ਹੁਸ਼ਿਆਰਪੁਰ- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਔਰਤ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ ’ਚੋਂ 1 ਕਿਲੋ 600 ਗ੍ਰਾਮ ਹੈਰੋਇਨ, 580 ਗ੍ਰਾਮ ਅਫ਼ੀਮ, 560 ਗ੍ਰਾਮ ਸੋਨਾ, 50 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਅਤੇ ਇਕ ਕਾਰ ਬਰਾਮਦ ਕੀਤੀ। ਸਥਾਨਕ ਪੁਲਸ ਲਾਈਨ ਵਿਖੇ ਖ਼ੁਲਾਸਾ ਕਰਦਿਆਂ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਆਈ. ਜੀ. ਜਲੰਧਰ ਰੇਂਜ ਕੋਸਤਭ ਸ਼ਰਮਾ ਦੇ ਅਗਵਾਈ ’ਚ ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਤੇਜ਼ ਕੀਤੀ ਮੁਹਿੰਮ ਤਹਿਤ ਇਹ ਸਫ਼ਲਤਾ ਹਾਸਲ ਹੋਈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਿੰਗ ’ਚ ਸ਼ਾਮਲ ਦੋਸ਼ੀਆਂ ਦੀ ਪਛਾਣ ਪੁਸ਼ਪਿੰਦਰ ਸਿੰਘ ਉਰਫ਼ ਟਿੰਕੂ ਵਾਸੀ ਨਰਾਇਣ ਨਗਰ ਹੁਸ਼ਿਆਰਪੁਰ, ਅਮਿਤ ਚੌਧਰੀ ਵਾਸੀ ਮੁਹੱਲਾ ਬਸੀ ਖਵਾਜੂ ਹੁਸ਼ਿਆਰਪੁਰ ਅਤੇ ਜਗਰੂਪ ਕੌਰ ਵਾਸੀ ਗਰੀਨ ਐਵੀਨਿਊ ਨੇੜੇ ਸਰਸਵਤੀ ਕਾਲਜ ਥਾਣਾ ਜੰਡਿਆਲਾ, ਅੰਮ੍ਰਿਤਸਰ ਵਜੋਂ ਹੋਈ ਜਦਕਿ ਚੌਥਾ ਮੁਲਜ਼ਮ ਜਸਵੀਰ ਸਿੰਘ ਉਰਫ਼ ਗੱਜੂ ਵਾਸੀ ਜੰਡਿਆਲਾ ਅੰਮ੍ਰਿਤਸਰ ਅਜੇ ਫਰਾਰ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਮਾਡਲ ਟਾਊਨ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ ’ਚ ਐੱਸ. ਆਈ. ਦਲਵਿੰਦਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਟਾਂਡਾ ਚੌਂਕ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ’ਤੇ ਇਕ ਸਵਿੱਫਟ ਕਾਰ ਨੂੰ ਰੋਕਿਆ ਗਿਆ। ਜਿਸ ਵਿੱਚ 2 ਨੌਜਵਾਨ ਸਵਾਰ ਸਨ। ਪੁੱਛਗਿੱਛ ਦੌਰਾਨ ਪੁਲਸ ਪਾਰਟੀ ਵੱਲੋਂ ਪੁਸ਼ਪਿੰਦਰ ਸਿੰਘ ਉਰਫ਼ ਟਿੰਕੂ ਦੀ ਤਲਾਸ਼ੀ ਲੈਣ ’ਤੇ ਉਸ ਦੀ ਇਕ ਜੇਬ ਵਿੱਚੋਂ ਮੋਮੀ ਲਿਫ਼ਾਫ਼ੇ ਵਿੱਚ 45 ਗ੍ਰਾਮ ਹੈਰੋਇਨ ਅਤੇ ਅਮਿਤ ਚੌਧਰੀ ਦੀ ਪੈਂਟ ਦੀ ਜੇਬ ਵਿੱਚੋਂ 25 ਗਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਮਾਡਲ ਟਾਊਨ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21,29,60/61/85 ਤਹਿਤ ਮਾਮਲਾ ਦਰਜ ਕਰਨ ਉਪਰੰਤ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹੈਰੋਇਨ ਜਸਵੀਰ ਸਿੰਘ ਉਰਫ਼ ਗੱਜੂ ਅਤੇ ਉਸ ਦੇ ਨਾਲ ਰਹਿੰਦੀ ਜਗਰੂਪ ਕੌਰ, ਜੋ ਉਸ ਦੇ ਨਾਲ ਨਸ਼ਿਆਂ ਦੇ ਧੰਦੇ ’ਚ ਸ਼ਾਮਲ ਹੈ, ਕੋਲੋਂ ਲਿਆਂਦੀ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! ਫਗਵਾੜਾ ਦੇ ਪਿੰਡਾਂ 'ਚ ਕੋਰੋਨਾ ਦੀ ਮੌਤ ਦਰ ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਤੋਂ 3 ਗੁਣਾ ਵੱਧ
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਤੁਰੰਤ ਐਕਸ਼ਨ ਕਰਦਿਆਂ ਐੱਸ. ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਡੀ. ਐੱਸ. ਪੀ. (ਡੀ) ਰਾਕੇਸ਼ ਕੁਮਾਰ, ਇੰਸਪੈਕਟਰ ਕਰਨੈਲ ਸਿੰਘ, ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ, ਨਾਰਕੋਟਿਕ ਸੈਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਅਤੇ ਮਹਿਲਾ ਸਬ-ਇੰਸਪੈਕਟਰ ਜਸਵੀਰ ਕੌਰ ’ਤੇ ਆਧਾਰਤ ਟੀਮ ਬਣਾ ਕੇ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਰੇਡ ਦੌਰਾਨ ਜਸਵੀਰ ਸਿੰਘ ਉਰਫ਼ ਗੱਜੂ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਜਗਰੂਪ ਕੌਰ ਜੋ ਕਿ ਜਸਵੀਰ ਸਿੰਘ ਨਾਲ ਕਰੀਬ 2 ਸਾਲ ਤੋਂ ਰਹਿੰਦੀ ਸੀ ਅਤੇ ਨਸ਼ਾ ਸਪਲਾਈ ਕਰਨ ਲਈ ਉਸ ਦੇ ਨਾਲ ਜਾਂਦੀ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਾਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ
ਉਨ੍ਹਾਂ ਦੱਸਿਆ ਕਿ ਜਗਰੂਪ ਕੌਰ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕਰਨ ਉਪਰੰਤ ਘਰ ਦੀ ਤਲਾਸ਼ੀ ਦੌਰਾਨ 1 ਕਿਲੋ 480 ਗ੍ਰਾਮ ਹੈਰੋਇਨ, 580 ਅਫ਼ੀਮ, 560 ਗ੍ਰਾਮ ਸੋਨਾ ਅਤੇ 49 ਲੱਖ 48 ਹਜ਼ਾਰ 700 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਵੇਚ ਕੇ ਬਣਾਈ ਗਈ ਪ੍ਰੋਪਰਟੀ ਜ਼ਬਤ ਕਰਵਾਉਣ ਲਈ ਧਾਰਾ 68 ਐੱਫ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਪੁਲਸ ਵਲੋਂ ਜਸਵੀਰ ਸਿੰਘ ਦੀ ਭਾਲ ਜਾਰੀ ਹੈ। ਨਸ਼ਿਆਂ ਅਤੇ ਸਮੱਗਲਿੰਗ ਵਿੱਚ ਸ਼ਾਮਲ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜੋ ਵੀ ਕੋਈ ਇਸ ਧੰਦੇ ਵਿੱਚ ਸ਼ਾਮਲ ਪਾਇਆ ਜਾਵੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਗੱਜੂ ਖ਼ਿਲਾਫ਼ ਪਹਿਲਾਂ ਵੀ ਹੁਸ਼ਿਆਰਪੁਰ ਅਤੇ ਮੋਹਾਲੀ ਵਿੱਚ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਮਾਮਲੇ ਜਦਕਿ ਪੁਸ਼ਪਿੰਦਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਹਿਲਾਂ ਵੀ 5 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ
ਜ਼ਿਲ੍ਹਾ ਪੁਲਸ ਵੱਲੋਂ ਹੁਣ ਤੱਕ ਨਸ਼ਿਆਂ ਦੇ ਮਾਮਲੇ ਵਿੱਚ 189 ਕੇਸ ਦਰਜ, 234 ਗ੍ਰਿਫਤਾਰ : ਐੱਸ. ਐੱਸ. ਪੀ.
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 1 ਜਨਵਰੀ 2021 ਤੋਂ ਹੁਣ ਤੱਕ 189 ਮਾਮਲੇ ਦਰਜ ਕਰਕੇ 234 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਕਿਲੋ 495 ਗ੍ਰਾਮ ਹੈਰੋਇਨ, 4 ਕਿਲੋ 230 ਗ੍ਰਾਮ ਅਫ਼ੀਮ, 583 ਕਿਲੋ 500 ਗਰਾਮ ਚੂਰਾ ਪੋਸਤ, 4 ਕਿਲੋ 318 ਗ੍ਰਾਮ ਨਸ਼ੀਲਾ ਪਾਊਡਰ, 1 ਕਿਲੋ 380 ਗਰਾਮ ਚਰਸ, 25 ਗਰਾਮ ਸਮੈਕ, 5 ਕਿਲੋ ਗਾਂਜਾ, 105514 ਕੈਪਸੂਲ ਅਤੇ 52 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਬਲਾਕ ’ਚ ਕੋਰੋਨਾ ਦੀ ਰਫ਼ਤਾਰ ਤੇਜ਼, ਦੋ ਦਿਨਾਂ ’ਚ 6 ਵਿਅਕਤੀਆਂ ਦੀ ਮੌਤ
NEXT STORY