ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਅਧੀਨ ਕਮਰੇ ਦੀ ਚੱਲ ਰਹੀ ਉਸਾਰੀ ਦੌਰਾਨ ਪਾਏ ਜਾ ਰਹੇ ਲੈਂਟਰ ਹੇਠਾਂ ਆਉਣ ਦੌਰਾਨ 2 ਵਿਅਕਤੀਆਂ ਦੀ ਮੌਤ ਹੋਣ ਅਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅੰਦਰ ਇਕ ਕਮਰੇ ਦੀ ਉਸਾਰੀ ਦੌਰਾਨ ਮੰਗਲਵਾਰ ਦੁਪਹਿਰ ਨੂੰ ਲੈਂਟਰ ਪਾਇਆ ਜਾ ਰਿਹਾ ਸੀ, ਜਿਸ ’ਚ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : PM ਮੋਦੀ ਨਾਲ 24 ਮਾਰਚ ਨੂੰ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਅਹਿਮ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ
ਇਸ ਦੌਰਾਨ ਜਦੋਂ ਲੈਂਟਰ ਪਾਉਣ ਦਾ ਕੰਮ ਮਸ਼ੀਨ ਰਾਹੀਂ ਸ਼ੁਰੂ ਕੀਤਾ ਗਿਆ ਤਾਂ ਲੋਹੇ ਦੀਆਂ ਪਲੇਟਾਂ ਹੇਠਾਂ ਲਾਈਆਂ ਵੱਡੀਆਂ ਬੱਲੀਆਂ ਦੇ ਅਚਾਨਕ ਖਿਸਕ ਜਾਣ ਨਾਲ ਲੈਂਟਰ ਹੇਠਾਂ ਆ ਡਿੱਗਾ, ਜਿਸ ਹੇਠਾਂ 4 ਵਿਅਕਤੀ ਆ ਗਏ। ਸੰਗਤ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠਾਂ ਫਸੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਸਰਹਾਲੀ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਲੈਂਟਰ ਹੇਠਾਂ ਆਏ ਗੁਰਮੇਜ ਸਿੰਘ (60) ਪੁੱਤਰ ਚੰਨਣ ਸਿੰਘ ਅਤੇ ਸਾਹਿਬ ਸਿੰਘ (40) ਪੁੱਤਰ ਸੱਜਣ ਸਿੰਘ ਦੋਵੇਂ ਨਿਵਾਸੀ ਚੋਹਲਾ ਸਾਹਿਬ ਦੀ ਮੌਤ ਹੋ ਗਈ, ਜਦਕਿ ਕਰਨਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਚੋਹਲਾ ਸਾਹਿਬ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਨਤਾਰਨ ਵਿਖੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 16ਵੀਂ ਵਿਧਾਨ ਸਭਾ ਦੇ ਪਹਿਲੇ ਭਾਸ਼ਣ ’ਚ ਬੋਲੇ ਰਾਜਪਾਲ, ਪੰਜਾਬ ’ਚ ਹੁਣ ਲੋਕ ਹੀ ਅਸਲੀ ਰਾਜਾ ਹੋਣਗੇ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀਰਵਾਰ ਨੂੰ ਸੰਭਾਲਣਗੇ ਅਹੁਦਾ
NEXT STORY