ਚੰਡੀਗੜ੍ਹ : ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਪ੍ਰਾਜੈਕਟ ਚੋਣ ਲੜ ਰਹੀ ਹੈ। ਇਸ ਚੋਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਭਾਜਪਾ ਦਾ ਚਿਹਰਾ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਹੀ ਭਾਜਪਾ ਪੰਜਾਬ ਵਿਚ ਲੋਕਾਂ ਵਿਚਕਾਰ ਜਾਵੇਗੀ। ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਕੇਂਦਰ ਦੀਆਂ ਯੋਜਨਾਵਾਂ ਤਹਿਤ ਪੰਜਾਬ ਵਿਚ ਕਾਫ਼ੀ ਵਿਕਾਸ ਹੋਇਆ ਹੈ ਅਤੇ ਬੁਨਿਆਦੀ ਢਾਂਚੇ ਦੀ ਤਰੱਕੀ ਵਿਚ ਕੇਂਦਰ ਦਾ ਵੀ ਯੋਗਦਾਨ ਰਿਹਾ ਹੈ। ਪੰਜਾਬ ਵਿਚ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕੇਂਦਰ ਦੀਆਂ ਯੋਜਨਾਵਾਂ ਨੂੰ ਵੱਡੇ ਪੈਮਾਨੇ ’ਤੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ ਅਤੇ ਨਸ਼ਾ ਮੁਕਤੀ ਤੋਂ ਇਲਾਵਾ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ।
‘ਜਗ ਬਾਣੀ’ ਦੇ ਪੱਤਰਕਾਰ ਜਤਿਨ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ਼ੇਖਾਵਤ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੇ ਨਾਲ-ਨਾਲ ਚੋਣ ਨਤੀਜਿਆਂ ਤੋਂ ਬਾਅਦ ਬਣਨ ਵਾਲੀ ਪੰਜਾਬ ਦੀ ਸਿਆਸੀ ਸਥਿਤੀ ’ਚ ਭਾਜਪਾ ਦੀ ਭੂਮਿਕਾ ਤੋਂ ਇਲਾਵਾ ਚੋਣਾਂ ਦੌਰਾਨ ਭਾਜਪਾ ਦੀ ਰਣਨੀਤੀ ਦੇ ਨਾਲ-ਨਾਲ ਚੋਣ ਮੁੱਦਿਆਂ ਅਤੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਅਹੁਦੇ ਦੇ ਨੇਤਾਵਾਂ ਅਤੇ ਵਿਰੋਧੀ ਧਿਰ ਦੀ ਚੋਣ ਤਿਆਰੀ ਸਬੰਧੀ ਵੀ ਗੱਲ ਕੀਤੀ। ਪੇਸ਼ ਹੈ ਗਜੇਂਦਰ ਸ਼ੇਖਾਵਤ ਦੀ ਪੂਰਾ ਇੰਟਰਵਿਊ :
*ਵਿਧਾਨ ਸਭਾ ਚੋਣਾਂ ’ਤੇ ਭਾਜਪਾ ਦੀ ਕੀ ਤਿਆਰੀ ਹੈ?
ਜਿੱਥੋਂ ਤਕ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਦਾ ਵਿਸ਼ਾ ਹੈ, ਅਸੀਂ ਇਹ ਚੋਣ ਪੂਰੇ ਦਮ-ਖਮ ਨਾਲ ਲੜ ਰਹੇ ਹਾਂ। ਪੰਜਾਬ ਵਿਚ ਲੰਬੇ ਸਮੇਂ ਬਾਅਦ ਭਾਜਪਾ ਆਪਣੇ ਦਮ ’ਤੇ ਚੋਣਾਂ ਵਿਚ ਉਤਰੀ ਹੈ ਅਤੇ ਭਾਜਪਾ ਦੇ ਵਰਕਰ ਇਸ ਚੋਣ ਵਿਚ ਪੂਰੀ ਮਿਹਨਤ ਕਰ ਰਹੇ ਹਨ।
* ਪੰਜਾਬ ਵਿਚ ਭਾਜਪਾ ਕਿੰਨੀਆਂ ਸੀਟਾਂ ਦੀ ਉਮੀਦ ਕਰ ਰਹੀ ਹੈ?
ਇਹ ਸਮਾਂ ਸੀਟਾਂ ਦੀ ਗਿਣਤੀ ਨੂੰ ਲੈ ਕੇ ਭਵਿੱਖਬਾਣੀ ਕਰਨ ਦਾ ਨਹੀਂ ਹੈ। ਪੰਜਾਬ ਵਿਚ ਹਰ ਸੀਟ ’ਤੇ ਔਸਤਨ 2 ਲੱਖ ਵੋਟਰ ਹਨ ਅਤੇ ਹਰ ਸੀਟ ’ਤੇ ਮਲਟੀ ਕਾਰਨਰ ਕਾਂਟੈਸਟ ਹੋ ਰਿਹਾ ਹੈ। ਭਾਜਪਾ ਤੋਂ ਇਲਾਵਾ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਿਸਾਨਾਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਅਜਿਹੀ ਹਾਲਤ ’ਚ ਜੇ ਕੋਈ ਸੀਟਾਂ ਦੀ ਗਿਣਤੀ ’ਤੇ ਅਨੁਮਾਨ ਲਾਉਂਦਾ ਹੈ ਤਾਂ ਉਹ ਅਨੁਮਾਨ ਝੂਠਾ ਹੀ ਨਿਕਲੇਗਾ।
ਪਿਛਲੀ ਵਾਰ ਪੰਜਾਬ ਵਿਚ ਤਿਕੋਣਾ ਮੁਕਾਬਲਾ ਸੀ ਅਤੇ ਸਾਰੇ ਸਰਵੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਸਨ। ਕੁਝ ਸਰਵੇਜ਼ ਵਿਚ ਤਾਂ ਆਮ ਆਦਮੀ ਪਾਰਟੀ ਨੂੰ 100 ਤੋਂ ਵੱਧ ਸੀਟਾਂ ਦਿੱਤੀਆਂ ਗਈਆਂ ਸਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆਪਣਾ ਰੈੱਡ ਕਾਰਪੈਟ ਵੀ ਤਿਆਰ ਕਰਵਾ ਲਿਆ ਸੀ ਪਰ ਜਦੋਂ ਚੋਣਾਂ ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ 20 ਸੀਟਾਂ ’ਤੇ ਸਿਮਟ ਗਈ। ਹੁਣ ਵੀ ਸਥਿਤੀਆਂ ਉਸੇ ਤਰ੍ਹਾਂ ਦੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਣਕਿਆਸੇ ਹੋਣਗੇ ਅਤੇ ਇਹ ਚੋਣਾਂ ਪੰਜਾਬ ਲਈ ਗੇਮਚੇਂਜਰ ਸਾਬਤ ਹੋਣ ਵਾਲੀਆਂ ਹਨ। 2022 ਦੀਆਂ ਚੋਣਾਂ ਪੰਜਾਬ ਦੇ ਸਿਆਸੀ ਇਤਿਹਾਸ ਦੇ ਪੰਨਿਆਂ ਵਿਚ ਇਸ ਲਈ ਵੀ ਲਿਖੀਆਂ ਜਾਣਗੀਆਂ ਕਿਉਂਕਿ ਇਸ ਨਾਲ ਪੰਜਾਬ ਦੀ ਸਿਆਸਤ ਦਾ ਨੇਰੈਟਿਵ ਬਦਲੇਗਾ।
ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ ਲਈ ਸਾਬਕਾ ਬਾਦਲ ਸਰਕਾਰ ਜ਼ਿੰਮੇਵਾਰ : ਸੁਖਜਿੰਦਰ ਰੰਧਾਵਾ
*ਭਾਜਪਾ ਪੰਜਾਬ ’ਚ ਕਿੰਗ ਬਣਨ ਲਈ ਲੜ ਰਹੀ ਹੈ ਜਾਂ ਕਿੰਗਮੇਕਰ ਬਣਨ ਲਈ?
ਕੋਈ ਵੀ ਸਿਆਸੀ ਪਾਰਟੀ ਕੋਈ ਵੀ ਚੋਣ ਕਿੰਗ ਬਣਨ ਲਈ ਹੀ ਲੜਦੀ ਹੈ। ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਇਹ ਚੋਣ ਕਿੰਗ ਬਣਨ ਲਈ ਹੀ ਲੜ ਰਹੀਆਂ ਹਨ ਅਤੇ ਯਕੀਨੀ ਤੌਰ ’ਤੇ ਭਾਜਪਾ ਦਾ ਟੀਚਾ ਵੀ ਚੋਣਾਂ ਵਿਚ ਕਿੰਗ ਬਣਨ ਦਾ ਹੀ ਹੈ।
*ਭਾਜਪਾ ਲਈ ਵੱਡੀ ਚੁਣੌਤੀ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ?
ਇਹ ਚੋਣ ਉਮੀਦਵਾਰ ਦੇ ਪੱਧਰ ’ਤੇ ਲੜੀ ਜਾਣ ਵਾਲੀ ਚੋਣ ਹੈ। ਇਹ ਪਾਰਟੀਆਂ ਦੇ ਵਿਚਕਾਰ ਦੀ ਚੋਣ ਵੀ ਨਹੀਂ ਹੈ ਕਿਉਂਕਿ ਪੰਜ ਕੋਣੀ ਦੇ ਮੁਕਾਬਲੇ ਕਿਸੇ ਪਾਰਟੀ ਵਿਚਕਾਰ ਸਿੱਧਾ ਮੁਕਾਬਲਾ ਨਹੀਂ ਹੋ ਸਕਦਾ। ਹਰ ਜਗ੍ਹਾ ’ਤੇ ਵੱਖ-ਵੱਖ ਲੜਾਈ ਹੈ। ਕੁਝ ਸੀਟਾਂ ’ਤੇ ਭਾਜਪਾ ਅੱਗੇ ਹੈ, ਕਿਤੇ ਕਾਂਗਰਸ ਦਾ ਜ਼ੋਰ ਹੈ ਤਾਂ ਆਮ ਆਦਮੀ ਪਾਰਟੀ ਜਾਂ ਕਿਸਾਨ ਚੰਗੀ ਚੁਣੌਤੀ ਦੇ ਰਹੇ ਹਨ ਪਰ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ 70 ਤੋਂ ਵੱਧ ਸੀਟਾਂ ’ਤੇ ਭਾਜਪਾ ਇਕ ਕਾਮਨ ਫੈਕਟਰ ਰਹੇਗੀ।
* ਜੇ ਚੋਣਾਂ ਵਿਚ ਕਿਸੇ ਨੂੰ ਬਹੁਮਤ ਨਾ ਮਿਲਿਆ ਤਾਂ ਭਾਜਪਾ ਦਾ ਸਿਆਸੀ ਕਦਮ ਕੀ ਹੋਵੇਗਾ?
ਇਹ ਤਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਗਵਰਨਰ ਤੈਅ ਕਰਨਗੇ ਕਿਉਂਕਿ ਇਸ ਹਾਲਤ ’ਚ ਉਨ੍ਹਾਂ ਦੀ ਭੂਮਿਕਾ ਜ਼ਿਆਦਾ ਅਹਿਮ ਹੋ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਵਿਚ ਅਜਿਹੀ ਸਥਿਤੀ ਨਹੀਂ ਆਵੇਗੀ ਕਿਉਂਕਿ ਪੰਜਾਬ ਦੀ ਜਨਤਾ ਸਿਆਸੀ ਤੌਰ ’ਤੇ ਸਿਆਣੀ ਹੈ ਅਤੇ ਉਹ ਇਸ ਢੰਗ ਨਾਲ ਵੋਟਿੰਗ ਨਹੀਂ ਕਰੇਗੀ ਕਿ ਵਿਧਾਨ ਸਭਾ ਵਿਚ ਕਿਸੇ ਨੂੰ ਬਹੁਮਤ ਨਾ ਮਿਲੇ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਕੁਝ ਸਵਾਲਾਂ ਦੇ ਜਵਾਬ ਭਵਿੱਖ ਜ਼ਿਆਦਾ ਬਿਹਤਰ ਤਰੀਕੇ ਨਾਲ ਦੇ ਸਕਦਾ ਹੈ।
*ਪੰਜਾਬ ਵਿਚ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ?
ਭਾਜਪਾ ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਚੋਣ ਲੜ ਰਹੀ ਹੈ। ਭਾਜਪਾ ਜਿੱਥੇ ਵੀ ਲੰਬੇ ਸਮੇਂ ਬਾਅਦ ਇਕੱਲੀ ਚੋਣ ਮੈਦਾਨ ਵਿਚ ਉਤਰਦੀ ਹੈ, ਉੱਥੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੀ ਪਰੰਪਰਾ ਨਹੀਂ ਰਹੀ ਹੈ। ਜਦੋਂ ਅਸੀਂ ਸ਼ਿਵ ਸੈਨਾ ਤੋਂ ਵੱਖ ਹੋ ਕੇ ਚੋਣ ਲੜੇ ਸੀ ਤਾਂ ਕਿਸ ਨੇ ਸੋਚਿਆ ਸੀ ਕਿ ਦਵਿੰਦਰ ਫੜਨਵੀਸ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨਗੇ? ਇਸੇ ਤਰ੍ਹਾਂ ਭਾਜਪਾ ਉੱਤਰ ਪ੍ਰਦੇਸ਼ ਵਿਚ ਜਦੋਂ 25 ਸਾਲ ਬਾਅਦ ਇਕੱਲੀ ਮੈਦਾਨ ਵਿਚ ਉਤਰੀ ਤਾਂ ਕਿਸ ਨੇ ਸੋਚਿਆ ਸੀ ਕਿ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨਗੇ? ਭਾਜਪਾ ਵਿਚ ਵਿਧਾਇਕ ਦਲ ਚੋਣਾਂ ਤੋਂ ਬਾਅਦ ਆਪਣਾ ਨੇਤਾ ਚੁਣਦਾ ਹੈ ਅਤੇ ਉਸ ਨੇਤਾ ਦੇ ਨਾਂ ’ਤੇ ਸੰਸਦੀ ਬੋਰਡ ਦੀ ਮੋਹਰ ਲੱਗਣ ਤੋਂ ਬਾਅਦ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ।
*ਚੋਣਾਂ ਦੇ ਮਾਹੌਲ ’ਚ ਅਜੇ ਵੀ ਕਿਸਾਨ ਭਾਜਪਾ ਨਾਲ ਨਾਰਾਜ਼ ਹਨ? ਉਨ੍ਹਾਂ ਨੂੰ ਕਿਵੇਂ ਸਮਝਾਓਗੇ?
ਇਹ ਠੀਕ ਗੱਲ ਹੈ ਕਿ ਕੁਝ ਮਹੀਨੇ ਪਹਿਲਾਂ ਕਿਸਾਨ ਭਾਜਪਾ ਨਾਲ ਨਾਰਾਜ਼ ਸਨ। ਮੈਂ ਉਨ੍ਹਾਂ ਨਾਰਾਜ਼ਗੀ ਦੇ ਕਾਰਨਾਂ ਤਕ ਨਹੀਂ ਜਾਣਾ ਚਾਹੁੰਦਾ ਪਰ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀਬਾੜੀ ਕਾਨੂੰਨ ਪਵਿੱਤਰ ਸਨ ਪਰ ਅਸੀਂ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਸਮਝਾ ਨਹੀਂ ਸਕੇ, ਜਿਸ ਦੇ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ। ਮੈਨੂੰ ਲੱਗਦਾ ਹੈ ਕਿ ਇਹ ਗੱਲ ਉਸੇ ਦਿਨ ਖ਼ਤਮ ਹੋ ਗਈ ਸੀ। ਜਿਨ੍ਹਾਂ ਪਿੰਡਾਂ ਵਿਚ ਭਾਜਪਾ ਦੇ ਵਰਕਰ ਦਾਖਲ ਨਹੀਂ ਹੋ ਸਕਦੇ ਸਨ, ਉਨ੍ਹਾਂ ਪਿੰਡਾਂ ਵਿਚ ਹੁਣ ਉਨ੍ਹਾਂ ਦਾ ਖੁੱਲ੍ਹੇ ਦਿਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਤਸਵੀਰ ਬਦਲ ਚੁੱਕੀ ਹੈ।
* ਚੋਣ ਨਤੀਜਿਆਂ ਤੋਂ ਬਾਅਦ ਕੀ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ ਜਾਂ ਉਸ ਦੀਆਂ ਸਹਿਯੋਗੀ ਪਾਰਟੀਆਂ ’ਚੋਂ ਬਣਾਇਆ ਜਾਵੇਗਾ?
ਮੌਜੂਦਾ ਸਥਿਤੀ ’ਚ ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਜੇ ਪੰਜਾਬ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਨੂੰ ਆਸ਼ੀਰਵਾਦ ਦਿੱਤਾ ਤਾਂ ਮੁੱਖ ਮੰਤਰੀ ਪੰਜਾਬ ਦਾ ਪੁੱਤਰ ਹੋਵੇਗਾ ਅਤੇ ਪੰਜਾਬੀ ਹੋਵੇਗਾ।
ਪੰਜਾਬ ’ਚ 3 ਰੈਲੀਆਂ ਕਰ ਸਕਦੇ ਹਨ ਮੋਦੀ
ਸ਼ੇਖਵਤ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ’ਤੇ ਇਸ ਤਰ੍ਹਾਂ ਦੀ ਸਿਆਸਤ ਹੋਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਰਾਜਨੀਤਕ ਵਰਕਰਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ, ਜਿਸ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਅੱਧ-ਵਿਚਕਾਰ ਹੀ ਰੱਦ ਕਰਨਾ ਪਿਆ। ਉਹ ਪੰਜਾਬ ਲਈ ਕਈ ਤਰ੍ਹਾਂ ਦੇ ਐਲਾਨ ਅਤੇ ਕਈ ਯੋਜਨਾਵਾਂ ਦੀ ਘੁੰਡ-ਚੁਕਾਈ ਕਰਨ ਵਾਲੇ ਸਨ ਪਰ ਉਨ੍ਹਾਂ ਯੋਜਨਾਵਾਂ ਦਾ ਨੀਂਹ-ਪੱਥਰ ਨਹੀਂ ਰੱਖਿਆ ਜਾ ਸਕਿਆ ਕਿਉਂਕਿ ਇਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ। ਹੁਣ ਭਾਜਪਾ ਚੋਣ ਕਮਿਸ਼ਨ ਦੀ 7 ਫਰਵਰੀ ਦੀ ਕੋਰੋਨਾ ਰੀਵਿਊ ਮੀਟਿੰਗ ਦੀ ਉਡੀਕ ਕਰ ਰਹੀ ਹੈ। ਕਮਿਸ਼ਨ ਇਸ ਦਿਨ ਚੋਣਾਂ ਵਾਲੇ ਸੂਬਿਆਂ ਵਿਚ ਰੈਲੀਆਂ ਕਰਨ ਦੀ ਜੇ ਛੋਟ ਦਿੰਦੀ ਹੈ ਤਾਂ ਪ੍ਰਧਾਨ ਮੰਤਰੀ ਦੀਆਂ ਪੰਜਾਬ ਵਿਚ ਇਕ ਨਹੀਂ ਸਗੋਂ 2 ਜਾਂ 3 ਰੈਲੀਆਂ ਵੀ ਹੋ ਸਕਦੀਆਂ ਹੈ ਕਿਉਂਕਿ ਹੁਣ ਪੰਜਾਬ ਵਿਚ ਰੈਲੀ ਕਰਨ ’ਤੇ ਡੈੱਡਲਾਕ ਪੈਦਾ ਹੋਵੇਗਾ।
ਭਾਜਪਾ ਦੇ ਵਿਜ਼ਨ ਡਾਕਯੂਮੈਂਟ ’ਚ ਕੌਮੀ ਸੁਰੱਖਿਆ ਸਮੇਤ 11 ਮੁੱਦੇ
ਸ਼ੇਖਾਵਤ ਨੇ ਕਿਹਾ ਕਿ ਭਾਜਪਾ ਦੇ ਵਿਜ਼ਨ ਡਾਕਯੂਮੈਂਟ ਵਿਚ ਮੌਟੇ ਤੌਰ ’ਤੇ ਕੁਝ ਪੁਆਇੰਟਸ ਰੱਖੇ ਗਏ ਹਨ ਜਿਸ ਵਿਚ ਕੌਮੀ ਸੁਰੱਖਿਆ ਅਤੇ ਆਪਸੀ ਸਦਭਾਵਨਾ ਸਭ ਤੋਂ ਉੱਪਰ ਹੈ ਕਿਉਂਕਿ ਸੂਬੇ ਵਿਚ ਸ਼ਾਂਤੀ ਕਾਇਮ ਰਹਿਣ ’ਤੇ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਖੇਤੀਬਾੜੀ ਆਧਾਰਤ ਉਦਯੋਗ ਸ਼ੁਰੂ ਕਰਨੇ ਭਾਜਪਾ ਦੇ ਮੈਨੀਫੈਸਟੋ ਦਾ ਹਿੱਸਾ ਹੋਵੇਗਾ ਕਿਉਂਕਿ ਰੋਜ਼ਗਾਰ ਨਾ ਹੋਣ ਕਾਰਨ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ। ਪੰਜਾਬ ਵਿਚ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰ ਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਕੁਲ ਮਿਲਾ ਕੇ ਭਾਜਪਾ ਦੇ ਵਿਜ਼ਨ ਡਾਕਯੂਮੈਂਟ ਵਿਚ 11 ਬਿੰਦੂ ਰੱਖੇ ਗਏ ਹਨ ਅਤੇ ਇਸ ਨੂੰ 2 ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਵਿਰੋਧੀ ਪਾਰਟੀਆਂ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਪੰਜਾਬ ਵਿਚ ਇਨ੍ਹਾਂ ਪਾਰਟੀਆਂ ਨੇ ਹੀ ਲੰਬੇ ਸਮੇਂ ਤਕ ਰਾਜ ਕੀਤਾ ਹੈ ਅਤੇ ਇਸ ਦਾ ਨਤੀਜਾ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਅਤੇ ਆਰਥਿਕ ਦੀਵਾਲੀਏਪਨ ਦੇ ਰੂਪ ’ਚ ਸਭ ਦੇ ਸਾਹਮਣੇ ਹੈ। ਇਕ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ’ਤੇ ਛਾਪਾ ਪੈਂਦਾ ਹੈ ਅਤੇ ਉਸ ਵਿਚ ਕਰੋਡ਼ਾਂ ਰੁਪਏ ਦੀ ਕਰੰਸੀ ਬਰਾਮਦ ਹੁੰਦੀ ਹੈ ਜਿਸ ਨਾਲ ਸੱਤਾ ਧਿਰ ਦੇ ਲੋਕਾਂ ਦੀ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਜ਼ਾਹਿਰ ਹੁੰਦੀ ਹੈ। ਅਕਾਲੀ ਦਲ ’ਤੇ ਨਸ਼ੇ ਦੇ ਵੱਡੇ ਇਲਜ਼ਾਮ ਲੱਗਦੇ ਰਹੇ ਹਨ। ਕੀ ਉਨ੍ਹਾਂ ਦੀ ਲੀਡਰਸ਼ਿਪ ਵਿਚ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਸਕਦਾ ਹੈ? ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਜਿਸ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ, ਉਨ੍ਹਾਂ ਦੇ ਸ਼ਾਸਨਕਾਲ ਵਿਚ ਕੀ ਅਸੀਂ ਪੰਜਾਬ ’ਚ ਨਸ਼ਾਮੁਕਤੀ ਦੀ ਉਮੀਦ ਕਰ ਸਕਦੇ ਹਾਂ?
ਇੰਟਰਵਿਊ ਦੀਆਂ ਵੱਡੀਆਂ ਗੱਲਾਂ
1. ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਜੇ ਰਾਜਨੀਤਕ ਬੁੱਧੀ ਹੁੰਦੀ ਤਾਂ ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿਚ 700 ਤੋਂ ਘੱਟ ਲੋਕਾਂ ਦੀ ਹਾਜ਼ਰੀ ਦਾ ਬਿਆਨ ਨਾ ਦਿੰਦੇ ਕਿਉਂਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਵਿਚ 700 ਨਾਲੋਂ ਵੀ ਘੱਟ ਲੋਕਾਂ ਦੀ ਹਾਜ਼ਰੀ ਸਿਆਸੀ ਤੌਰ ’ਤੇ ਜ਼ਿਆਦਾ ਸੂਟ ਕਰਦੀ ਸੀ ਪਰ ਉਨ੍ਹਾਂ ਨੇ ਆਪਣੇ ਕੰਮਾਂ ’ਤੇ ਪਰਦਾ ਪਾਉਣ ਲਈ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਵਾਇਆ।
2. ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਕਈ ਉਮੀਦਵਾਰ ਭਾਜਪਾ ਦੇ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਕੁਝ ਸੀਟਾਂ ਅਜਿਹੀਆਂ ਹਨ ਜਿੱਥੇ ਭਾਜਪਾ ਦੇ ਉਮੀਦਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਦਾ ਚੋਣ ਨਿਸ਼ਾਨ ਲਿਆ ਹੈ। ਇਹ ਦੋਵਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਹੋ ਰਿਹਾ ਹੈ ਅਤੇ ਇਸ ਵਿਚ ਹੋਰ ਗੱਲਾਂ ਦੀ ਅਹਿਮੀਅਤ ਨਹੀਂ ਰਹਿ ਜਾਂਦੀ।
3. ਪਾਰਟੀ ਦੀ ਟਿਕਟ ਨਾ ਮਿਲਣ ਵਾਲੇ ਭਾਜਪਾ ਵਰਕਰਾਂ ’ਚ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੈ। ਅਜਿਹੀ ਸਥਿਤੀ ਹਰ ਘਰ ਵਿਚ ਬਣਦੀ ਹੈ। ਪਰਿਵਾਰ ਵਿਚ ਮਤਭੇਦ ਹੋ ਸਕਦਾ ਹੈ ਪਰ ਇੱਥੇ ਮਤਭੇਦ ਨਹੀਂ ਹੈ। ਭਾਜਪਾ ਦੇ ਸਾਰੇ ਵਰਕਰ ਇਕ ਵਿਚਾਰ ਨਾਲ ਇਕ ਟੀਚੇ ਨੂੰ ਲੈ ਕੇ ਕੰਮ ਕਰਦੇ ਹਨ ਅਤੇ ਅਜਿਹਾ ਪਾਰਟੀ ਦੀ ਸਥਾਪਨਾ ਦੇ ਬਾਅਦ ਤੋਂ ਲਗਾਤਾਰ ਸਫਲਤਾ ਨਾਲ ਹੋ ਰਿਹਾ ਹੈ। ਦੇਸ਼ ਵਿਚ ਕਾਂਗਰਸ ਤੋਂ ਇਲਾਵਾ ਖੱਬੇਪੱਖੀ ਪਾਰਟੀਆਂ, ਅਕਾਲੀ ਦਲ ਤੇ ‘ਆਪ’ ਦੀ ਵੰਡ ਹੋਈ ਹੈ ਪਰ ਭਾਜਪਾ ਵਿਚ ਇਹ ਸਥਿਤੀ ਨਹੀਂ ਆਈ ਕਿਉਂਕਿ ਇਹ ਇਕ ਪਰਿਵਾਰ ਵਾਂਗ ਕੰਮ ਕਰਦੀ ਹੈ।
ਅੱਜ ਦੇ ਹਾਲਾਤ ’ਚ ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਇਸ ਚੀਜ਼ ਨੂੰ ਲੈ ਕੇ ਭਾਜਪਾ ਵਿਚ ਫਿਲਹਾਲ ਨਾ ਤਾਂ ਕੋਈ ਵਿਚਾਰ ਅਤੇ ਨਾ ਹੀ ਇਸ ਚੀਜ਼ ਦੀ ਕੋਈ ਸੰਭਾਵਨਾ ਹੈ। ਬਾਕੀ ਸਿਆਸੀ ਸੰਭਾਵਨਾਵਾਂ ਦੀ ਖੇਡ ਹੈ।
ਮੋਹਾਲੀ 'ਚ 'ਆਪ' ਉਮੀਦਵਾਰ ਦੇ ਹੱਕ 'ਚ ਭਗਵੰਤ ਮਾਨ ਨੇ ਕੱਢਿਆ ਰੋਡ ਸ਼ੋਅ, ਵਿਰੋਧੀਆਂ 'ਤੇ ਲਾਏ ਰਗੜੇ
NEXT STORY