ਬਠਿੰਡਾ, (ਵਰਮਾ)- ਡਾਲਰਾਂ ਦੀ ਚਮਕ ਦਿਖਾ ਕੇ ਭੋਲੇ-ਭਾਲੇ ਲੋਕਾਂ ਨੂੰ ਕਬੂਤਰਬਾਜ਼ੀ ਜ਼ਰੀਏ ਵਿਦੇਸ਼ ਭੇਜਣ ਵਾਲੇ ਕਈ ਗਿਰੋਹ ਸਰਗਰਮ ਹਨ। ਅਜਿਹਾ ਹੀ ਇਕ ਮਾਮਲਾ 'ਚ ਬਠਿੰਡਾ ਵਿਚ ਰਹਿਣ ਵਾਲੀਆਂ ਦੋ ਭੈਣਾਂ ਨਾਲ ਵਾਪਰਿਆ ਜੋ ਟੂਰਿਸਟ ਵੀਜ਼ੇ 'ਤੇ ਦੁਬਈ ਪਹੁੰਚੀਆਂ ਸਨ ਪਰ ਉਥੇ ਹੋਟਲ ਮਾਲਕਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ।
ਜਾਣਕਾਰੀ ਅਨੁਸਾਰ ਪਰਸਰਾਮ ਨਗਰ ਵਾਸੀ ਦੋ ਭੈਣਾਂ ਨੂੰ ਇਕ ਗਿਰੋਹ ਨੇ ਟੂਰਿਸਟ ਵੀਜ਼ੇ 'ਤੇ ਦੁਬਈ ਭੇਜਿਆ। ਉਥੇ ਉਨ੍ਹਾਂ ਨੇ ਇਕ ਹੋਟਲ ਦਾ ਪਤਾ ਵੀ ਦਿੱਤਾ, ਜਿਥੇ ਉਨ੍ਹਾਂ ਨੇ ਰੁਕਣਾ ਸੀ ਪਰ ਹੋਟਲ ਮਾਲਕ ਨੇ ਦੋਵਾਂ ਨੂੰ ਬੰਧਕ ਬਣਾ ਕੇ ਵੱਖ-ਵੱਖ ਕਮਰੇ 'ਚ ਰੱਖਿਆ ਤੇ ਉਨ੍ਹਾਂ ਦੇ ਪਾਸਪੋਰਟ ਸਮੇਤ ਹੋਰ ਕਾਗਜ਼ਾਤ ਜ਼ਬਤ ਕਰ ਲਏ।
ਇਸ ਸਬੰਧੀ ਥਾਣਾ ਕੈਨਾਲ 'ਚ ਜਸਵੰਤ ਸਿੰਘ ਪੁੱਤਰ ਜਗਰੂਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਪਤਨੀ ਤੇ ਸਾਲੀ 7 ਜੂਨ ਨੂੰ ਦੁਬਈ ਟੂਰਿਸਟ ਵੀਜ਼ੇ 'ਤੇ ਪਹੁੰਚੀਆਂ। ਉਥੇ ਜਿਸ ਹੋਟਲ 'ਚ ਉਨ੍ਹਾਂ ਰੁਕਣਾ ਸੀ ਉਕਤ ਹੋਟਲ ਮਾਲਕ ਨੇ ਉਨ੍ਹਾਂ ਨੂੰ ਕਲੱਬ 'ਚ ਨੱਚਣ ਲਈ ਮਜਬੂਰ ਕੀਤਾ। ਉਸਦੀ ਪਤਨੀ ਨੇ ਮੈਸੇਜ ਭੇਜ ਕੇ ਇਸਦੀ ਜਾਣਕਾਰੀ ਦਿੱਤੀ। ਥਾਣਾ ਕੈਨਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਜਿਨ੍ਹਾਂ 'ਚੋਂ ਸੁਖਦੇਵ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਰਸਰਾਮ ਨਗਰ ਤੇ ਜੋਬਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਸ ਗਿਰੋਹ ਦਾ ਤੀਜਾ ਮੈਂਬਰ ਸਲਮਾਨ ਖਾਂ ਪੁੱਤਰ ਤਾਰੀਫ ਵਾਸੀ ਗੁੜਗਾਓਂ ਫਰਾਰ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਪੀੜਤ ਪਤੀ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਉਸਦੀ ਪਤਨੀ ਤੇ ਸਾਲੀ ਨੂੰ ਬਚਾਇਆ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਲਿਆ ਫਾਹ
NEXT STORY