ਜਲੰਧਰ (ਪੁਨੀਤ) : ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਕਰਮਚਾਰੀ ਯੂਨੀਅਨ ਦੀ ਅਣਮਿੱਥੇ ਸਮੇਂ ਦੀ ਹੜਤਾਲ ਦੇ ਪਹਿਲੇ ਦਿਨ ਐਤਵਾਰ ਰਾਤੀਂ 12 ਵਜੇ ਤੋਂ ਲੈ ਕੇ ਸੋਮਵਾਰ ਰਾਤ 10 ਵਜੇ ਤੱਕ ਵਿਭਾਗ ਨੂੰ 2.60 ਕਰੋੜ ਤੋਂ ਵੱਧ ਦਾ ਟਰਾਂਸਜੈਕਸ਼ਨ ਨੁਕਸਾਨ ਹੋਇਆ ਅਤੇ ਆਸਾਨੀ ਨਾਲ ਬੱਸਾਂ ਨਾ ਮਿਲਣ ਕਾਰਨ ਬੱਸ ਅੱਡੇ ਵਿਚ ਪਹੁੰਚੇ ਯਾਤਰੀਆਂ ’ਚ ਹਾਹਾਕਾਰ ਮਚੀ ਰਹੀ। 2100 ਤੋਂ ਵੱਧ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਕਾਊਂਟਰਾਂ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ 3700 ਤੋਂ ਵੱਧ ਟਾਈਮ ਮਿਸ ਹੋਏ ਕਿਉਂਕਿ ਇਸ ਦੌਰਾਨ ਸਰਕਾਰੀ ਬੱਸਾਂ ਕਾਊਂਟਰਾਂ ’ਤੇ ਹੀ ਨਹੀਂ ਪਹੁੰਚੀਆਂ। 6000 ਦੇ ਲਗਭਗ ਠੇਕਾ ਕਰਮਚਾਰੀਆਂ ਦੀ ਹੜਤਾਲ ਕਾਰਨ 80 ਫੀਸਦੀ ਤੋਂ ਵੱਧ ਸਰਕਾਰੀ ਬੱਸਾਂ ਦੀ ਆਵਾਜਾਈ ਠੱਪ ਰਹਿਣ ਕਾਰਨ ਯਾਤਰੀ ਇਧਰ-ਉਧਰ ਭਟਕਦੇ ਦੇਖੇ ਗਏ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੱਸ ਅੱਡੇ ਵਿਚ ਸਾਰਾ ਦਿਨ ਵਧੇਰੇ ਕਾਊਂਟਰ ਖਾਲੀ ਨਜ਼ਰ ਆਏ।
ਵਿਭਾਗ ਕੋਲ ਪੀ. ਆਰ. ਟੀ. ਸੀ., ਪਨਬੱਸ ਤੇ ਰੋਡਵੇਜ਼ ਦੀਆਂ ਮਿਲਾ ਕੇ 2650 ਦੇ ਲਗਭਗ ਬੱਸਾਂ ਹਨ ਅਤੇ ਅਧਿਕਾਰੀਆਂ ਦਾ ਦਾਅਵਾ ਹੈ ਕਿ 25 ਫੀਸਦੀ ਬੱਸਾਂ ਦੀ ਆਵਾਜਾਈ ਹੋਈ, ਜਦੋਂ ਕਿ ਯੂਨੀਅਨ ਦਾ ਕਹਿਣਾ ਹੈ ਕਿ ਸਿਰਫ 15 ਫੀਸਦੀ ਬੱਸਾਂ ਹੀ ਚੱਲ ਸਕੀਆਂ ਕਿਉਂਕਿ ਸਰਕਾਰੀ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਗਿਣਤੀ ਮੁਤਾਬਕ 20 ਫੀਸਦੀ ਤੋਂ ਵੱਧ ਬੱਸਾਂ ਨਹੀਂ ਚੱਲ ਸਕਦੀਆਂ। ਜਲੰਧਰ ਡਿਪੂ ਵਿਚ ਤਾਇਨਾਤ 7 ਪੱਕੇ ਡਰਾਈਵਰਾਂ ਨੇ ਹੀ ਬੱਸਾਂ ਚਲਾਈਆਂ। ਹੜਤਾਲ ਨੂੰ ਲੈ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਨੇ ਡਿਪੂ ਨੰਬਰ-1 ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਚੋਣਾਂ ਵਿਚ ਸਬਕ ਸਿਖਾਉਣ ਦੀ ਚਿਤਾਵਨੀ ਦਿੱਤੀ। ਠੇਕਾ ਕਰਮਚਾਰੀਆਂ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਡਿਪੂ-1 ਵਿਚ ਰੋਜ਼ਾਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ। ਯੂਨੀਅਨ ਦੇ ਜਲੰਧਰ ਡਿਪੂ-1 ਦੇ ਚੇਅਰਮੈਨ ਜਸਬੀਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਜਨਰਲ ਸਕੱਤਰ ਚਾਨਣ ਸਿੰਘ, ਸਰਪ੍ਰਸਤ ਗੁਰਜੀਤ ਸਿੰਘ ਅਤੇ ਮੀਤ ਪ੍ਰਧਾਨ ਗੁਰਪ੍ਰਕਾਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ, ਉਸਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਹੜਤਾਲ ਕਰਨ ਨੂੰ ਮਜਬੂਰ ਹਨ। ਕਰਮਚਾਰੀਆਂ ਦੀ ਹੜਤਾਲ ਕਾਰਨ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਡਿਪੂਆਂ ਦੇ ਅੰਦਰ ਬੱਸਾਂ ਖੜ੍ਹੀਆਂ ਕਰਨ ਲਈ ਵੀ ਜਗ੍ਹਾ ਨਹੀਂ ਬਚੀ ਸੀ।
ਯਾਤਰੀਆਂ ਦੀ ਘਾਟ : ਪ੍ਰਾਈਵੇਟ ਬੱਸਾਂ ਨਹੀਂ ਕਮਾ ਸਕੀਆਂ ਜ਼ਿਆਦਾ ਲਾਭ
ਵਧੇਰੇ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਪ੍ਰਾਈਵੇਟ ਬੱਸ ਆਪ੍ਰੇਟਰ ਨੂੰ ਦੁੱਗਣੀ ਆਮਦਨ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੀਡੀਆ ਜ਼ਰੀਏ ਲੋਕਾਂ ਨੂੰ ਹੜਤਾਲ ਬਾਰੇ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ, ਜਿਸ ਕਾਰਨ ਉਨ੍ਹਾਂ ਬੱਸਾਂ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ। ਪ੍ਰਾਈਵੇਟ ਬੱਸਾਂ ਨੂੰ ਕਾਊਂਟਰ ’ਤੇ ਲੱਗਣ ਲਈ ਜ਼ਿਆਦਾ ਸਮਾਂ ਮਿਲਿਆ, ਜਿਸ ਕਾਰਨ ਕੁਝ ਰੂਟਾਂ ’ਤੇ ਬੱਸਾਂ ਨੂੰ ਲਾਭ ਹੋਇਆ। ਪ੍ਰਾਈਵੇਟ ਬੱਸਾਂ ਦੇ ਲਾਭ ਕਮਾਉਣ ਵਾਲੇ ਰੂਟਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ, ਗੜ੍ਹਸ਼ੰਕਰ, ਬਟਾਲਾ, ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ ਆਦਿ ਮੁੱਖ ਹਨ, ਉਥੇ ਹੀ ਜਿਹੜੀਆਂ ਬੱਸਾਂ ਦਾ ਟਾਈਮ ਟੇਬਲ ਸ਼ਾਮ ਨੂੰ ਚੱਲਣ ਦਾ ਸੀ, ਉਹ ਸਵੇਰੇ ਹੀ ਬੱਸ ਅੱਡਾ ਫਲਾਈਓਵਰ ਹੇਠੋਂ ਸਵਾਰੀਆਂ ਲੈ ਕੇ ਰਵਾਨਾ ਹੁੰਦੀਆਂ ਦੇਖੀਆਂ ਗਈਆਂ।
ਯਾਤਰੀ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਦੂਜੇ ਸੂਬਿਆਂ ਦੀਆਂ ਬੱਸਾਂ ’ਤੇ ਰਹੇ ਨਿਰਭਰ
ਸਰਕਾਰੀ ਬੱਸਾਂ ਬੰਦ ਹੋਣ ਕਾਰਨ ਪ੍ਰਾਈਵੇਟ ਬੱਸਾਂ ਰੁਟੀਨ ਵਿਚ ਚੱਲਦੀਆਂ ਰਹੀਆਂ। ਉਥੇ ਹੀ, 15-20 ਫੀਸਦੀ ਸਰਕਾਰੀ ਬੱਸਾਂ ਵੀ ਚੱਲੀਆਂ ਪਰ ਇਹ ਸਿਰਫ ਪੰਜਾਬ ਵਿਚ ਹੀ ਚੱਲੀਆਂ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਉਹ ਬਾਹਰ ਜਾਣ ਦੀ ਹਾਲਤ ਵਿਚ ਨਹੀਂ ਹਨ। ਉਥੇ ਹੀ, ਕੁਝ ਇਕ ਨੂੰ ਛੱਡ ਕੇ ਪ੍ਰਾਈਵੇਟ ਬੱਸਾਂ ਕੋਲ ਦੂਜੇ ਸੂਬਿਆਂ ਨੂੰ ਜਾਣ ਲਈ ਪਰਮਿਟ ਨਹੀਂ ਹੁੰਦਾ। ਇੰਟਰ ਸਟੇਟ ਬੱਸਾਂ ਵਿਚ ਸਰਕਾਰੀ ਬੱਸਾਂ ਦਾ ਹੀ ਬੋਲਬਾਲਾ ਹੁੰਦਾ ਹੈ। ਇਸ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ। ਦਿੱਲੀ ਰੂਟ ’ਤੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਤਾਂ ਆਸਾਨੀ ਨਾਲ ਮਿਲ ਗਈਆਂ ਪਰ ਸਭ ਤੋਂ ਵੱਧ ਪ੍ਰੇਸ਼ਾਨੀ ਉੱਤਰਾਖੰਡ, ਰਾਜਸਥਾਨ ਤੇ ਹਿਮਾਚਲ ਨੂੰ ਜਾਣ ਵਾਲੇ ਯਾਤਰੀਆਂ ਨੂੰ ਹੋਈ। ਪਹਾੜਾਂ ਵਿਚ ਕੁਝ ਇਕ ਸਟੇਸ਼ਨਾਂ ਨੂੰ ਛੱਡ ਕੇ ਟਰੇਨਾਂ ਜ਼ਰੀਏ ਜਾਣਾ ਵੀ ਸੰਭਵ ਨਹੀਂ ਹੁੰਦਾ। ਇਸ ਲਈ ਯਾਤਰੀਆਂ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ।
ਗੱਲਬਾਤ ਅਸਫਲ : ਅੱਜ ਤੋਂ ਸੀ. ਐੱਮ. ਦੀ ਰਿਹਾਇਸ਼ ਅੱਗੇ ਲੱਗੇਗਾ ਪੱਕਾ ਧਰਨਾ
ਅਧਿਕਾਰੀਆਂ ਵੱਲੋਂ ਹੜਤਾਲ ਕਰ ਰਹੀਆਂ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਵੀਡੀਓ ਅਤੇ ਸਾਧਾਰਨ ਕਾਲ ਜ਼ਰੀਏ ਕਈ ਵਾਰ ਗੱਲ ਕੀਤੀ ਗਈ ਤਾਂ ਕਿ ਉਨ੍ਹਾਂ ਨੂੰ ਮਨਾਇਆ ਜਾ ਸਕੇ ਪਰ ਗੱਲਬਾਤ ਅਸਫਲ ਰਹੀ ਅਤੇ ਕਰਮਚਾਰੀ ਪੱਕਾ ਕਰਨ ਦੀ ਚਿੱਠੀ ਜਾਰੀ ਕਰਨ ਦੀ ਮੰਗ ’ਤੇ ਅੜੇ ਰਹੇ। ਇਸੇ ਲੜੀ ਵਿਚ ਅੱਜ ਠੇਕਾ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਪਟਿਆਲਾ ਵਿਚ ਸੀ. ਐੱਮ. ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਧਰਨੇ ਵਿਚ ਦਰਜਨਾਂ ਯੂਨੀਅਨਾਂ ਹਿੱਸਾ ਲੈਣਗੀਆਂ ਤਾਂ ਕਿ ਸਾਰੇ ਵਿਭਾਗਾਂ ਨਾਲ ਸਬੰਧਤ ਯੂਨੀਅਨਾਂ ਦੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ।
10 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੇ ਨੌਜਵਾਨ ਦਾ ਕਤਲ, ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
NEXT STORY