ਸ਼ਾਹਕੋਟ/ਦੁਬਈ— ਇਕ ਪਿਤਾ ਲਈ ਉਸ ਦੀ ਧੀ ਦਾ ਵਿਆਹ ਬਹੁਤ ਖਾਸ ਹੁੰਦਾ ਹੈ ਪਰ ਗੁਰਦਿਆਲ ਸਿੰਘ ਨਾਂ ਦਾ ਪਿਤਾ ਦੁਬਈ 'ਚ ਫਸਿਆ ਹੋਇਆ ਹੈ ਅਤੇ 20 ਦਿਨਾਂ ਬਾਅਦ ਸ਼ਾਹਕੋਟ 'ਚ ਉਸ ਦੀ ਧੀ ਦਾ ਵਿਆਹ ਹੈ। ਮੁਹੱਲਾ ਬਾਗਵਾਲਾ 'ਚ ਰਹਿ ਰਹੀ ਉਸ ਦੀ ਪਤਨੀ ਕਮਲ ਕਮਲੇਸ਼ ਨੇ ਸਰਕਾਰ ਅੱਗੇ ਫਰਿਆਦ ਕੀਤੀ ਹੈ ਕਿ ਸਮੁੰਦਰੀ ਜਹਾਜ਼ 'ਚ ਕੈਦ ਉਸ ਦੇ ਪਤੀ ਨੂੰ ਛੁਡਾਇਆ ਜਾਵੇ। ਔਰਤ ਦਾ ਕਹਿਣਾ ਹੈ ਕਿ 20 ਦਿਨਾਂ ਬਾਅਦ ਉਸ ਦੀ ਧੀ ਦਾ ਵਿਆਹ ਹੈ ਜੇਕਰ ਉਸ ਦਾ ਪਤੀ ਉੱਥੋਂ ਨਾ ਛੁੱਟ ਕੇ ਆਇਆ ਤਾਂ ਵਿਆਹ ਦੀਆਂ ਰਸਮਾਂ ਪ੍ਰਭਾਵਿਤ ਹੋਣਗੀਆਂ। ਪਤੀ ਗੁਰਦਿਆਲ ਸਿੰਘ ਮਹਾਰਸ਼ਾਟਰ ਦੇ ਅਕੂਲਾ 'ਚ 'ਇਲੈਕਟ੍ਰੋਨਿਕ ਸ਼ਿਪਿੰਗ' ਨਿੱਜੀ ਕੰਪਨੀ ਦੇ ਜਹਾਜ਼ ਐੱਮ.ਟੀ.ਦਿਸਟੀਆ 'ਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਦਾ ਹੈ।

ਜਹਾਜ਼ ਦੇ ਮਾਲਕ ਆਰੀਆ ਨਾਂ ਦਾ ਵਿਅਕਤੀ ਹੈ। ਕਿਸੇ ਅਦਾਇਗੀ ਦੇ ਝਗੜੇ 'ਚ ਪਿਛਲੀ 19 ਜੁਲਾਈ ਨੂੰ ਦੁਬਈ 'ਚ ਜਹਾਜ਼ ਫੜ ਲਿਆ ਗਿਆ। ਇਸ ਦੇ ਨਾਲ ਹੀ ਜਹਾਜ਼ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਉੱਥੇ ਨਾ ਤਾਂ ਪੀਣ ਲਈ ਸਾਫ ਪਾਣੀ ਮਿਲਦਾ ਹੈ ਅਤੇ ਨਾ ਹੀ ਪੇਟ ਭਰਨ ਯੋਗ ਖਾਣਾ। ਜਹਾਜ਼ 'ਚ ਬਚਿਆ ਹੋਇਆ ਖਾਣਾ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਗੁਰਦਿਆਲ ਦੇ ਭਰਾ ਦੀ ਮੌਤ ਹੋ ਗਈ ਪਰ ਉਹ ਇਸ ਦੁੱਖ ਦੀ ਘੜੀ 'ਚ ਪਰਿਵਾਰ ਕੋਲ ਨਾ ਪੁੱਜ ਸਕਿਆ। ਪਰਿਵਾਰ ਨੇ ਕੰਪਨੀ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਉਸ ਦੇ ਭਰਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਦਿੱਤਾ ਜਾਵੇ ਪਰ ਉਸ ਨੂੰ ਇਜਾਜ਼ਤ ਨਾ ਮਿਲੀ।
ਹੁਣ 6 ਅਕਤੂਬਰ ਨੂੰ ਉਸ ਦੀ ਧੀ ਦਾ ਵਿਆਹ ਹੈ ਤੇ ਪਰਿਵਾਰ ਵਾਰ-ਵਾਰ ਕੰਪਨੀ ਨੂੰ ਸੰਪਰਕ ਕਰ ਰਹੇ ਹਨ ਪਰ ਕੰਪਨੀ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤਕ ਉਹ ਕਿਤੇ ਨਹੀਂ ਜਾ ਸਕਦਾ। ਇਸ ਮਾਮਲੇ ਨੂੰ ਦੋ ਮਹੀਨੇ ਹੋ ਚੁੱਕੇ ਹਨ ਪਰ ਅਜੇ ਤਕ ਜਾਂਚ ਚੱਲ ਰਹੀ ਹੈ। ਮਾਮਲੇ ਸੰਬੰਧੀ ਸ਼ਾਹਕੋਟ ਦੇ ਅਜੀਤ ਸਿੰਘ ਕੋਹਾੜ ਦੀ ਪਤਨੀ ਦੇ ਭੋਗ 'ਚ ਪੁੱਜੇ ਸੰਸਦ ਮੈਂਬਰ ਵਿਜੈ ਸਾਂਪਲਾ ਨਾਲ ਵੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਸੰਬੰਧਤ ਵਿਭਾਗ ਵਾਲ ਗੱਲ ਕਰਨਗੇ ਪਰ ਅਜੇ ਤਕ ਕੋਈ ਖਬਰ ਨਹੀਂ ਮਿਲੀ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਉਹ ਮਦਦ ਕਰਨ ਤੇ ਪਿਤਾ ਆਪਣੀ ਧੀ ਦਾ ਕੰਨਿਆਦਾਨ ਕਰ ਸਕੇ।
ਚੰਡੀਗੜ੍ਹ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਜੰਗਲ 'ਚੋਂ ਖੂਨ ਨਾਲ ਲਥਪਥ ਮਿਲੀ ਲਾਸ਼ (ਤਸਵੀਰਾਂ)
NEXT STORY