ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਚੱਕ ਸ਼ਰੀਫ ਦੇ ਫੌਜੀ ਜਗਤਾਰ ਸਿੰਘ ਨੇ ਪੱਤਰਕਾਰਾਂ ਨੂੰ ਮਿਲ ਕੇ ਆਪਣੇ ਸਹੁਰਾ ਪਰਿਵਾਰ ਉੱਪਰ ਜਾਨੋਂ ਮਾਰਨ ਦੇ ਦੋਸ਼ ਲਾਏ ਹਨ।
ਸਥਾਨਕ ਮੁੱਢਲਾ ਸਿਹਤ ਕੇਂਦਰ ’ਚ ਜ਼ੇਰੇ ਇਲਾਜ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਇਕ ਮਹੀਨੇ ਦੀ ਛੁੱਟੀ ’ਤੇ ਆਇਆ ਹੋਇਆ ਹੈ ਅਤੇ ਬੀਤੇ ਕੁੱਝ ਦਿਨਾਂ ਤੋਂ ਆਪਣੇ ਘਰ ’ਚ ਉਸਾਰੀ ਦਾ ਕੰਮ ਕਰਵਾ ਰਿਹਾ ਹੈ। 2 ਦਿਨ ਪਹਿਲਾਂ ਉਸ ਦੀ ਪਤਨੀ ਕਿਸੇ ਘਰੇਲੂ ਗੱਲ ਤੋਂ ਝਗਡ਼ਾ ਕਰ ਕੇ ਆਪਣੇ ਮਾਪਿਆਂ ਦੇ ਪਿੰਡ ਮਾਡ਼ੀ ਟਾਂਡਾ ਚਲੀ ਗਈ ਅਤੇ ਇਸ ਦੇ ਨਾਲ ਹੀ ਉਸ ’ਤੇ ਥਾਣਾ ਕਾਹਨੂੰਵਾਨ ’ਚ ਕੁੱਟ-ਮਾਰ ਕਰਨ ਸਬੰਧੀ ਝੂਠੀ ਦਰਖਾਸਤ ਦੇ ਗਈ ਹੈ।
ਇਸ ਝਗਡ਼ੇ ਦੇ ਨਿਪਟਾਰੇ ਲਈ ਉਨ੍ਹਾਂ ਨੂੰ 21 ਜੁਲਾਈ ਦਾ ਸਮਾਂ ਥਾਣਾ ਮੁਖੀ ਵੱਲੋਂ ਦਿੱਤਾ ਹੋਇਆ ਸੀ ਪਰ ਅੱਜ ਬਿਨਾਂ ਕਿਸੇ ਨੂੰ ਦੱਸੇ ਉਸ ਦੀ ਪਤਨੀ ਰਵਿੰਦਰ ਕੌਰ ਸਹੁਰਾ ਪਰਮਜੀਤ ਸਿੰਘ ਅਤੇ ਸੱਸ ਲਖਵਿੰਦਰ ਕੌਰ ਕੁੱਝ ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਉਸ ਦੇ ਘਰ ਜਬਰੀ ਦਾਖਲ ਹੋਏ ਅਤੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਗਤਾਰ ਸਿੰਘ ਨੇ ਦੋਸ਼ ਲਾਇਆ ਕਿ ਅੱਜ ਹੋਏ ਝਗਡ਼ੇ ਦੌਰਾਨ ਉਸ ਦੇ ਸਹੁਰੇ ਨੇ ਲੋਹੇ ਦਾ ਰਾਡ ਲੈ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਕਈ ਵਾਰ ਕੀਤੇ ਪਰ ਗੁਆਂਢ ਦੇ ਕੁੱਝ ਲੋਕਾਂ ਨੇ ’ਚ ਪੈ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ।
ਇਸ ਦੌਰਾਨ ਉਸ ਦੀ ਪਤਨੀ ਨੇ ਘਰ ਅੰਦਰ ਦਾਖਲ ਹੋ ਕੇ ਅਲਮਾਰੀ ’ਚ ਪਈ 70 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਅਤੇ ਉਸ ਦਾ ਕੀਮਤੀ ਮੋਬਾਇਲ ਫੋਨ ਕੱਢ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਈ। ਇਸ ਲਡ਼ਾਈ-ਝਗਡ਼ੇ ’ਚ ਜਗਤਾਰ ਸਿੰਘ ਦੀ ਬਜ਼ੁਰਗ ਮਾਂ ਇੰਦਰਜੀਤ ਕੌਰ ਦੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਉਹ ਵੀ ਸਥਾਨਕ ਮੁੱਢਲਾ ਸਿਹਤ ਕੇਂਦਰ ’ਚ ਜ਼ੇਰੇ ਇਲਾਜ ਹੈ।
ਇਸ ਸਬੰਧੀ ਜਦੋਂ ਜਗਤਾਰ ਸਿੰਘ ਦੀ ਪਤਨੀ ਰਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਪਤੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੇ ਪਤੀ ਨੇ ਬੀਤੇ ਦਿਨ ਉਸ ਨਾਲ ਕੁੱਟ-ਮਾਰ ਕੀਤੀ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਮਾਪਿਆਂ ਦੇ ਪਿੰਡ ਚਲੀ ਗਈ ਸੀ। ਅੱਜ ਉਹ ਆਪਣੇ ਘਰੋਂ ਗਹਿਣੇ ਅਤੇ ਹੋਰ ਜ਼ਰੂਰੀ ਸਾਮਾਨ ਲੈਣ ਆਈ ਸੀ ਪਰ ਉਸ ਦੇ ਪਤੀ ਨੇ ਫਿਰ ਤੋਂ ਉਸ ਨਾਲ ਲਡ਼ਾਈ-ਝਗਡ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਪਿਤਾ ਨੇ ਜਗਤਾਰ ਸਿੰਘ ਨੂੰ ਝਗਡ਼ਾ ਕਰਨ ਤੋਂ ਸਖਤੀ ਨਾਲ ਰੋਕਿਆ। ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਚੱਕ ਸ਼ਰੀਫ ਤੋਂ ਜਗਤਾਰ ਸਿੰਘ ਅਤੇ ਉਸ ਦੀ ਪਤਨੀ ’ਚ ਜੋ ਵਿਵਾਦ ਚੱਲ ਰਿਹਾ ਹੈ, ਉਸ ਸਬੰਧੀ ਉਨ੍ਹਾਂ ਨੂੰ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ ਉਹ ਜਲਦ ਹੀ ਕਿਸੇ ਮੁਲਾਜ਼ਮ ਦੀ ਡਿਊਟੀ ਲਾ ਕੇ ਝਗਡ਼ੇ ਨਿਬੇਡ਼ਨ ਦੀ ਕੋਸ਼ਿਸ਼ ਕਰਨਗੇ।
ਨੱਕੀਆਂ ਪਾਵਰ ਹਾਊਸ ਦੇ ਗੇਟਾਂ ਤੋਂ ਵਿਅਕਤੀ ਦੀ ਲਾਸ਼ ਮਿਲੀ
NEXT STORY