ਫਿਰੋਜ਼ਪੁਰ/ਫਾਜ਼ਿਲਕਾ (ਸੁਨੀਲ)— ਫਾਜ਼ਿਲਕਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 25 ਚੋਰੀ ਦੇ ਵਾਹਨਾਂ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ। ਜ਼ਿਆਦਾਤਰ ਵਾਹਨ ਬਠਿੰਡਾ ਤੋਂ ਚੋਰੀ ਕੀਤੇ ਗਏ ਦੱਸੇ ਜਾ ਰਹੇ ਹਨ ਅਤੇ ਗਿਰੋਹ ਦੇ ਮਾਸਟਰਮਾਈਂਡ 'ਤੇ ਕਰੀਬ 100 ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਮਾਸਟਰਮਾਈਂਡ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੀਆਂ 25 ਮੋਟਰਸਾਈਕਲਾਂ ਅਤੇ ਐਕਟਿਵਾ ਬਰਾਮਦ ਕੀਤੀਆਂ ਹਨ, ਜੋਕਿ ਮੁਕਤਸਰ ਸਾਹਿਬ, ਅਬੋਹਰ, ਬਠਿੰਡਾ ਵਰਗੇ ਸ਼ਹਿਰਾਂ ਤੋਂ ਚੋਰੀ ਕੀਤੇ ਗਏ ਹਨ।
ਨਸ਼ੇ ਦੀ ਸਪਲਾਈ ਲਈ ਦਿੰਦੇ ਸਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ
ਐੱਸ. ਪੀ. ਕੁਲਦੀਪ ਸ਼ਰਮਾ ਨੇ ਦੱਸਿਆ ਮੁਲਜ਼ਮਾਂ ਤੋਂ ਪੁੱਛਗਿੱਛ 'ਚ ਇਹ ਖੁਲਾਸੇ ਹੋਏ ਹਨ ਕਿ ਫੜੇ ਗਏ ਗਿਰੋਹ ਦੇ ਮੈਂਬਰ ਨਸ਼ੇ ਦੀ ਸਪਲਾਈ ਲਈ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇੰਨਾ ਹੀ ਨਹੀਂ ਚੋਰੀ ਕੀਤੇ ਗਏ ਵਾਹਨਾਂ ਨੂੰ ਅੱਗੇ ਵੇਚਣ ਲਈ ਬਕਾਇਕਾ ਟੀਮ ਬਣਾਈ ਗਈ ਸੀ, ਜੋ ਸਰਹੱਦੀ ਇਲਾਕਿਆਂ ਦੇ ਪਿੰਡਾਂ 'ਚ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਸਸਤੇ ਮੁੱਲ 'ਤੇ ਵੇਚ ਦਿੰਦੇ ਸਨ।
ਡੀਲਰਾਂ 'ਤੇ ਵੀ ਰੱਖੀ ਜਾ ਰਹੀ ਹੈ ਨਜ਼ਰ
ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਡੀਲਰਾਂ 'ਤੇ ਵੀ ਪੁਲਸ ਦੀ ਨਜ਼ਰ ਬਣੀ ਹੋਈ ਹੈ। ਫਿਲਹਾਲ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕਰ ਲਏ ਗਏ ਹਨ ਜਦਕਿ ਗਿਰੋਹ ਦਾ ਮਾਸਟਰਮਾਈਂਡ ਪਰਮਜੀਤ ਸਿੰਘ ਉਰਫ ਪੰਮਾ ਅਜੇ ਆਪਣੇ ਸਾਥੀ ਸਮੇਤ ਫਰਾਰ ਹੈ। ਪੁਲਸ ਨੇ ਉਕਤ ਫਰਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਚੋਰੀ ਦੀਆਂ ਵਾਰਦਾਤਾਂ ਲਈ ਜ਼ਿਆਦਾਤਰ ਬਠਿੰਡਾ ਨੂੰ ਨਿਸ਼ਾਨਾ ਬਣਾਉਂਦਾ ਸਨ ਅਤੇ ਇਸ ਇਲਾਕੇ 'ਚ ਕਰੀਬ 7 ਹਜ਼ਾਰ 'ਚ ਵਾਹਨ ਵੇਚ ਦਿੰਦੇ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਲਸ ਨੂੰ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੋਰ ਗਿਰੋਹ ਦੇ 3 ਮੈਂਬਰ ਚੋਰੀ ਦੇ 18 ਮੋਟਰਸਾਈਕਲਾਂ ਸਣੇ ਗ੍ਰਿਫਤਾਰ
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪਟਵਾਰੀਆਂ ਦੀਆਂ 1090 ਆਸਾਮੀਆਂ 'ਤੇ ਭਰਤੀ ਸ਼ੁਰੂ
NEXT STORY