਾਨਾਂ 'ਤੇ ਤਾਲੇ ਲੱਗੇ ਹੋਏ ਸਨ ਅਤੇ ਦੁਕਾਨਦਾਰ ਤਿਉਹਾਰ ਦੇ ਸੀਜ਼ਨ 'ਚ ਖੁਸ਼ ਨਹੀਂ ਸਨ। ਸਾਰਾ ਸਾਲ ਦੀਵਾਲੀ ਦਾ ਇੰਤਜ਼ਾਰ ਕਰ ਕੇ ਚੰਗੇ ਕਾਰੋਬਾਰ ਕਰਨ ਦਾ ਸੁਪਨਾ ਮਨ 'ਚ ਸਜਾ ਕੇ ਬੈਠੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਦੀਵਾਲੀ ਤੋਂ ਪਹਿਲਾਂ ਹੀ ਦੀਵਾਲਾ ਨਿਕਲ ਗਿਆ ਹੈ।
ਅਪਲਾਈ ਕਰਨ ਵਾਲਿਆਂ ਦੀ ਬਣੇਗੀ ਲਿਸਟ, ਹੋਵੇਗੀ ਸਕ੍ਰੀਨਿੰਗ
ਸੋਮਵਾਰ ਦੁਪਹਿਰ 2 ਵਜੇ ਤੱਕ ਆਉਣ ਵਾਲੀਆਂ ਸਾਰੀਆਂ ਐਪਲੀਕੇਸ਼ਨਾਂ ਦੀ ਇਕ ਲਿਸਟ ਬਣਾਈ ਜਾਵੇਗੀ ਅਤੇ ਬਾਅਦ ਵਿਚ ਸਾਰੀਆਂ ਐਪਲੀਕੇਸ਼ਨਾਂ ਦੀ ਸਕ੍ਰੀਨਿੰਗ ਕਰਕੇ ਉਨ੍ਹਾਂ ਨੂੰ ਡਰਾਅ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਗੱਲ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਕਿ ਕਿਸੇ ਵਿਅਕਤੀ ਜਾਂ ਦੁਕਾਨਦਾਰ ਵਲੋਂ ਇਕ ਤੋਂ ਜ਼ਿਆਦਾ ਐਪਲੀਕੇਸ਼ਨਾਂ ਤਾਂ ਨਹੀਂ ਜਮ੍ਹਾ ਕਰਵਾਈਆਂ ਜਾਣ।
ਚੋਰੀ ਵਿਕਣਗੇ ਪਟਾਕੇ, ਆਨਲਾਈਨ ਹੋਵੇਗੀ ਬੁਕਿੰਗ
ਜਿਸ ਤਰ੍ਹਾਂ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ ਰੱਦ ਕਰਨ ਦਾ ਨਿਰਦੇਸ਼ ਜਾਰੀ ਹੋਣ 'ਤੇ ਪਟਾਕਾ ਕਾਰੋਬਾਰ ਵਿਚ ਚੋਰੀ ਪਟਾਕੇ ਵੇਚੇ ਜਾ ਰਹੇ ਸਨ, ਠੀਕ ਉਸੇ ਤਰ੍ਹਾਂ ਜ਼ਿਲੇ ਵਿਚ ਪਟਾਕਿਆਂ ਦੀ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਦੀਵਾਲੀ ਤੋਂ ਪਹਿਲਾਂ ਆਪਣੇ ਕੋਲ ਪਿਆ ਸਟਾਕ ਕਲੀਅਰ ਕਰਨ ਲਈ ਕੁਝ ਦੁਕਾਨਦਾਰਾਂ ਵਲੋਂ ਆਨਲਾਈਨ ਬੁਕਿੰਗ ਦੇ ਨਾਲ-ਨਾਲ ਹੋਮ ਡਲਿਵਰੀ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਤਾਂ ਜੋ ਕਿਸੇ ਤਰ੍ਹਾਂ ਨਾਲ ਉਹ ਆਪਣਾ ਨੁਕਸਾਨ ਥੋੜ੍ਹਾ ਘੱਟ ਕਰ ਸਕਣ।
ਨੋਟਬੰਦੀ ਅਤੇ ਜੀ. ਐੱਸ. ਟੀ. ਤੋਂ ਬਾਅਦ ਹੋਰ ਮਾਰ ਨਹੀਂ ਝੱਲ ਸਕਣਗੇ ਵਪਾਰੀ
ਪਿਛਲੇ ਸਾਲ ਦੇਸ਼ ਵਿਚ ਲਾਗੂ ਨੋਟਬੰਦੀ ਅਤੇ ਇਸ ਸਾਲ ਲਾਗੂ ਕੀਤੀ ਗਈ ਜੀ. ਐੱਸ. ਟੀ. ਤੋਂ ਬਾਅਦ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਜਾਰੀ ਨਿਰਦੇਸ਼ ਦੀ ਮਾਰ ਛੋਟੇ ਵਪਾਰੀ ਬਿਲਕੁਲ ਨਹੀਂ ਝੱਲ ਸਕਣਗੇ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਲਾਇਸੈਂਸ ਰੱਦ ਕਰਨ ਦੇ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜ਼ਿਆਦਾਤਰ ਵਪਾਰੀਆਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲੈਣੀ ਪਈ। ਛੋਟੇ ਕਾਰੋਬਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਦੁਸਹਿਰੇ 'ਤੇ ਪਟਾਕਿਆਂ ਦੀ ਵੀ ਕੋਈ ਖਾਸ ਵਿਕਰੀ ਨਹੀਂ ਹੋਈ ਸੀ ਅਤੇ ਸਾਰਿਆਂ ਨੂੰ ਸਿਰਫ ਦੀਵਾਲੀ ਦੇ ਪਹਿਲੇ ਹਫਤੇ ਹੀ ਸੇਲ ਹੋਣ ਦੀ ਉਮੀਦ ਸੀ, ਜਿਸ 'ਤੇ ਹੁਣ ਪੂਰੀ ਤਰ੍ਹਾਂ ਪਾਣੀ ਫਿਰ ਚੁੱਕਿਆ ਹੈ, ਇਸ ਵਾਰ ਤਾਂ ਉਨ੍ਹਾਂ ਦਾ ਸਾਰਾ ਕਾਰੋਬਾਰ ਬਿਲਕੁਲ ਚੌਪਟ ਹੋ ਜਾਵੇਗਾ ਅਤੇ ਉਹ ਲੋਕ ਸਿੱਧਾ ਸੜਕ 'ਤੇ ਆ ਜਾਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਰਹੀ ਬੇਨਤੀਜਾ
NEXT STORY