ਜਲੰਧਰ(ਪੁਨੀਤ)— ਨਿਯਮ ਤੋੜਨ ਵਾਲੀਆਂ ਬੱਸਾਂ ਦੇ ਖਿਲਾਫ ਸ਼ਨੀਵਾਰ ਨੂੰ ਟ੍ਰੈਫਿਕ ਪੁਲਸ ਨੇ ਸਖਤੀ ਦਿਖਾਉਂਦਿਆਂ 16 ਬੱਸਾਂ ਦੇ ਗਲਤ ਪਾਰਕਿੰਗ ਦੇ ਚਲਾਨ ਕੱਟੇ, ਜਦੋਂਕਿ 44 ਬੱਸਾਂ ਦੇ ਪ੍ਰੈਸ਼ਰ ਹਾਰਨ ਉਤਾਰ ਕੇ ਜ਼ਬਤ ਕਰ ਲਏ ਗਏ ਹਨ। ਪ੍ਰਦੂਸ਼ਣ ਵਿਭਾਗ ਨੇ ਟ੍ਰੈਫਿਕ ਪੁਲਸ ਨਾਲ ਮਿਲ ਕੇ ਬੱਸ ਅੱਡੇ ਦੇ ਨੇੜੇ ਨਾਕਾ ਲਾ ਕੇ ਬੱਸਾਂ ਦੀ ਚੈਕਿੰਗ ਕਰਦਿਆਂ 21 ਬੱਸਾਂ ਦੇ ਹਾਰਨ ਜ਼ਬਤ ਕੀਤੇ, ਜਦੋਂਕਿ ਰਾਮਾ ਮੰਡੀ ਵਿਚ ਹੋਈ ਚੈਕਿੰਗ ਦੌਰਾਨ 23 ਬੱਸਾਂ ਦੇ ਹਾਰਨ ਉਤਾਰੇ ਗਏ। ਪ੍ਰਦੂਸ਼ਣ ਵਿਭਾਗ ਦੇ ਐਕਸੀਅਨ ਅਰੁਣ ਕੱਕੜ ਤੇ ਐੱਸ. ਡੀ. ਓ. ਸਤਿਆਜੀਤ ਅਤਰੀ ਨੇ ਬੱਸਾਂ ਦੇ ਨੰਬਰ ਨੋਟ ਕੀਤੇ ਹਨ, ਜਿਸ ਦੇ ਬਾਰੇ ਟਰਾਂਸਪੋਰਟ ਵਿਭਾਗ ਨੂੰ ਲਿਖਤੀ ਵਿਚ ਭੇਜਿਆ ਜਾਵੇਗਾ। ਕੱਕੜ ਨੇ ਕਿਹਾ ਕਿ ਅਗਲੀ ਵਾਰ ਹਾਰਨ ਉਤਾਰਣ ਦੇ ਨਾਲ-ਨਾਲ ਪ੍ਰੈਸ਼ਰ ਹਾਰਨ ਲੱਗੇ ਹੋਣ 'ਤੇ ਬੱਸਾਂ ਦੇ ਚਲਾਨ ਵੀ ਕੀਤੇ ਜਾਣਗੇ।
ਆਈ. ਏ. ਐੱਸ. ਅਧਿਕਾਰੀ ਪ੍ਰਿੰਸੀਪਲ ਸੈਕਰੇਟਰੀ ਸਟੇਟ ਟਰਾਂਸਪੋਰਟ ਸਰਬਜੀਤ ਸਿੰਘ ਓਬਰਾਏ, ਡਾਇਰੈਕਟਰ ਟਰਾਂਸਪੋਰਟ ਭੁਪਿੰਦਰ ਸਿੰਘ ਰਾਏ ਵਲੋਂ ਮਹਾਨਗਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੱਸਾਂ ਦੇ ਪਰਮਿਟ ਰੱਦ ਕਰਨ ਦੇ ਜੋ ਹੁਕਮ ਦਿੱਤੇ ਗਏ ਸਨ, ਉਹ ਭਾਵੇਂ ਨਹੀਂ ਲਾਗੂ ਹੋਏ ਪਰ ਸ਼ਨੀਵਾਰ ਨੂੰ ਟ੍ਰੈਫਿਕ ਪੁਲਸ ਦੀ ਕਾਫੀ ਸਖਤੀ ਨਜ਼ਰ ਆਈ। ਪੀ. ਏ. ਪੀ. ਚੌਕ, ਰਾਮਾ ਮੰਡੀ, ਬੱਸ ਅੱਡਾ ਫਲਾਈਓਵਰ ਦੇ ਹੇਠਾਂ ਟ੍ਰੈਫਿਕ ਪੁਲਸ ਨੇ ਬੱਸਾਂ ਨੂੰ ਨਹੀਂ ਰੁਕਣ ਦਿੱਤਾ ਜੋ ਬੱਸਾਂ ਰੁਕੀਆਂ ਉਸਦਾ ਤੁਰੰਤ ਚਲਾਨ ਕਰ ਦਿੱਤਾ ਗਿਆ। ਪੁਲਸ ਵਲੋਂ ਮੌਕੇ 'ਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ। ਦੂਜੇ ਪਾਸੇ ਪਠਾਨਕੋਟ ਚੌਕ ਵਿਚ ਵੀ ਬੱਸਾਂ ਸਵਾਰੀਆਂ ਚੁੱਕਦੀਆਂ ਵੇਖੀਆਂ ਗਈਆਂ।
ਈ-ਮਸ਼ੀਨ ਨਾਲ ਹੋਏ ਚਲਾਨ:
ਬੱਸ ਅੱਡੇ ਦੇ ਕੋਲ ਏ. ਐੱਸ. ਆਈ. ਜਸਵੰਤ ਸਿੰਘ ਵਲੋਂ ਸਵਾਰੀਆਂ ਚੁੱਕਣ ਵਾਲੀਆਂ 6 ਬੱਸਾਂ ਦੇ ਚਲਾਨ ਕੀਤੇ ਗਏ, ਜਦੋਂਕਿ ਰਾਮਾ ਮੰਡੀ ਵਿਚ ਏ. ਐੱਸ. ਆਈ. ਮਲਕੀਤ ਸਿੰਘ ਨੇ 10 ਬੱਸਾਂ ਦੇ ਚਲਾਨ ਕੱਟੇ। ਇਸ ਦੌਰਾਨ ਉਨ੍ਹਾਂ ਨੇ ਈ-ਮਸ਼ੀਨ ਦਾ ਇਸਤੇਮਾਲ ਕਰ ਕੇ ਈ-ਚਲਾਨ ਵੀ ਕੱਟੇ। ਮਹਾਨਗਰ ਜਲੰਧਰ ਨੂੰ 5 ਈ-ਮਸ਼ੀਨਾਂ ਮਿਲੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤ ਬੀਤੇ ਕੱਲ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਕਰਵਾਈ ਸੀ। 14 ਜੁਲਾਈ ਤੋਂ ਹੋਈ ਬੱਸਾਂ ਦੀ ਕਾਰਵਾਈ ਨੂੰ ਲੈ ਕੇ ਹੁਣ ਤੱਕ 110 ਤੋਂ ਜ਼ਿਆਦਾ ਚਲਾਨ ਕੀਤੇ ਜਾ ਚੁੱਕੇ ਹਨ।
ਪਿਆਰ 'ਚ ਧੋਖਾ ਮਿਲਣ 'ਤੇ ਮੁਟਿਆਰ ਵੱਲੋਂ ਆਤਮ-ਹੱਤਿਆ
NEXT STORY