ਜਲੰਧਰ— ਪਿਛਲੇ 4 ਸਾਲਾਂ ਦੌਰਾਨ ਇਰਾਕ 'ਚ ਲਾਪਤਾ ਹੋਏ ਪੁੱਤਾਂ ਦੇ ਘਰ ਵਾਪਸ ਆਉਣ ਦੀ ਆਸ ਲਗਾਏ ਬੈਠੇ ਪਰਿਵਾਰਾਂ ਦੀ ਆਸ ਅੱਜ ਹਮੇਸ਼ਾ ਲਈ ਉਸ ਸਮੇਂ ਬੁੱਝ ਗਈ ਜਦੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਰਾਜ ਸਭਾ 'ਚ 39 ਭਾਰਤੀਆਂ ਦੇ ਇਰਾਕ ਦੇ ਮੋਸੂਲ 'ਚ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ। ਜਿਵੇਂ ਹੀ ਖਬਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ। ਮੋਸੂਲ 'ਚ ਕਤਲ ਕੀਤੇ ਗਏ 39 ਭਾਰਤੀਆਂ 'ਚ 31 ਪੰਜਾਬੀ ਸਨ, ਜਿਨ੍ਹਾਂ ਦਾ ਪਰਿਵਾਰ ਅੱਜ ਡੂੰਘੇ ਸਦਮੇ 'ਚ ਡੁੱਬ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪਰਿਵਾਰ ਵਾਲੇ ਸੋਗ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।
31 ਪੰਜਾਬੀਆਂ 'ਚ ਜਲੰਧਰ ਦੇ ਦਵਿੰਦਰ ਵੀ ਸ਼ਾਮਲ ਸਨ, ਜੋ 2011 'ਚ ਇਰਾਕ 'ਚ ਗਏ ਸਨ, ਅੱਜ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਪਰਿਵਾਰ 'ਚ ਮਾਤਮ ਛਾ ਗਿਆ ਹੈ। ਦਵਿੰਦਰ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ 2011 'ਚ ਇਰਾਕ ਗਏ ਸਨ। ਆਖਰੀ ਵਾਰ 15 ਜੂਨ 2014 ਨੂੰ ਮਨਜੀਤ ਦੇ ਨਾਲ ਦਵਿੰਦਰ ਦੀ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਮੇਸ਼ਾ ਦੱਸਿਆ ਕਿ ਉਹ ਜਿਊਂਦੇ ਹਨ ਪਰ ਅੱਜ ਇਸ ਖਬਰ ਦੇ ਨਾਲ ਸਾਰਾ ਪਰਿਵਾਰ ਟੁੱਟ ਗਿਆ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਨਜਿੰਦਰ ਸਿੰਘ ਦੇ ਪਰਿਵਾਰ ਦੀ ਵੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਸ ਦਾ ਪਰਿਵਾਰ ਮਨਜਿੰਦਰ ਦੀ ਮੌਤ ਦਾ ਦੁੱਖ ਜ਼ਾਹਰ ਕਰਦਾ ਨਜ਼ਰ ਆ ਰਿਹਾ ਹੈ। ਉਸ ਦੀ ਭੈਣ ਗੁਰਪਿੰਦਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸਾਨੂੰ ਦੱਸਿਆ ਜਾ ਰਿਹਾ ਸੀ ਕਿ ਮਨਜਿੰਦਰ ਜ਼ਿੰਦਾ ਸੀ, ਪਤਾ ਨਹੀਂ ਹੁਣ ਕੀ ਵਿਸ਼ਵਾਸ ਕਰਨਾ ਹੈ। ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਹੁਸ਼ਿਆਰਪੁਰ ਦੇ ਕਮਲਜੀਤ ਸਿੰਘ ਦੀ ਮਾਂ ਸੰਤੋਸ਼ ਕੁਮਾਰੀ ਅਤੇ ਪਿਤਾ ਪ੍ਰੇਮ ਸਿੰਘ, ਹੁਸ਼ਿਆਰਪੁਰ ਜ਼ਿਲੇ ਦੇ ਹੀ ਪਿੰਡ ਜੈਤਪੁਰ ਦੇ ਹੀ ਨੌਜਵਾਨ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਭਾਰਤ ਸਰਕਾਰ ਸਾਨੂੰ ਕਿਉਂ ਇੰਨੇ ਸਾਲਾਂ ਤੋਂ ਵਰਗਲਾ ਰਹੀ ਸੀ ਕਿ ਸਾਰੇ 39 ਭਾਰਤੀ ਸੁਰੱਖਿਅਤ ਹਨ। ਜਦੋਂ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੀ. ਐੱਨ. ਏ. ਟੈਸਟ ਦੇ ਸੈਂਪਲ ਮਿਲਣ ਦੇ ਬਾਅਦ ਹੁਣ ਸਬੂਤ ਦੇ ਨਾਲ ਬਿਆਨ ਦੇ ਰਹੀ ਹੈ ਤਾਂ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ।

39 ਭਾਰਤੀਆਂ 'ਚ ਮਾਰੇ ਗਏ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਰੂਪ ਲਾਲ ਦੀ ਪਤਨੀ ਕਮਲਜੀਤ ਨੇ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ 7 ਸਾਲ ਪਹਿਲਾਂ ਇਰਾਕ ਲਈ ਰਵਾਨਾ ਹੋਏ ਸਨ। ਪਿਛਲੀ ਵਾਰ ਸਿਰਫ 2015 'ਚ ਪਤੀ ਨਾਲ ਗੱਲ ਹੋਈ ਸੀ।



ਪੰਚਾਇਤੀ ਚੋਣਾਂ 'ਚ ਲੋਕ ਪਿੰਡ ਦਾ ਵਿਕਾਸ ਕਰਵਾਉਣ ਵਾਲੇ ਨੂੰ ਹੀ ਬਣਾਉਣ ਸਰਪੰਚ : ਹਨੀ ਫੱਤਣਵਾਲਾ
NEXT STORY