ਚੰਡੀਗੜ੍ਹ (ਕਮਲ) - ਜੰਗਲਾਤ ਵਿਭਾਗ ਪੰਜਾਬ ਵਲੋਂ 2017-18 ਦੌਰਾਨ ਲਗਭਗ 25 ਲੱਖ ਬੂਟੇ ਵੱਖ-ਵੱਖ ਸੰਸਥਾਵਾਂ ਨੂੰ ਮੁਫ਼ਤ ਵੰਡੇ ਜਾਣਗੇ ਤਾਂ ਜੋ ਵਾਤਾਵਰਣ ਸੰਤੁਲਨ ਕਾਇਮ ਰੱਖਿਆ ਜਾ ਸਕੇ ਤੇ ਸਰਕਾਰੀ ਤੇ ਹੋਰਨਾਂ ਸੰਸਥਾਵਾਂ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।
ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਵਿਭਾਗ ਵਲੋਂ ਚਾਲੂ ਸਾਲ 2017-18 ਦੌਰਾਨ ਗਰੀਨਿੰਗ ਪੰਜਾਬ ਮਿਸ਼ਨ ਸਕੀਮ ਤਹਿਤ ਸਿੱਖਿਅਕ, ਸਮਾਜਿਕ, ਧਾਰਮਿਕ ਸੰਸਥਾਵਾਂ, ਸੈਨਿਕਾਂ ਤੇ ਅਰਧ ਸੈਨਿਕ ਬਲਾਂ ਆਦਿ ਨੂੰ 25 ਲੱਖ ਬੂਟੇ ਮੁਫ਼ਤ ਸਪਲਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਬੰਧਤ ਸੰਸਥਾਵਾਂ ਨੂੰ ਇਨ੍ਹਾਂ ਬੂਟਿਆਂ ਨੂੰ ਨਾ ਸਿਰਫ਼ ਲਾਉਣ , ਸਗੋਂ ਪਾਲਣ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੋਵੇਗੀ ਤਾਂ ਜੋ ਇਨ੍ਹਾਂ ਨੂੰ ਲਾਉਣ ਦੇ ਉਦੇਸ਼ ਦੀ ਪ੍ਰਾਪਤੀ ਕੀਤੀ ਜਾ ਸਕੇ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ 2017-18 ਦੌਰਾਨ ਹੁਸ਼ਿਆਰਪੁਰ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਪਟਿਆਲਾ ਆਦਿ ਜ਼ਿਲਿਆਂ 'ਚ ਹਰਬਲ ਗਾਰਡਨ ਤਿਆਰ ਕਰਨ ਤੇ ਢੁੱਕਵੀਆਂ ਥਾਵਾਂ 'ਤੇ ਮੈਡੀਸਿਨਿਲ ਪਲਾਂਟ ਲਾਏ ਜਾਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਚਾਲੂ ਸਾਲ ਦੌਰਾਨ ਅਨੁਮਾਨਿਤ 1 ਕਰੋੜ 25 ਲੱਖ ਰੁਪਏ ਖ਼ਰਚੇ ਜਾਣਗੇ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਵੱਧ ਤੋਂ ਵੱਧ ਰਕਬਾ ਜੰਗਲਾਤ ਅਧੀਨ ਲਿਆਉਣ ਦੇ ਮਕਸਦ ਨਾਲ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਐਗਰੋ ਫੋਰੈਸਟਰੀ ਸਬੰਧੀ 8 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਮਨਜ਼ੂਰੀ ਹਿੱਤ ਭੇਜਿਆ ਜਾ ਚੁੱਕਾ ਹੈ। ਇਸ ਪ੍ਰਾਜੈਕਟ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਬੂਟ ਲਾਉਣ ਪ੍ਰਤੀ ਉਤਸ਼ਾਹਿਤ ਕਰਨ ਤੇ ਇਸ ਕਾਰਜ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ।
ਧਰਮਸੌਤ ਨੇ ਦੱਸਿਆ ਕਿ ਵਿਭਾਗ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੁਸ਼ਿਆਰਪੁਰ ਤੇ ਪਟਿਆਲਾ ਵਿਖੇ 2 ਮਾਡਰਨ ਨਰਸਰੀਆਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਤਾਂ ਜੋ ਜੰਗਲਾਤ ਲਈ ਚੰਗੀ ਗੁਣਵੱਤਾ ਦੇ ਬੂਟੇ ਤਿਆਰ ਕਰਵਾਏ ਜਾ ਸਕਣ।
ਪੁਲਸ ਦਾ ਸਟਿੱਕਰ ਲੱਗੇ ਮੋਟਰਸਾਈਕਲ 'ਤੇ ਲੁੱਟ-ਖੋਹ ਕਰਨ ਵਾਲੇ ਗ੍ਰਿਫਤਾਰ
NEXT STORY