ਪਟਿਆਲਾ (ਬਲਜਿੰਦਰ) - ਫਲਿੱਪਕਾਰਟ ਕੰਪਨੀ ਨਾਲ ਧੋਖਾਦੇਹੀ ਦੇ ਦਰਜ ਕੀਤੇ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਅੱਜ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐੈੱਸ. ਐੈੱਚ. ਓ. ਜਾਨਪਾਲ ਦੀ ਅਗਵਾਈ ਹੇਠ ਇਸ ਮਾਮਲੇ ਵਿਚ ਕੰਪਨੀ ਦੇ 3 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹੀ ਮੁਲਾਜ਼ਮ ਨੌਸਰਬਾਜ਼ ਨਿਕਲੇ ਜਿਹੜੇ ਕਿ ਗਲਤ ਐਡਰੈੱਸ ਦੇ ਕੇ ਮੋਬਾਇਲ ਫੋਨ ਤੇ ਹੋਰ ਸਾਮਾਨ ਮੰਗਵਾ ਲੈਂਦੇ ਸਨ। ਬਾਅਦ ਵਿਚ ਉਸ ਦੀ ਜਗ੍ਹਾ ਇੱਟਾਂ-ਰੋੜੇ ਭਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੰਦੇ ਸਨ।
ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਦੇ ਐੈੱਸ. ਐੈੱਚ. ਓ. ਜਾਨਪਾਲ ਸਿੰਘ ਨੇ ਦੱਸਿਆ ਕਿ ਫਲਿੱਪਕਾਰਟ ਕੰਪਨੀ ਦੇ ਸਰਹਿੰਦੀ ਗੇਟ ਸਥਿਤ ਦਫ਼ਤਰ ਦੇ ਹੱਬ ਇੰਚਾਰਜ ਤਰੁਣ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਖੇੜਾ ਮੁਹੱਲਾ ਯਮੁਨਾਨਗਰ (ਹਰਿਆਣਾ) ਨੇ ਥਾਣਾ ਲਾਹੌਰੀ ਗੇਟ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਹੀ ਡਲਿਵਰੀ ਮੈਨ ਬਹਾਦਰ ਸਿੰਘ ਵਾਸੀ ਪਿੰਡ ਭੱਟਮਾਜਰਾ, ਕੰਵਲਜੀਤ ਸਿੰਘ ਕੈਸ਼ੀਅਰ ਨਿਊ ਬਿਸ਼ਨ ਨਗਰ ਪਟਿਆਲਾ ਅਤੇ ਕੰਪਨੀ ਦਾ ਸੈਲਰ ਹਰਦੇਵ ਸਿੰਘ ਵਾਸੀ ਸਮਾਣਾ ਨੇ ਆਪਸ ਵਿਚ ਮਿਲ ਕੇ ਫਲਿੱਪਕਾਰਟ ਕੰਪਨੀ ਨਾਲ ਧੋਖਾਦੇਹੀ ਕਰ ਰਹੇ ਸਨ। ਐੈੱਸ. ਐੈੱਚ. ਓ. ਜਾਨਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਫਰਜ਼ੀ ਆਰਡਰ ਬੁੱਕ ਕਰਵਾ ਕੇ ਕੰਪਨੀ ਦੇ ਪ੍ਰੋਡਕਟ ਮੰਗਵਾ ਲੈਂਦੇ ਸਨ, ਜਿਨ੍ਹਾਂ ਵਿਚ ਮੋਬਾਇਲ ਫੋਨ ਅਤੇ ਹੋਰ ਸਾਮਾਨ ਹੁੰਦਾ ਸੀ। ਜਦੋਂ ਉਸ ਨੂੰ ਡਲਿਵਰੀ ਮੈਨ ਦੱਸੇ ਪਤੇ 'ਤੇ ਦੇਣ ਦਾ ਬਹਾਨਾ ਕਰ ਕੇ ਜਾਂਦਾ ਅਤੇ ਉਸ ਨੂੰ ਰਿਜੈਕਟ ਡਿਕਲੇਅਰ ਕਰ ਕੇ ਫਿਰ ਤਿੰਨੋਂ ਆਪਸ ਵਿਚ ਮਿਲ ਕੇ ਉਸ ਵਿਚੋਂ ਮੋਬਾਇਲ ਫੋਨ ਤੇ ਹੋਰ ਕੀਮਤੀ ਸਾਮਾਨ ਕੱਢ ਕੇ ਉਸ ਵਿਚ ਇੱਟਾਂ-ਰੋੜੇ, ਸਾਬਣ ਜਾਂ ਹੋਰ ਚੀਜ਼ਾਂ ਪਾ ਦਿੰਦੇ ਸਨ ਤੇ ਰੀਪੈਕ ਕਰ ਕੇ ਕੰਪਨੀ ਨੂੰ ਵਾਪਸ ਭੇਜ ਦਿੰਦੇ ਸਨ। ਇਸ ਤਰ੍ਹਾਂ ਉਹ ਜਿਥੇ ਕੰਪਨੀ ਨੂੰ ਬਦਨਾਮ ਕਰ ਰਹੇ ਸਨ, ਉਥੇ ਵੱਡਾ ਚੂਨਾ ਲਾ ਰਹੇ ਸਨ। ਐੈੱਸ. ਐੱਚ. ਓ. ਜਾਨਪਾਲ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਕੁੱਝ ਮੋਬਾਇਲ ਤੇ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।
ਪੁਲਸ-ਪਬਲਿਕ ਮੀਟਿੰਗ ਆਯੋਜਿਤ
NEXT STORY