ਜਲੰਧਰ, (ਮਹੇਸ਼)— ਕਮਿਸ਼ਨਰੇਟ ਦੇ ਦੋ ਥਾਣਿਆਂ ਸਦਰ, ਰਾਮਾ ਮੰਡੀ ਤੇ ਜ਼ਿਲਾ ਦਿਹਾਤੀ ਦੇ ਥਾਣਾ ਪਤਾਰਾ ਦੇ ਇਲਾਕਿਆਂ ਸਲੇਮਪੁਰ ਮਸੰਦਾਂ, ਨਿਊ ਗਣੇਸ਼ ਨਗਰ ਤੇ ਤੱਲ੍ਹਣ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਤੋਂ ਇਲਾਵਾ ਹੋਰ ਕੀਮਤੀ ਸਾਮਾਨ 'ਤੇ ਹੱਥ ਸਾਫ ਕੀਤਾ। ਥਾਣਾ ਸਦਰ ਦੇ ਪਿੰਡ ਸਲੇਮਪੁਰ ਮਸੰਦਾਂ ਵਿਚ ਚੋਰਾਂ ਨੇ ਘਰ ਵਿਚ ਸੁੱਤੇ ਹੋਏ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੇਹੋਸ਼ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਤਿੰਨਾਂ ਥਾਣਿਆਂ ਦੀ ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ ਪਰ ਅਜੇ ਤੱਕ ਚੋਰਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ।
ਸਲੇਮਪੁਰ ਮਸੰਦਾਂ-ਥਾਣਾ ਸਦਰ ਦੇ ਪਿੰਡ ਸਲੇਮਪੁਰ ਮਸੰਦਾਂ ਵਿਚ ਚੋਰ ਘਰ ਦੀ ਬਾਹਰਲੀ ਕੰਧ ਵਿਚ ਲੱਗੀ ਖਿੜਕੀ ਤੋੜ ਕੇ ਘਰ ਵਿਚ ਦਾਖਲ ਹੋਏ ਤੇ ਸੁੱਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੇਹੋਸ਼ ਕਰ ਕੇ ਘਰ ਵਿਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪਰਾਗਪੁਰ ਚੌਕੀ ਦੀ ਪੁਲਸ ਨੂੰ ਮਨਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਜਦੋਂ ਉਸਨੇ ਕੋਈ ਉੱਚੀ ਆਵਾਜ਼ ਸੁਣੀ ਤਾਂ ਉਠ ਕੇ ਦੇਖਣਾ ਚਾਹਿਆ ਪਰ ਉਹ ਉਠ ਨਹੀਂ ਸਕਿਆ। ਘਰ ਦੇ ਬਾਕੀ ਮੈਂਬਰਾਂ ਦਾ ਵੀ ਇਹੀ ਹਾਲ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਨੂੰ ਪਹਿਲਾਂ ਬੇਹੋਸ਼ ਕੀਤਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਨਿਊ ਗਣੇਸ਼ ਨਗਰ-ਥਾਣਾ ਰਾਮਾ ਮੰਡੀ ਦੇ ਖੇਤਰ ਨਿਊ ਗਣੇਸ਼ ਨਗਰ, ਕਾਕੀ ਪਿੰਡ, ਦਕੋਹਾ ਰੋਡ (ਰਾਮਾ ਮੰਡੀ) ਵਿਚ ਚੋਰਾਂ ਨੇ ਯਾਮਹਾ ਸੰਗੀਤ ਗਰੁੱਪ ਅਲੀ ਮੁਹੱਲਾ ਦੇ ਕਾਕਾ ਨਾਮਕ ਐਂਕਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 2-3 ਤੋਲੇ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ। ਬਲਰਾਜ ਕੁਮਾਰ ਕਾਕਾ ਪੁੱਤਰ ਗਿਆਨ ਚੰਦ ਨੇ ਦੱਸਿਆ ਕਿ ਉਹ 10 ਦਿਨਾਂ ਤੋਂ ਪਰਿਵਾਰ ਸਣੇ ਅੰਮ੍ਰਿਤਸਰ ਗਿਆ ਹੋਇਆ ਸੀ। ਅੱਜ ਵਾਪਸ ਆ ਕੇ ਦੇਖਿਆ ਤਾਂ ਬਾਹਰਲੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ ਪਰ ਅੰਦਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ਕਮਰੇ ਵਿਚ ਚੋਰਾਂ ਨੇ ਪੂਰਾ ਸਾਮਾਨ ਖਿਲਾਰਿਆ ਹੋਇਆ ਸੀ। ਉਸਨੇ ਮੌਕਾ ਦੇਖਣ ਆਈ ਦਕੋਹਾ (ਨੰਗਲਸ਼ਾਮਾ) ਚੌਕੀ ਦੀ ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰ ਟੀਮ ਨੂੰ ਦੱਸਿਆ ਕਿ ਚੋਰ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਤੇ ਉਸੇ ਰਸਤੇ ਫਰਾਰ ਹੋ ਗਏ।
ਤੱਲ੍ਹਣ-ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਪਿੰਡ ਤੱਲ੍ਹਣ ਵਿਚ ਬਣੇ ਗੁੱਜਰਾਂ ਦੇ ਡੇਰੇ ਵਿਚੋਂ ਚੋਰ 80 ਹਜ਼ਾਰ ਰੁਪਏ ਦੀ ਨਕਦੀ ਤੇ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਚੋਰਾਂ ਨੇ ਡੇਰੇ ਦੀ ਕੰਧ 'ਚ ਸੰਨ੍ਹ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਡੇਰੇ ਦੇ ਮਾਲਕ ਤੇਗੂ ਨੇ ਦੱਸਿਆ ਕਿ ਥਾਣਾ ਪਤਾਰਾ ਦੀ ਪੁਲਸ ਆ ਕੇ ਮੌਕਾ ਵੀ ਵੇਖ ਗਈ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿਚ ਪੁਲਸ ਦੀ ਗਸ਼ਤ ਘੱਟ ਹੋਣ ਕਾਰਨ ਚੋਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਬੇਟੀ ਨੂੰ ਮੋਬਾਇਲ 'ਚ ਨਿਊਡ ਫਿਲਮਾਂ ਬਣਾ ਕੇ ਦਿਖਾਉਣ ਨੂੰ ਕਹਿੰਦਾ ਸੀ ਪਿਤਾ, ਗ੍ਰਿਫਤਾਰ
NEXT STORY