ਚੰਡੀਗੜ੍ਹ : ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਤਿੰਨ ਤਸਕਰਾਂ ਵੱਲੋਂ 43000 ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦੇ ਮਾਮਲੇ ’ਚ ਗੰਭੀਰ ਕੋਤਾਹੀ ਲਈ ਮੌਜੂਦਾ ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਇੱਥੋਂ ਤੱਕ ਇਨ੍ਹਾਂ ਵਿਚੋਂ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ਵਿਚ 1.35 ਕਰੋੜ ਵੀ ਟਰਾਂਸਫਰ ਕੀਤੇ ਗਏ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੁਲਜ਼ਮਾਂ ਵੱਲੋਂ ਜੇਲ੍ਹ ’ਚੋਂ ਆਪਣੇ ਫੋਨਾਂ ਰਾਹੀਂ ਪੈਸਾ ਭੇਜਿਆ ਜਾਂ ਪ੍ਰਾਪਤ ਵੀ ਕੀਤਾ ਗਿਆ ਹੈ ਜਾਂ ਨਹੀਂ। ਜਾਂਚ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਵਿਚ ਦੋ ਮੌਜੂਦਾ ਅਤੇ ਤਿੰਨ ਸੇਵਾਮੁਕਤ ਜੇਲ੍ਹ ਸੁਪਰਡੈਂਟ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਵੱਡਾ ਹਾਦਸਾ, ਐੱਮ. ਬੀ. ਬੀ. ਐੱਸ. ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ
ਇਨ੍ਹਾਂ ਵਿਚ ਸਤਨਾਮ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ, ਸਾਬਕਾ ਸੁਪਰਡੈਂਟ (ਹੁਣ ਮੁਅੱਤਲੀ ਅਧੀਨ) ਅਰਵਿੰਦਰ ਸਿੰਘ, ਪਰਵਿੰਦਰ ਸਿੰਘ ਪ੍ਰਿੰਸੀਪਲ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਪਟਿਆਲਾ ਅਤੇ ਗੁਰਨਾਮ ਲਾਲ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਾਸਪੁਰ ਸ਼ਾਮਲ ਹਨ। ਪਰਵਿੰਦਰ ਸਿੰਘ ਅਤੇ ਗੁਰਨਾਮ ਲਾਲ ਪਹਿਲਾਂ ਫਿਰੋਜ਼ਪੁਰ ਜੇਲ੍ਹ ’ਚ ਸੁਪਰਡੈਂਟ ਵਜੋਂ ਤਾਇਨਾਤ ਸਨ। ਜਾਂਚ ਦਾ ਸਾਹਮਣਾ ਕਰ ਰਹੇ ਤਿੰਨ ਸੇਵਾਮੁਕਤ ਅਧਿਕਾਰੀਆਂ ’ਚ ਬਲਜੀਤ ਸਿੰਘ ਵੈਦ, ਕਰਨਜੀਤ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ। ਜਾਣਕਾਰੀ ਮੁਤਾਬਕ ਤਿੰਨ ਤਸਕਰਾਂ ਰਾਜਕੁਮਾਰ (ਰਾਜਾ), ਸੋਨੂ ਟਿੱਡੀ ਅਤੇ ਅਮਰੀਕ ਸਿੰਘ ਵੱਲੋਂ ਜੇਲ੍ਹ ਵਿਚੋਂ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਜੇਲ੍ਹਾਂ ਵਿਚ ਫੋਨ ਜੈਮਰ ਲਾਏ ਗਏ ਹਨ। ਮੋਬਾਇਲਾਂ ਦੀ ਧੜੱਲੇ ਨਾਲ ਵਰਤੋਂ ਕਰਦਿਆਂ ਤਸਕਰਾਂ ਵੱਲੋਂ ਜੇਲ੍ਹ ਵਿਚੋਂ ਕੁੱਲ 43,432 ਫੋਨ ਕਾਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 38,850 ਕਾਲਾਂ ਸਿਰਫ ਇਕ ਮਹੀਨੇ ਵਿਚ (1 ਤੋਂ 31 ਮਾਰਚ 2019 ਤੱਕ) ਰਾਜ ਕੁਮਾਰ ਦੇ ਫੋਨ ਤੋਂ ਹੋਈਆਂ।
ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ
ਇਸ ਦਾ ਭਾਵ ਹੈ ਕਿ ਰੋਜ਼ਾਨਾ ਔਸਤਨ 1,295 ਕਾਲਾਂ ਕੀਤੀਆਂ ਗਈਆਂ। ਅਜਿਹੇ ’ਚ ਪ੍ਰਤੀ ਘੰਟਾ 53 ਕਾਲਾਂ ਹੋਣੀਆਂ ਹੈਰਾਨ ਕਰਨ ਵਾਲੀ ਗੱਲ ਹੈ। ਬਾਕੀ ਦੀਆਂ 4,582 ਫੋਨ ਕਾਲਾਂ 28 ਮਹੀਨਿਆਂ ਦੌਰਾਨ 9 ਅਕਤੂਬਰ 2021 ਤੋਂ 14 ਫਰਵਰੀ 2023 ਵਿਚਾਲੇ ਹੋਈਆਂ ਹਨ। ਇਸ ਵੱਡੀ ਕੋਤਾਹੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿੱਥੇ ਜੇਲ੍ਹ ਵਿਭਾਗ ਦੀ ਖਿਚਾਈ ਕੀਤੀ ਗਈ ਹੈ ਉੱਥੇ ਹੀ ਪੰਜਾਬ ਪੁਲਸ ਦੇ ਸਪੈਸ਼ਲ ਸਰਵਿਸ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ) ਦੀ ਝਾੜ-ਝੰਬ ਕੀਤੀ ਗਈ ਹੈ, ਜਿਸ ਵੱਲੋਂ ਉਕਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਐੱਸ. ਐੱਸ. ਓ. ਸੀ. ਵੱਲੋਂ ਤਸਕਰਾਂ ਵੱਲੋਂ ਆਨਲਾਈਨ ਲਗਪਗ 1.35 ਕਰੋੜ ਰੁਪਏ ਟਰਾਂਸਫਰ ਕਰਨ ਸਬੰਧੀ ਵੱਖਰੇ ਤੌਰ ’ਤੇ ਵੀ ਇਕ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੈਸੇ ਰਾਜ ਕੁਮਾਰ ਦੀ ਪਤਨੀ ਰੇਨੂ ਬਾਲਾ ਅਤੇ ਸੋਨੂ ਟਿੱਡੀ ਦੀ ਪਤਨੀ ਗੀਤਾਂਜਲੀ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ ਸਨ। ਦਿਲਚਸਪ ਗੱਲ ਇਹ ਹੈ ਕਿ ਸੋਨੂ ਟਿੱਡੀ ਲੰਘੀ 13 ਦਸੰਬਰ ਨੂੰ ਹੀ ਜ਼ਮਾਨਤ ’ਤੇ ਰਿਹਾਅ ਹੋਇਆ ਹੈ ਜਦਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਨੇ ਜਾਰੀ ਕੀਤੇ ਸਖ਼ਤ ਹੁਕਮ
ਅਜਨਾਲਾ ’ਚ ਕਰੋੜਾਂ ਦੀ ਹੈਰੋਇਨ ਸਣੇ 20 ਰੋਂਦ ਬਰਾਮਦ, ਫਰਾਰ ਹੋਇਆ ਤਸਕਰ
NEXT STORY