ਜਲੰਧਰ (ਰਾਹੁਲ)– ਭਾਰਤ ਦੀ ਹਾਕੀ ਟੀਮ ਵੱਲੋਂ ਪੈਰਿਸ ਓਲੰਪਿਕ 2024 ਵਿਚ ਕਾਂਸੀ ਤਮਗਾ ਜਿੱਤਣ ਵਿਚ ਸ਼ਹਿਰ ਦੇ 4 ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹਾ। ਸ਼ਹਿਰ ਦੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ ਨੇ ਟੀਮ ਇੰਡੀਆ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਸਪੇਨ ਦੇ ਖਿਲਾਫ ਖੇਡੇ ਗਏ ਮੈਚ ਵਿਚ ਕਾਂਸੀ ਤਮਗਾ ਜਿੱਤ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ।

ਭਾਰਤੀ ਟੀਮ ਨੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਕਾਂਸੀ ਤਮਗਾ ਜਿੱਤਿਆ ਸੀ। ਉਦੋਂ ਵੀ ਸ਼ਹਿਰ ਦੇ ਖਿਡਾਰੀਆਂ ਦੀ ਇਸ ਵਿਚ ਮਹੱਤਵਪੂਰਨ ਭੂਮਿਕਾ ਸੀ। ਇਸ ਵਾਰ ਪੈਰਿਸ ਓਲੰਪਿਕਸ ਦੌਰਾਨ ਹਾਕੀ ਟੀਮ ਵਿਚ 10 ਪੰਜਾਬੀ ਖਿਡਾਰੀ ਹਨ, ਜਿਨ੍ਹਾਂ ਵਿਚੋਂ 4 ਜਲੰਧਰ ਤੋਂ ਹਨ।
ਟੀਮ ਦੇ ਵਧੇਰੇ ਖਿਡਾਰੀ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਚ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ ਵਿਚ ਖੇਡ ਕੇ ਵੱਡੇ ਹੋਏ ਹਨ ਅਤੇ ਪੰਜਾਬ ਪੁਲਸ ਵਿਚ ਬਤੌਰ ਡੀ.ਐੱਸ.ਪੀ. ਕਾਰਜਸ਼ੀਲ ਹਨ। ਮਨਪ੍ਰੀਤ ਸਿੰਘ ਜਿਥੇ ਆਪਣਾ ਚੌਥਾ ਓਲੰਪਿਕ ਖੇਡ ਰਹੇ ਸਨ, ਉਥੇ ਹੀ ਸੁਖਜੀਤ ਲਈ ਇਹ ਪਹਿਲਾ ਓਲੰਪਿਕ ਸੀ।

ਪਿੰਡ ਮਿੱਠਾਪੁਰ ਅਤੇ ਖੁਸਰੋਪੁਰ ਵਿਚ ਖੁਸ਼ੀ ਦਾ ਮਾਹੌਲ
ਭਾਰਤੀ ਟੀਮ ਵਿਚ ਸੀਨੀਅਰ ਅਤੇ ਨੌਜਵਾਨ ਖਿਡਾਰੀਆਂ ਦੇ ਤਾਲਮੇਲ ਨਾਲ ਪਹਿਲਾਂ ਹੀ ਉਮੀਦ ਜਤਾਈ ਜਾ ਰਹੀ ਸੀ ਕਿ ਇਹ ਟੀਮ ਓਲੰਪਿਕਸ ਵਿਚ ਤਮਗਾ ਜਿੱਤ ਕੇ ਹੀ ਮੁੜੇਗੀ। ਟੀਮ ਨੇ ਆਪਣਾ ਪੂਰਾ ਜੋਸ਼ ਤੇ ਜਜ਼ਬਾ ਮੈਦਾਨ ਵਿਚ ਦਿਖਾ ਕੇ ਟੀਮ ਲਈ ਕਾਂਸੀ ਤਮਗਾ ਜਿੱਤਿਆ।
ਜਲੰਧਰ ਛਾਉਣੀ ਦਾ ਇਲਾਕਾ ਭਾਵੇਂ ਉਹ ਮਿੱਠਾਪੁਰ ਹੋਵੇ, ਖੁਸਰੋਪੁਰ ਜਾਂ ਫਿਰ ਰਾਮਾਮੰਡੀ, ਹਰ ਜਗ੍ਹਾ ਵੀਰਵਾਰ ਸ਼ਾਮੀਂ ਦੀਵਾਲੀ ਵਰਗਾ ਮਾਹੌਲ ਰਿਹਾ। ਮੈਡਲ ਜੇਤੂ ਭਾਰਤੀ ਟੀਮ ਵਿਚ ਸ਼ਾਮਲ ਇਨ੍ਹਾਂ ਇਲਾਕਿਆਂ ਨਾਲ ਸਬੰਧਤ ਚਾਰਾਂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਖੁਸ਼ੀ ਦਾ ਇਕ ਵੱਖਰਾ ਹੀ ਨਜ਼ਰਾ ਦੇਖਣ ਨੂੰ ਮਿਲ ਰਿਹਾ ਸੀ।

ਹਾਕੀ ਟੀਮ ਦੀ ਕਾਂਸੀ ਤਮਗਾ ਜਿੱਤ ਦੇ ਸੂਤਰਧਾਰ ਰਹੇ ਇਹ ਖਿਡਾਰੀ
ਮਨਪ੍ਰੀਤ ਸਿੰਘ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ, ਇਸ ਓਲੰਪਿਕਸ ਵਿਚ ਖੇਡ ਰਹੇ ਜਲੰਧਰ ਦੇ ਖਿਡਾਰੀਆਂ ਵਿਚੋਂ ਸਭ ਤੋਂ ਸੀਨੀਅਰ ਖਿਡਾਰੀ ਹਨ। ਟੋਕੀਓ ਓਲੰਪਿਕਸ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਰਹੇ 32 ਸਾਲਾ ਮਨਪ੍ਰੀਤ ਮਿਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡ ਰਹੇ ਹਨ ਅਤੇ ਹਾਕੀ ਲਈ ਪ੍ਰਸਿੱਧ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ।

ਹਾਰਦਿਕ ਸਿੰਘ : ਟੋਕੀਓ ਓਲੰਪਿਕਸ ਦੀ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਵਿਚ ਸ਼ਾਮਲ ਹਾਰਦਿਕ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਵੀ ਸਨ। 25 ਸਾਲਾ ਹਾਰਦਿਕ ਮਿਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਦੇ ਹਨ ਅਤੇ ਜਲੰਧਰ ਛਾਉਣੀ ਦੇ ਪਿੰਡ ਖੁਸਰੋਪੁਰ ਦੇ ਰਹਿਣ ਵਾਲੇ ਹਨ। ਉਹ ਵੀ ਆਪਣਾ ਦੂਜਾ ਓਲੰਪਿਕਸ ਖੇਡ ਰਹੇ ਸਨ।

ਮਨਦੀਪ ਸਿੰਘ : 29 ਸਾਲਾ ਖਿਡਾਰੀ ਟੋਕੀਓ ਓਲੰਪਿਕਸ ਦੀ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਵੀ ਹਨ। ਉਹ ਮਿੱਠਾਪੁਰ ਦੇ ਰਹਿਣ ਵਾਲੇ ਹਨ ਅਤੇ ਫਾਰਵਰਡ ਪੁਜ਼ੀਸ਼ਨ ’ਤੇ ਖੇਡਦੇ ਹਨ। ਮਨਦੀਪ ਵੀ ਪੰਜਾਬ ਪੁਲਸ ਵਿਚ ਬਤੌਰ ਡੀ.ਐੱਸ.ਪੀ. ਸੇਵਾ ਨਿਭਾ ਰਹੇ ਹਨ। ਇਹ ਉਨ੍ਹਾਂ ਦਾ ਦੂਜਾ ਓਲੰਪਿਕਸ ਹੈ ਅਤੇ ਟੀਮ ਦੀ ਹਮਲਾਵਰ ਲਾਈਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਪੈਰਿਸ ਵਿਚ ਦੇਖਣ ਨੂੰ ਮਿਲਿਆ।

ਸੁਖਜੀਤ ਸਿੰਘ : ਰਾਮਾ ਮੰਡੀ ਦੇ ਰਹਿਣ ਵਾਲੇ 27 ਸਾਲਾ ਭਾਰਤੀ ਟੀਮ ਵਿਚ ਡਿਫੈਂਡਰ ਫਾਰਵਰਡ ਦੀ ਪੁਜ਼ੀਸ਼ਨ ’ਤੇ ਖੇਡਦੇ ਨਜ਼ਰ ਆਏ। ਉਹ ਆਪਣਾ ਪਹਿਲਾ ਓਲੰਪਿਕਸ ਖੇਡੇ ਅਤੇ ਕਾਂਸੀ ਤਮਗਾ ਜਿੱਤਣ ਵਿਚ ਸਫਲ ਰਹੇ। ਇਸ ਖਿਡਾਰੀ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਖ਼ਿਲਾਫ਼ ਗਜਬ ਦਾ ਗੋਲ ਦਾਗ ਕੇ ਭਾਰਤੀ ਟੀਮ ਨੂੰ ਇਕ ਵਾਰ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਨਾਨਗਰ ਦੇ ਪਿੰਡ ਧਮਰਾਈ ਨਹਿਰ ਦੇ ਪੈਂਦੇ ਪੁਰਾਣੇ ਪੁੱਲ ਨੇੜੇ ਪਿਆ ਅਚਾਨਕ ਵੱਡਾ ਪਾੜ, ਲੋਕਾਂ 'ਚ ਡਰ ਦਾ ਮਾਹੌਲ
NEXT STORY