ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 113 ਮਰੀਜ਼ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਦੇ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ ਦੋ ਮ੍ਰਿਤਕ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ ਬਾਕੀ ਤਿੰਨ ਵਿਚੋਂ ਇਕ ਬਠਿੰਡਾ, ਇਕ ਹਰਿਆਣਾ ਅਤੇ ਇਕ ਜੰਮੂ ਅਤੇ ਕਸ਼ਮੀਰ ਰਾਜ ਦਾ ਰਹਿਣ ਵਾਲਾ ਹੈ।
ਇਸੇ ਤਰ੍ਹਾਂ 113 ਪਾਜ਼ੇਟਿਵ ਮਰੀਜ਼ਾਂ ’ਚੋਂ 104 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਕਾਰਨ ਕਾਫੀ ਹਲਚਲ ਹੈ। ਇਹ ਹਲਚਲ ਜ਼ਿਲ੍ਹਿਆਂ ਤੱਕ ਹੀ ਸੀਮਤ ਨਹੀਂ, ਸਗੋਂ ਮੁੱਖ ਮੰਤਰੀ ਨੇ ਵੀ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਸਿਵਲ ਸਰਜ਼ਨਾਂ ਨੂੰ ਬਚਾਅ ਕਾਰਜਾਂ ਆਦਿ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ 2 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਇਕ ਮਰੀਜ਼ ਮਾਡਲ ਟਾਊਨ ਵਿਚ ਸਥਿਤ ਲਾਲ ਕੋਠੀ ਦੇ ਨੇੜੇ ਦਾ ਰਹਿਣ ਵਾਲਾ 46 ਸਾਲਾ ਪੁਰਸ਼ ਸੀ, ਜੋ ਸਿਵਲ ਹਸਪਤਾਲ ਵਿਚ ਦਾਖਲ ਸੀ, ਜਦੋਂਕਿ ਦੂਜਾ ਧਾਂਦਰਾਂ ਰੋਡ ’ਤੇ ਸਥਿਤ ਸਤਜੋਤ ਨਗਰ ਦਾ ਰਹਿਣ ਵਾਲਾ ਸੀ। ਜ਼ਿਲੇ ਵਿਚ ਅੱਜ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22346 ਹੋ ਗਈ ਹੈ। ਇਨ੍ਹਾਂ ਵਿਚੋਂ 889 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ’ਚੋਂ 3148 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚ 375 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਡਾਕਟਰ ਬੱਗਾ ਮੁਤਾਬਕ ਜ਼ਿਲ੍ਹੇ ਵਿਚ 20599 ਮਰੀਜ਼ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਮੌਜੂਦਾ ਵਿਚ 858 ਐਕਟਿਵ ਮਰੀਜ਼ ਰਹਿ ਗਏ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ’ਚੋਂ 37 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ, ਜਦੋਂਕਿ ਓ. ਪੀ. ਡੀ. ਵਿਚ 8, ਫਲੂ ਕਾਰਨਰ ਵਿਚ 42 ਮਰੀਜ਼ ਸਾਹਮਣੇ ਆਏ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚ 4 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।
3544 ਵਿਅਕਤੀਆਂ ਦੇ ਟੈਸਟ ਜਾਂਚ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਨਿੱਜੀ ਹਸਪਤਾਲ ਅਤੇ ਲੈਬਸ ਵੱਲੋਂ 3544 ਵਿਅਕਤੀਆਂ ਦੇ ਟੈਸਟ ਕੋਰੋਨਾ ਜਾਂਚ ਲਈ ਭੇਜੇ ਗਏ। ਇਨ੍ਹਾਂ ਵਿਚੋਂ 2930 ਟੈਸਟ ਸਿਹਤ ਵਿਭਾਗ, ਜਦੋਂਕਿ 614 ਟੈਸਟ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ।
2368 ਮਰੀਜ਼ਾਂ ਦੀ ਟੈਸਟ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਅਤੇ ਨਿੱਜੀ ਹਸਪਤਾਲਾਂ ਵੱਲੋਂ ਭੇਜੇ ਗਏ ਸੈਂਪਲਾਂ ’ਚੋਂ 2368 ਟੈਸਟਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਸਿਹਤ ਵਿਭਾਗ ਚਾਹੁੰਦੇ ਹੋਏ ਵੀ ਆਪਣੇ ਵੱਲੋਂ ਭੇਜੇ ਟੈਸਟਾਂ ਦੀ ਰਿਪੋਰਟ ਸਮੇਂ ’ਤੇ ਨਹੀਂ ਮੰਗ ਪਾ ਰਿਹਾ, ਜਦੋਂਕਿ ਨਿੱਜੀ ਹਸਪਤਾਲ ਸਵੇਰੇ ਸੈਂਪਲ ਲੈ ਕੇ ਸ਼ਾਮ ਨੂੰ ਰਿਪੋਰਟ ਦੇ ਦਿੰਦੇ ਹਨ।
196 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ
ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ 224 ਮਰੀਜ਼ਾਂ ਦੀ ਸਕ੍ਰੀਨਿੰਗ ਉਪਰੰਤ 196 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਮੌਜੂਦਾ ਸਮੇਂ ਵਿਚ 1944 ਵਿਅਕਤੀ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਅੱਜ ਟੀਮਾਂ ਵੱਲੋਂ 224 ਵਿਅਕਤੀਆਂ ਦੀ ਜਾਂਚ ਵਿਚ 20 ਵਿਅਕਤੀ ਹੀ ਕੋਰੋਨਾ ਦੇ ਲੱਛਣਾਂ ਵਾਲੇ ਮਿਲੇ, ਜਦੋਂਕਿ ਬਾਕੀਆਂ ਵਿਚ ਪਾਜ਼ੇਟਿਵ ਹੋਣ ਦੇ ਬਾਵਜੂਦ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦਿੱਤੇ।
644 ਮਰੀਜ਼ ਹੋਮ ਆਈਸੋਲੇਸ਼ਨ ’ਚ
ਜ਼ਿਲੇ ’ਚ ਕੋਰੋਨਾ ਦੇ 644 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਜੇਕਰ ਹੋਮ ਆਈਸੋਲੇਸ਼ਨ ਵਿਚ ਭੇਜੇ ਜਾਣ ਵਾਲੇ ਅਤੇ ਹੋਮ ਕੁਆਰੰਟਾਈਨ ਮਰੀਜ਼ਾਂ ਦੀ ਗਿਣਤੀ ਨੂੰ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਜੋੜ ਦਿੱਤਾ ਜਾਵੇ ਤਾਂ ਗਿਣਤੀ ਬਹੁਤ ਜ਼ਿਆਦਾ ਬਣਦੀ ਹੈ। ਸਿਹਤ ਵਿਭਾਗ ਕੋਰੋਨਾ ਵਾਇਰਸ ਘੱਟ ਦਿਖਾਉਣ ਲਈ ਅੰਕੜਿਆਂ ਵਿਚ ਕਈ ਤਰ੍ਹਾਂ ਦੇ ਜੋੜ-ਤੋੜ ਕਰਦਾ ਦਿਖਾਈ ਦਿੰਦਾ ਹੈ।
ਕਿਸਾਨਾਂ ਦੇ ਰੇਲ ਅੰਦੋਲਨ ਵਾਪਸ ਲੈਣ ਦੇ ਬਾਵਜੂਦ ਵੀ ਅੱਜ ਤਕ ਨਹੀਂ ਲੱਗੀ ਸਪੈਸ਼ਲ ਮਾਲ ਗੱਡੀ
NEXT STORY