ਸਮਾਣਾ (ਦਰਦ, ਅਸ਼ੋਕ) - ਭਾਖੜਾ ਨਹਿਰ ਦੇ ਪਟਿਆਲਾ ਵਾਲੇ ਪਾਸੇ ਪੁਲ ਨੇੜੇ 2 ਨੌਜਵਾਨਾਂ ਦੇ ਸ਼ੱਕੀ ਹਾਲਾਤ 'ਚ ਨਹਿਰ ਵਿਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਨ ਉਪਰੰਤ ਨਹਿਰ 'ਤੇ ਨੌਜਵਾਨਾਂ ਦੇ ਬੈਠਣ ਵਾਲੀ ਥਾਂ ਤੋਂ ਕੁਝ ਸਾਮਾਨ ਇਕੱਤਰ ਕੀਤਾ। ਕੁਝ ਰੇਹੜੀ ਵਾਲਿਆਂ ਅਨੁਸਾਰ ਭਾਖੜਾ ਨਹਿਰ ਦੀ ਪਟੜੀ 'ਤੇ 4 ਨੌਜਵਾਨ ਬੈਠ ਕੇ ਕੁਝ ਖਾ-ਪੀ ਰਹੇ ਸਨ ਪਰ ਕੁਝ ਦੇਰ ਬਾਅਦ ਉਨ੍ਹਾਂ ਵਿਚ ਆਪਸੀ ਝਗੜੇ ਤੋਂ ਬਾਅਦ 3 ਨੌਜਵਾਨਾਂ ਨੇ ਇਕ-ਇਕ ਕਰ ਕੇ ਨਹਿਰ 'ਚ ਛਾਲ ਮਾਰ ਦਿੱਤੀ ਜਦੋਂ ਕਿ ਚੌਥਾ ਉਥੋਂ ਤੁਰੰਤ ਚਲਾ ਗਿਆ ਜਿਸ ਤੋਂ ਬਾਅਦ ਨਹਿਰ 'ਤੇ ਖੜ੍ਹੇ ਕੁਝ ਲੋਕਾਂ ਨੇ ਵੇਖਿਆ ਕਿ ਇਕ ਨੌਜਵਾਨ ਨਹਿਰ 'ਚੋਂ ਬਾਹਰ ਨਿਕਲ ਕੇ ਖਿਸਕ ਗਿਆ ਜਦੋਂ ਕਿ 2 ਨੌਜਵਾਨ ਨਹਿਰ ਦੇ ਤੇਜ਼ ਪਾਣੀ 'ਚ ਰੁੜ੍ਹ ਗਏ।
ਇਸ ਸਬੰਧੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਿਟੀ ਪੁਲਸ ਦੇ ਏ. ਐੱਸ. ਆਈ. ਨਰਿੰਦਰ ਭੱਲਾ ਨੇ ਪਟੜੀ 'ਤੇ ਜਾਂਚ ਉਪਰੰਤ ਉਥੇ ਪਈ ਖਾਲੀ ਸ਼ਰਾਬ ਦੀ ਬੋਤਲ, ਗਲਾਸ, ਇਕ ਜੋੜੀ ਚੱਪਲ ਅਤੇ ਖਾਣ-ਪੀਣ ਦਾ ਬਚਿਆ ਸਾਮਾਨ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਜੇ ਕੋਈ ਪੁਖਤਾ ਸਬੂਤ ਤਾਂ ਨਹੀਂ ਮਿਲੇ ਪਰ ਉਨ੍ਹਾਂ ਉਥੇ ਮੌਜੂਦ ਲੋਕਾਂ ਅਨੁਸਾਰ 20 ਸਾਲਾਂ ਦੀ ਉਮਰ ਦੇ ਕਰੀਬ 2 ਨੌਜਵਾਨਾਂ ਦੇ ਨਹਿਰ ਵਿਚ ਰੁੜ੍ਹ ਜਾਣ ਦਾ ਸ਼ੱਕ ਜ਼ਾਹਰ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੁੱਟ-ਖੋਹ ਦੇ ਮਾਮਲੇ 'ਚ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ
NEXT STORY