ਜਲੰਧਰ (ਗੁਰਮਿੰਦਰ ਸਿੰਘ) : ਸਾਲ 2020 ਕਈ ਵੱਡੀਆਂ ਸਿਆਸੀ ਘਟਨਾਵਾਂ ਦਾ ਗਵਾਹ ਰਿਹਾ ਹੈ। ਅਕਾਲੀ ਦਲ ਬਾਦਲ ਨੂੰ ਜਿੱਥੇ ਇਸ ਸਾਲ ਵੀ ਵੱਡੀਆਂ ਚੁਣੌਤੀਆਂ ਅਤੇ ਆਪਣਿਆਂ ਦੀ ਬਗਾਵਤ ਦਾ ਸਾਹਮਣਾ ਕਰਨਾ ਪਿਆ, ਉਥੇ ਭਾਜਪਾ ਦੇ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਵੱਡੇ ਅੰਦੋਲਨ ਦੇ ਰਾਹੇ ਪਾਇਆ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਨਾ ਸਿਰਫ ਹਰਸਿਮਰਤ ਨੂੰ ਕੇਂਦਰ ਦੀ ਵਜ਼ੀਰੀ ’ਚੋਂ ਬਾਹਰ ਆਉਣਾ ਪਿਆ ਸਗੋਂ ਦਹਾਕਿਆਂ ਪੁਰਾਣਾ ਨਹੁੰ-ਮਾਸ ਦਾ ਰਿਸ਼ਤਾ ਵੀ ਟੁੱਟ ਗਿਆ। ਪਹਿਲਾਂ ਵਾਂਗ ਇਸ ਵਰ੍ਹੇ ਵੀ ਕਾਂਗਰਸ ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਇਆ, ਇਥੋਂ ਤਕ ਕੈਪਟਨ ਦੇ ਮੰਤਰੀਆਂ ਦੀ ਲੜਾਈ ਮੀਡੀਆ ਦੀਆਂ ਸੁਰਖੀਆਂ ਬਣੀ ਰਹੀ।
ਪਰਮਿੰਦਰ ਢੀਂਡਸਾ ਦਾ ਅਕਾਲੀ ਦਲ ’ਚੋਂ ਅਸਤੀਫ਼ਾ
ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਬਾਅਦ ਵਿਚ ਪੁੱਤਰ ਪਰਮਿੰਦਰ ਢੀਂਡਸਾ ਦਾ ਅਕਾਲੀ ਦਲ ’ਚੋਂ ਅਸਤੀਫ਼ੇ ਨੇ ਕਾਫੀ ਸੁਰਖੀਆਂ ਬਟੋਰੀਆਂ। ਪਿਤਾ ਸੁਖਦੇਵ ਢੀਂਡਸਾ ਦੇ ਕਦਮਾ ’ਤੇ ਚੱਲਦਿਆਂ ਪਰਮਿੰਦਰ ਨੇ ਸਿਰਫ ਅਕਾਲੀ ਦਲ ’ਚੋਂ ਅਸਤੀਫ਼ਾ ਹੀ ਨਹੀਂ ਦਿੱਤਾ, ਸਗੋਂ ਬਾਦਲ ਪਰਿਵਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਰੱਜ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਮੈਂ ਸਿਧਾਂਤਾਂ ਲਈ ਲੜੀ ਜਾ ਰਹੀ ਲੜਾਈ ’ਚ ਆਪਣੇ ਪਿਤਾ ਦੇ ਨਾਲ ਹਾਂ। ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਅਸੀਂ ਜੋ ਵੀ ਕਰ ਰਹੇ ਹਾਂ ਪਾਰਟੀ ਦੀ ਮਜ਼ਬੂਤੀ ਲਈ ਕਰ ਰਹੇ ਹਾਂ। ਉਂਝ ਬਾਅਦ ਵਿਚ ਢੀਂਡਸਾ ਧੜੇ ਨੇ ਵੱਖਰੀ ਅਕਾਲੀ ਦਲ ਡੈਮੋਕ੍ਰੇਟਿਕ ਨਾਂ ਦੀ ਪਾਰਟੀ ਵੀ ਬਣਾ ਲਈ, ਜੋ ਹੁਣ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਅਕਾਲੀ ਨੇਤਾ ਦੇ ਕੋਠੀ ’ਚ ਫੜੀ ਗਈ ਹੈਰੋਇਨ ਦੀ ਲੈਬਾਰਟਰੀ
ਅੰਮਿ੍ਰਤਸਰ ਦੇ ਸੁਲਤਾਨਵਿੰਡ ਸਥਿਤ ਅਕਾਸ਼ ਐਵੀਨਿਊ ’ਚ ਇਕ ਕੋਠੀ ’ਚ ਹੈਰੋਇਨ ਦੀ ਲੈਬਾਰਟਰੀ ਫੜੇ ਗਈ। ਇਸ ਹੈਰੋਇਨ ਕਾਂਡ ਨੇ ਉਦੋਂ ਹੋਰ ਵੀ ਜ਼ੋਰ ਫੜ ਲਿਆ ਜਦੋਂ ਬਾਅਦ ਵਿਚ ਪਤਾ ਲੱਗਾ ਕਿ ਇਹ ਕੋਠੀ ਅਕਾਲੀ ਦਲ ਦੇ ਨੇਤਾ ਅਨਵਰ ਮਸੀਹ ਦੀ ਹੈ। ਇਸ ਦੌਰਾਨ ਜਿੱਥੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ ਸੀ, ਉਥੇ ਹੀ ਇਕ ਅਫਗਾਨੀ ਨਾਗਰਿਕ ਸਣੇ 4 ਖ਼ਤਰਨਾਕ ਸਮੱਗਲਰਾਂ ਨੂੰ ਦਬੋਚਿਆ ਗਿਆ। ਵਿਰੋਧੀਆਂ ਨੇ ਅਕਾਲੀ ਦਲ ਖ਼ਿਲਾਫ਼ ਇਸ ਮਾਮਲੇ ਨੂੰ ਖੂਬ ਕੈਚ ਕੀਤਾ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਬਾਦਲਾਂ ਅਤੇ ਬਿਕਰਮ ਮਜੀਠੀਆ ਨਾਲ ਅਨਵਰ ਮਸੀਹ ਦੀਆਂ ਤਸਵੀਰਾਂ ਵੀ ਜਨਤਕ ਕਰ ਦਿੱਤੀਆਂ।
ਇਹ ਵੀ ਪੜ੍ਹੋ : ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ
ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵਿਵਾਦ
ਬਾਦਲ ਸਰਕਾਰ ਦੇ ਸਮੇਂ ਡੀ. ਜੀ. ਪੀ. ਦੇ ਅਹੁਦੇ ’ਤੇ ਰਹਿਣ ਵਾਲੇ ਸੁਮੇਧ ਸਿੰਘ ਸੈਣੀ ਲਈ 2020 ਖਾਸਾ ਚੰਗਾ ਨਹੀਂ ਰਿਹਾ। ਲਗਭਗ ਤਿੰਨ ਦਹਾਕੇ ਪਹਿਲਾਂ ਸੁਰਖੀਆਂ ’ਚ ਰਿਹਾ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲਾ 2020 ਦੌਰਾਨ ਵੀ ਪੰਜਾਬ ਦੀ ਸਿਆਸਤ ’ਚ ਸਰਗਰਮ ਰਿਹਾ। ਸੈਣੀ ਨੂੰ ਉਸ ਵੇਲੇ ਹੋਰ ਵੀ ਵੱਡਾ ਝਟਕਾ ਲੱਗਾ ਸੀ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜਿਸ ਤੋਂ ਬਾਅਦ ਸੈਣੀ ਅੰਡਰਗਰਾਊਡ ਹੋ ਗਏ ਸਨ, ਬਾਅਦ ਵਿਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਅਤੇ ਉਨ੍ਹਾਂ ਦੀ ਗਿ੍ਰਫ਼ਤਾਰੀ ’ਤੇ ਰੋਕ ਲੱਗ ਗਈ। ਮੁਲਤਾਨੀ ਕੇਸ ਵਿਚ ਅਜੇ ਵੀ ਐੱਸ. ਆਈ. ਟੀ. ਵਲੋਂ ਜਾਂਚ ਲਗਾਤਾਰ ਜਾਰੀ ਹੈ।
ਸੁਰਖੀਆਂ ’ਚ ਰਿਹਾ ਤਿ੍ਰਪਤ ਬਾਜਵਾ ਤੇ ਚਰਨਜੀਤ ਚੰਨੀ ਦਾ ਵਿਵਾਦ
ਪੰਜਾਬ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਦੇ ਵਿਵਾਦ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਦਰਅਸਲ ਸ਼ਰਾਬ ਦੇ ਸਰਕਾਰੀ ਮਾਲੀਏ ’ਚ ਘਾਟੇ ’ਤੇ ਉੱਠੇ ਸਿਆਸੀ ਵਿਵਾਦ ’ਚ ਮੰਤਰੀ ਹੀ ਉਲਝ ਗਏ। ਇਹ ਵਿਵਾਦ ਇੰਨਾ ਵੱਧ ਗਿਆ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਚੰਨੀ ਨੇ ਇਹ ਵੀ ਆਖ ਦਿੱਤਾ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਜਦਕਿ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਚੰਨੀ ਦੇ ਦੋਸ਼ ਸਿਰੇ ਤੋਂ ਖਾਰਿਜ ਕਰ ਦਿੱਤੇ। ਇਹ ਵਿਵਾਦ ਰੁਕਿਆ ਨਹੀਂ ਸਗੋਂ ਬਾਜਵਾ ਨੇ ਚੰਨੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਵਿਵਾਦ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਨ੍ਹਾਂ ਚੰਨੀ ’ਤੇ ਦਲਿਤ ਕਾਰਡ ਖੇਡਣ ਦੇ ਦੋਸ਼ ਮੜ੍ਹ ਦਿੱਤੇ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ
ਕਰਨ ਅਵਤਾਰ ਸਿੰਘ ਵਿਵਾਦ
ਸਾਬਕਾ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮੰਤਰੀਆਂ ਨਾਲ ਵਿਵਾਦ ਵੀ ਕਾਫੀ ਸੁਰਖੀਆਂ ’ਚ ਰਿਹਾ। ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਮੰਤਰੀ ਮੰਡਲ ਦੀ ਆਬਕਾਰੀ ਨੀਤੀ ਬਾਰੇ ਸੱਦੀ ਪ੍ਰੀ-ਕੈਬਨਿਟ ਦੀ ਬੈਠਕ ਦੌਰਾਨ ਕਰਨ ਅਵਤਾਰ ਸਿੰਘ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬੋਲ-ਬੁਲਾਰਾ ਹੋ ਗਿਆ। ਇਹ ਮਸਲਾ ਇਥੋਂ ਤੱਕ ਵੱਧ ਗਿਆ ਸੀ ਕਿ ਮਨਪ੍ਰੀਤ ਬਾਦਲ ਅਤੇ ਚਰਨਜੀਤ ਚੰਨੀ ਨੇ ਆਖ ਦਿੱਤਾ ਕਿ ਜਿਸ ਮੀਟਿੰਗ ਵਿਚ ਕਰਨ ਅਵਤਾਰ ਸਿੰਘ ਮੌਜੂਦ ਰਹਿਣਗੇ, ਉਹ ਉਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਬਾਅਦ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ। ਇਥੋਂ ਤਕ ਕਿ ਵਿਧਾਇਕ ਰਾਜਾ ਵੜਿੰਗ ਨੇ ਤਾਂ ਕਰਨ ਅਵਤਾਰ ਸਿੰਘ ’ਤੇ ਸੋਸ਼ਲ ਮੀਡੀਆ ’ਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ ਸੀ। ਬਾਅਦ ਵਿਚ ਪੰਜਾਬ ਸਰਕਾਰ ਨੇ ਕਰਨ ਅਵਤਾਰ ਸਿੰਘ ਦੀ ਮੁੱਖ ਸਕੱਤਰ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਅਤੇ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ।
ਵਜ਼ੀਫਾ ਘਪਲਾ ਮਾਮਲਾ
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਲੱਗੇ ਐੱਸ. ਸੀ. ਵਿਦਿਆਰਥੀਆਂ ਦੇ 39 ਕਰੋੜ ਰੁਪਏ ਦੇ ਵਜ਼ੀਫਾ ਘਪਲੇ ਦਾ ਮੁੱਦਾ ਵੀ ਸਰਗਰਮ ਰਿਹਾ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਅਤੇ ਸਾਧੂ ਸਿੰਘ ਧਰਮਸੋਤ ਦੀ ਬਰਖਾਸਤਗੀ ਲਈ ਧਰਨੇ ਪ੍ਰਦਰਸ਼ਨ ਤਕ ਕੀਤੇ ਗਏ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ। ਹਾਲਾਂਕਿ ਬਾਅਦ ਵਿਚ ਪੰਜਾਬ ਸਰਕਾਰ ਵਲੋਂ ਇਸ ਘਪਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਸ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ। ਪੰਜਾਬ ਦੀ ਚੀਫ਼ ਸੈਕਰੇਟਰੀ ਵਿਨੀ ਮਹਾਜਨ ਵੱਲੋਂ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਜਾਂਚ ਵਿਚ ਐੱਸ. ਸੀ ਵਿਦਿਆਰਥੀਆਂ ਦੇ ਪੋਸਟ-ਮੈਟਰਿਕ ਵਜ਼ੀਫਿਆਂ ਦੀ ਰਕਮ ਵਿਚੋਂ 39 ਕਰੋੜ ਰੁਪਏ ਬੋਗਸ ਖਾਤਿਆਂ ਵਿਚ ਭੇਜੇ ਜਾਣ ਦੇ ਮਾਮਲੇ ਵਿਚ ਮੰਤਰੀ ਦੇ ਕਥਿਤ ਦਖ਼ਲ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵਧੀਆਂ ਭਾਜਪਾ ਦੀਆਂ ਮੁਸ਼ਕਲਾਂ, ਲੱਗੀ ਅਸਤੀਫ਼ਿਆਂ ਦੀ ਝੜੀ
ਜ਼ਹਿਰੀਲੀ ਸ਼ਰਾਬ ਕਾਂਡ ’ਚ ਘਿਰੀ ਕੈਪਟਨ ਸਰਕਾਰ
ਪੰਜਾਬ ਵਿਚ ਮੁੱਢ ਤੋਂ ਚੱਲਦਾ ਆ ਰਿਹਾ ਨਸ਼ੇ ਦਾ ਮੁੱਦਾ ਇਕ ਵਾਰ ਫਿਰ ਉਦੋਂ ਭੱਖ ਗਿਆ ਜਦੋਂ ਮਾਝੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਵਿਚ ਸ਼ਰਾਬ ਪੀਣ ਕਾਰਨ ਇਕੱਠਿਆਂ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ। ਇਹ ਮੌਤਾਂ ਵੀ ਉਦੋਂ ਹੋਈਆਂ ਜਦੋਂ ਸੂਬੇ ਵਿਚ ਕੋਰੋਨਾ ਕਾਰਨ ਤਾਲਾਬੰਦੀ ਲੱਗੀ ਹੋਈ ਸੀ ਅਤੇ ਇਸ ਤਾਲਾਬੰਦੀ ਦੌਰਾਨ ਹੀ ਤਰਨਤਾਰਨ, ਅੰਮਿ੍ਰਤਸਰ ਅਤੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰਿਆ। ਜ਼ਹਿਰੀਲੀ ਸ਼ਰਾਬ ਕਾਰਨ ਅੱਧਾ ਦਰਜਨ ਤੋਂ ਵੱਧ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਇਸ ਮਾਮਲੇ ’ਚ ਚੁਫੇਰਿਓਂ ਘਿਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਕਾਲ ’ਚ ਹੀ ਤਰਨਤਾਰਨ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਮੁਆਵਜ਼ੇ ਦਾ ਐਲਾਨ ਕੀਤਾ। ਇਸ ਕਾਂਡ ’ਚ ਕੈਪਟਨ ਨੂੰ ਸਿਰਫ ਵਿਰੋਧੀਆਂ ਦੇ ਦੋਸ਼ਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਵਿਰੋਧ ਨੇ ਵੀ ਸਰਕਾਰ ਨੂੰ ਵਖ਼ਤ ਪਾਈ ਰੱਖਿਆ। ਇਸ ਮਾਮਲੇ ਵਿਚ ਪੁਲਸ ਵਲੋਂ ਹੁਣ ਤਕ ਦਰਜਨਾਂ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਅਜੇ ਵੀ ਚੱਲ ਰਹੀ ਹੈ।
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਨਾ ਸਿਰਫ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਕਿਸਾਨਾਂ ਨੇ ਨਾ ਸਿਰਫ ਟੋਲ ਪਲਾਜ਼ਾ ਅਤੇ ਹਾਈਵੇਅ ਹੀ ਜਾਮ ਕੀਤੇ ਸਗੋਂ ਭਾਜਪਾ ਆਗੂਆਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ’ਚ ਹੁਣ ਤਕ 35 ਤੋਂ ਵੱਧ ਕਿਸਾਨਾਂ ਅਤੇ ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਇੰਨ੍ਹਾਂ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਵਿਚ ਮਤਾ ਵੀ ਪਾਸ ਕਰ ਚੁੱਕੀ ਹੈ। ਕਿਸਾਨਾਂ ਦਾ ਆਖਣਾ ਹੈ ਕਿ ਜਦੋਂ ਤਕ ਸਰਕਾਰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਉਦੋਂ ਤਕ ਇਹ ਅੰਦੋਲਨ ਜਾਰੀ ਰਹੇਗਾ, ਜਦਕਿ ਕੇਂਦਰ ਸਰਕਾਰ ਇਨ੍ਹਾਂ ਨੂੰ ਕਿਸਾਨਾਂ ਦੇ ਹਿੱਤ ’ਚ ਦੱਸਦੀ ਹੋਈ ਵਾਰ-ਵਾਰ ਆਖ ਰਹੀ ਹੈ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਇਹ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦਾ ਮੋਦੀ ਸਰਕਾਰ ਨੂੰ ਵੱਡਾ ਝਟਕਾ, ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਨਾ ਦੇਣ ਦਾ ਐਲਾਨ
ਹਰਸਿਮਰਤ ਦਾ ਕੇਂਦਰੀ ਵਜ਼ੀਰੀ ’ਚੋਂ ਅਸਤੀਫਾ, ਗਠਜੋੜ ਟੁੱਟਣਾ
ਕੇਂਦਰ ਦੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਰਮਿਆਨ ਅਕਾਲੀ ਦਲ ਨੂੰ ਆਪਣੀ ਸਾਖ ਬਚਾਉਣ ਲਈ ਨਾ ਸਿਰਫ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ’ਚੋਂ ਅਸਤੀਫ਼ਾ ਦਿਵਾਉਣਾ ਪਿਆ ਸਗੋਂ ਦਹਾਕਿਆਂ ਤੋਂ ਚੱਲਦੇ ਆ ਰਹੇ ਅਤੇ ਨਹੁੰ ਮਾਸ ਦਾ ਰਿਸ਼ਤਾ ਕਿਹੇ ਜਾਣ ਵਾਲੇ ਗਠਜੋੜ ਨੂੰ ਵੀ ਤੋੜਨਾ ਪਿਆ। ਉਂਝ ਗਠਜੋੜ ਤੋੜਨ ਤੋਂ ਬਾਅਦ ਵੀ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਿਹਾ। ਭਾਵੇਂ ਪਹਿਲਾਂ ਅਕਾਲੀ ਦਲ ਵਲੋਂ ਇਨ੍ਹਾਂ ਕਾਨੂੰਨਾਂ ਦੀ ਹਿਮਾਇਤ ਕੀਤੀ ਗਈ ਅਤੇ ਬਕਾਇਦਾ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਪਰ ਬਾਅਦ ਵਿਚ ਸੁਖਬੀਰ ਬਾਦਲ ਨੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਦੇ ਹੋਏ ਕਿਹਾ ਕਿ ਕੇਂਦਰ ਨੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਆਪਣੇ ਭਾਈਵਾਲਾਂ ਨੂੰ ਭਰੋਸੇ ਵਿਚ ਨਹੀਂ ਲਿਆ ਹੈ, ਲਿਹਾਜ਼ਾ ਹੁਣ ਅਕਾਲੀ ਦਲ ਐੱਨ. ਡੀ. ਏ. ਦਾ ਹਿੱਸਾ ਨਹੀਂ ਰਹਿ ਸਕਦਾ।
ਇਹ ਵੀ ਪੜ੍ਹੋ : ਬਠਿੰਡਾ ’ਚ ਵਾਜਪਾਈ ਦਾ ਜਨਮ ਦਿਨ ਮਨਾ ਰਹੀ ਭਾਜਪਾ ਦੀ ਕਿਸਾਨਾਂ ਨਾਲ ਖੜਕੀ, ਹੋਈ ਤੋੜ-ਭੰਨ
ਅਮਰਿੰਦਰ ਗਿੱਲ ਨੇ ਦਿੱਤਾ ‘ਧੱਕ ਪਾਊ ਰੈਲੀ’ ਦਾ ਸੱਦਾ, ਸਾਂਝੀ ਕੀਤੀ ਪੋਸਟ
NEXT STORY