ਮਾਹਿਲਪੁਰ/ਕੋਟ ਫਤੂਹੀ, (ਜਸਵੀਰ/ਬਹਾਦਰ ਖਾਨ)- ਪਿੰਡ ਠੁਆਣਾ ਦੇ ਅੱਡੇ ਵਿਖੇ ਅੱਜ ਦੁਪਹਿਰ 2 ਵਜੇ ਇਕ ਇਨੋਵਾ ਗੱਡੀ ਤੇ ਇੰਡੀਗੋ ਕਾਰ ਦੀ ਸਿੱਧੀ ਟੱਕਰ ਵਿਚ ਕਾਰ ਚਾਲਕ ਤੇ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਹੋਰ ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੁਜ਼ੱਫਰਪੁਰ (ਨਕੋਦਰ) ਤੋਂ ਇਨੋਵਾ ਗੱਡੀ ਨੰਬਰ ਪੀ ਬੀ-08-ਏ ਡਬਲਿਊ-9400 ਵਿਚ ਸਤਨਾਮ ਸਿੰਘ ਪੁੱਤਰ ਗਿਆਨ ਸਿੰਘ ਤੇ ਉਸ ਦੀ ਪਤਨੀ ਅਵਤਾਰ ਕੌਰ ਬਹਿਰਾਮ-ਮਾਹਿਲਪੁਰ ਮੁੱਖ ਮਾਰਗ 'ਤੇ ਪਿੰਡ ਘੁਮਿਆਲਾ ਵੱਲ ਜਾ ਰਹੇ ਸਨ। ਜਦੋਂ ਉਹ ਅੱਡਾ ਠੁਆਣਾ ਦੇ ਕੋਲ ਆਏ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਗੱਡੀ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਇੰਡੀਗੋ ਕਾਰ ਨੰ. ਐੱਚ ਆਰ-68-ਬੀ-7291, ਜੋ ਕਿ ਮੁੰਡੀ ਖਰੜ (ਮੋਹਾਲੀ) ਤੋਂ ਕਿਰਾਏ ਉਪਰ ਲਿਆਂਦੀ ਗਈ ਸੀ, ਨਾਲ ਟਕਰਾਅ ਗਈ।
ਇਸ ਜ਼ਬਰਦਸਤ ਟੱਕਰ 'ਚ ਇੰਡੀਗੋ ਕਾਰ ਵਿਚ ਸਵਾਰ ਮਹਿੰਦਰ ਕੌਰ ਪਤਨੀ ਸੁਰਜੀਤ ਸਿੰਘ, ਜੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਪੰਜੌੜ ਵਿਖੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ, ਸਮੇਤ ਕਾਰ ਦੇ ਡਰਾਈਵਰ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਦੌਰਾਨ ਕਾਰ 'ਚ ਸਵਾਰ ਮ੍ਰਿਤਕ ਔਰਤ ਦਾ ਪਤੀ ਸੁਰਜੀਤ ਸਿੰਘ, ਲੜਕੀ ਕੁਲਵਿੰਦਰ ਕੌਰ, ਲੜਕਾ ਅਰਸ਼ਦੀਪ ਅਤੇ ਇਨੋਵਾ ਗੱਡੀ ਦਾ ਚਾਲਕ ਤੇ ਉਸ ਦੀ ਪਤਨੀ ਵੀ ਜ਼ਖਮੀ ਹੋ ਗਏ।
ਜ਼ਖ਼ਮੀਆਂ ਨੂੰ ਰਾਹਗੀਰਾਂ ਤੇ ਸਥਾਨਕ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਪੁਲਸ ਪਾਰਟੀ ਦੀ ਸਹਾਇਤਾ ਨਾਲ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਮ੍ਰਿਤਕ ਔਰਤ ਦੇ ਪਤੀ ਸੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੇਹਟੀਆਣਾ, (ਸੰਜੀਵ)-ਪਿੰਡ ਤਨੂੰਲੀ ਕੋਲ ਇਕ ਤੇਜ਼ ਰਫ਼ਤਾਰ ਕਾਰ ਦਾ ਅਗਲਾ ਟਾਇਰ ਫਟ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾਅ ਕੇ ਖਤਾਨਾਂ 'ਚ ਜਾ ਡਿੱਗੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਪੁੱਤਰ ਤੇਲੂ ਰਾਮ ਵਾਸੀ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਆਪਣੀ ਕਾਰ ਨੰ. ਪੀ ਬੀ-07-ਏ ਐੱਨ-7739 'ਤੇ ਲੁਧਿਆਣਾ
ਦੇ ਇਕ ਹਸਪਤਾਲ ਤੋਂ ਆਪਣੇ ਪਰਿਵਾਰ ਸਮੇਤ ਭੈਣ ਦਾ ਇਲਾਜ ਕਰਵਾ ਕੇ ਵਾਪਸ ਆ ਰਹੇ ਸਨ।
ਜਦੋਂ ਉਹ ਪਿੰਡ ਤਨੂੰਲੀ ਦੇ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਅਚਾਨਕ ਕਾਰ ਦੀ ਡਰਾਈਵਰ ਸਾਈਡ ਦਾ ਅਗਲਾ ਟਾਇਰ ਫਟ ਗਿਆ ਤੇ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਇਕ ਹੋਰ ਗੱਡੀ ਨਾਲ ਟਕਰਾਅ ਕੇ 3-4 ਪਲਟੀਆਂ ਖਾਣ ਤੋਂ ਬਾਅਦ ਖਤਾਨਾਂ 'ਚ ਜਾ ਡਿੱਗੀ। ਘਟਨਾ ਦੌਰਾਨ ਦੋਵੇਂ ਵਾਹਨ ਨੁਕਸਾਨੇ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫੋਰਲੇਨ ਸੜਕ ਦੇ ਦੁਕਾਨਦਾਰਾਂ ਨੇ ਦੁਕਾਨਾਂ ਦੀ ਮਿਣਤੀ 'ਚ ਲਾਏ ਘਪਲੇ ਦੇ ਦੋਸ਼
NEXT STORY