ਅੰਮ੍ਰਿਤਸਰ, (ਸੰਜੀਵ)- ਦੀਵਾਲੀ ਵਾਲੀ ਰਾਤ ਕੁਝ ਅਣਪਛਾਤੇ ਵਿਅਕਤੀ ਸ਼੍ਰੀ ਦੁਰਗਿਆਣਾ ਮੰਦਰ ਦੇ ਸ਼੍ਰੀ ਲਕਸ਼ਮੀ ਨਾਰਾਇਣ ਮਿਸ਼ਠਾਨ ਭੰਡਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਕੱਪੜਾ ਪਾ ਕੇ 6 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੰਦਰ ਅਤੇ ਮਿਸ਼ਠਾਨ ਭੰਡਾਰ ਦਾ ਸਟਾਫ ਅੱਜ ਸਵੇਰੇ ਡਿਊਟੀ 'ਤੇ ਪਰਤਿਆ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਏ. ਡੀ. ਸੀ. ਪੀ. ਲਖਬੀਰ ਸਿੰਘ ਭਾਰੀ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਦੌਰਾਨ ਪੂਰੇ ਮਾਮਲੇ ਨੂੰ ਟ੍ਰੇਸ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਪੁੱਛਗਿੱਛ ਲਈ ਮਿਸ਼ਠਾਨ ਭੰਡਾਰ ਦੇ ਹੀ ਕਰਮਚਾਰੀ ਵਿਸ਼ਾਲ ਮਰਵਾਹਾ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਚੋਰੀ ਦਾ ਖੁਲਾਸਾ ਕਰ ਦਿੱਤਾ।
ਪੁਲਸ ਨੇ ਮੁਲਜ਼ਮ ਦੇ ਘਰੋਂ 20.31 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ। ਜਿਸ ਵਿਚ ਬੀਤੀ ਰਾਤ ਚੋਰੀ ਕੀਤੇ ਗਏ 6 ਲੱਖ ਰੁਪਏ ਤੋਂ ਇਲਾਵਾ 14.31 ਲੱਖ ਰੁਪਏ ਹੋਰ ਵੀ ਸਨ। ਜਿੱਥੇ ਇਹ ਵਰਣਨਯੋਗ ਹੈ ਕਿ ਮੁਲਜ਼ਮ ਨੇ ਗ਼ੱਲੇ 'ਚੋਂ ਸਿਰਫ 2-2 ਹਜਾਰ ਦੇ ਨੋਟ ਹੀ ਚੋਰੀ ਕੀਤੇ ਸਨ ਜਦੋਂ ਕਿ ਉਸ ਵਿਚ ਪਏ 500 ਅਤੇ 100 ਤੋਂ ਇਲਾਵਾ ਛੋਟੇ ਨੋਟ ਉਥੇ ਹੀ ਛੱਡ ਦਿੱਤੇ। ਪੁਲਸ ਨੇ ਦੇਰ ਸ਼ਾਮ ਉਕਤ ਦੋਸ਼ੀ ਵਿਸ਼ਾਲ ਦੇ ਇਕ ਹੋਰ ਸਾਥੀ ਵਿਪਨ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਨੀਰਜ ਕੁਮਾਰ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਿਹਾ ਹੈ ਜਿਸ ਦੀ ਗ੍ਰਿਫਤਾਰੀ ਲਈ ਪੁਲਸ ਭਾਲ ਕਰ ਰਹੀ ਹੈ।
ਦੀਵਾਲੀ ਦੇ ਮੌਕੇ 'ਤੇ ਮਿਸ਼ਠਾਨ ਭੰਡਾਰ 'ਤੇ ਮਿਠਾਈਆਂ ਖਰੀਦਣ ਵਾਲਿਆਂ ਦੀ ਭੀੜ ਸੀ। ਸ਼ਾਮ 5:30 ਵਜੇ ਤੱਕ ਕਮੇਟੀ ਦਾ ਮੇਨ ਕੈਸ਼ੀਅਰ ਕੈਸ਼ ਦਾ ਇੰਤਜਾਰ ਕਰਦਾ ਰਿਹਾ ਪਰ ਤਿਉਹਾਰ ਦੇ ਕਾਰਨ ਜਦੋਂ ਕੈਸ਼ ਨਹੀਂ ਆਇਆ ਤਾਂ ਉਹ 5:30 ਵਜੇ ਆਪਣੇ ਘਰ ਚਲਾ ਗਿਆ। ਦੀਵਾਲੀ 'ਤੇ 13.71 ਲੱਖ ਰੁਪਏ ਦੀ ਸੇਲ ਹੋਈ ਸੀ। ਕੈਸ਼ੀਅਰ ਦੇ ਜਾਣ ਦੇ ਉਪਰੰਤ ਮਿਸ਼ਠਾਨ ਭੰਡਾਰ ਦੇ ਕਰਮਚਾਰੀਆਂ ਨੇ ਪੂਰਾ ਕੈਸ਼ ਲਿਫਾਫੇ ਵਿਚ ਪਾ ਮੀਟਿੰਗ ਹਾਲ ਵਿਚ ਪਈ ਅਲਮਾਰੀ ਵਿਚ ਰੱਖ ਦਿੱਤਾ। ਜਿੱਥੇ ਪਿਛਲੇ ਕਰੀਬ 20 ਸਾਲਾਂ ਤੋਂ ਕੈਸ਼ ਰੱਖਿਆ ਜਾ ਰਿਹਾ ਹੈ। ਮੁਲਜ਼ਮ ਵਿਸ਼ਾਲ ਮਿਸ਼ਠਾਨ ਭੰਡਾਰ ਦੇ ਪਰਚੀ ਕਾਊਂਟਰ 'ਤੇ ਤੈਨਾਤ ਹੈ, ਜੋ ਇਹ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਕਿ ਕੈਸ਼ੀਅਰ ਘਰ ਚਲਾ ਗਿਆ ਹੈ ਅਤੇ ਕੈਸ਼ ਅਲਮਾਰੀ ਵਿਚ ਰੱਖ ਦਿੱਤਾ ਗਿਆ ਹੈ। ਉਸੇ ਦੌਰਾਨ ਵਿਸ਼ਾਲ ਨੇ 2-2 ਹਜਾਰ ਦੇ ਸਾਰੇ ਨੋਟ ਲਿਫਾਫੇ ਵਿਚ ਪਾਏ ਅਤੇ ਬਾਕੀ ਪੈਸਾ ਵੱਖ ਰੱਖ ਦਿੱਤਾ।
ਰਾਤ 8:30 ਵਜੇ ਦੇ ਕਰੀਬ ਮੰਦਰ ਦਾ ਸਟਾਫ ਮੀਟਿੰਗ ਹਾਲ ਵਿਚ ਕੁੱਝ ਸਾਮਾਨ ਲੈਣ ਲਈ ਗਿਆ ਜਿਸ ਦੇ ਉਪਰੰਤ ਉੱਥੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਵਿਸ਼ਾਲ ਨੇ 9:30 ਵਜੇ ਦੇ ਕਰੀਬ ਮੀਟਿੰਗ ਹਾਲ ਵਿਚ ਦਸਤਕ ਦਿੱਤੀ, ਜਿਸ ਨੇ ਅੰਦਰ ਜਾਣ ਤੋਂ ਪਹਿਲਾਂ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਕੱਪੜਾ ਪਾਇਆ ਅਤੇ ਅਲਮਾਰੀ ਦਾ ਤਾਲਾ ਤੋੜ 2-2 ਹਜਾਰ ਨਾਲ ਭਰਿਆ ਲਿਫਾਫਾ ਚੋਰੀ ਕਰ ਲਿਆ। ਜਿਸ ਦੇ ਉਪਰੰਤ ਉਹ ਮੰਦਰ ਤੋਂ ਗਾਇਬ ਹੋ ਗਿਆ। ਲਿਫਾਫੇ ਵਿਚ ਕਰੀਬ 6 ਲੱਖ ਰੁਪਏ ਦੀ ਨਕਦੀ ਸੀ ਅਤੇ ਬਾਕੀ 500,100 ਅਤੇ ਹੋਰ ਛੋਟੇ ਨੋਟਾਂ ਦਾ ਕੈਸ਼ 7.71 ਲੱਖ ਰੁਪਏ ਸੀ। ਜਿਸ ਨੂੰ ਉਸ ਨੇ ਉਥੇ ਹੀ ਛੱਡ ਦਿੱਤਾ। ਰੋਜ ਦੀ ਤਰ੍ਹਾਂ ਵਿਸ਼ਾਲ ਵੀ ਆਪਣੀ ਡਿਊਟੀ 'ਤੇ ਪਹੁੰਚ ਗਿਆ। ਪੂਰਾ ਕੈਸ਼ ਵਿਸ਼ਾਲ ਨੇ ਜਮਾਂ ਕੀਤਾ ਸੀ, ਇਸ ਕਾਰਨ ਉਸ ਦੀ ਫੋਟੋ ਵੀ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਸੀ। ਏ. ਡੀ. ਸੀ. ਪੀ.. ਲਖਬੀਰ ਸਿੰਘ ਨੇ ਵਿਸ਼ਾਲ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ, ਜਿਸ ਨੇ ਪੂਰਾ ਕਿੱਸਾ ਬਿਆਨ ਕਰ ਦਿੱਤਾ। 
ਕੀ ਕਹਿਣਾ ਹੈ ਏ. ਡੀ. ਸੀ. ਪੀ..ਦਾ ?
ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਪੁਲਸ ਨੇ ਜਾਂਚ ਲਈ ਹਿਰਾਸਤ ਵਿਚ ਰੱਖਿਆ ਹੈ ਅਤੇ ਉਸ ਤੋਂ ਗੰਭੀਰਤਾ ਦੇ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਰੋਪੀ ਦੇ ਘਰੋਂ ਚੋਰੀ ਕੀਤੇ ਗਏ 6 ਲੱਖ ਰੁਪਏ ਤੋਂ ਕਿਤੇ ਵੱਧ ਰਾਸ਼ੀ ਬਰਾਮਦ ਹੋÎਣ ਪਿਛੇ ਦੇ ਕਾਰਨਾਂ ਨੂੰ ਚੰਗੀ ਤਰ੍ਹਾਂ ਖੰਗਾਲਿਆਂ ਜਾ ਰਿਹਾ ਹੈ। ਅਰੋਪੀ ਦੇ ਘਰੋਂ ਬਰਾਮਦ ਕੀਤੇ 20.31 ਲੱਖ ਰੁਪਏ ਇਹ ਬਿਆਨ ਕਰ ਰਹੇ ਹਨ ਕਿ ਅਰੋਪੀ ਲੰਬੇ ਸਮੇਂ ਤੋਂ ਮਿਸ਼ਠਾਨ ਭੰਡਾਰ ਦੇ ਗੱਲੇ ਨੂੰ ਚੂਨਾ ਲਗਾ ਰਿਹਾ ਸੀ। ਬਹੁਤ ਛੇਤੀ ਮੁਲਜ਼ਮ ਵੱਲੋਂ ਕਈ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਪੁਲਸ ਇਸ ਗੱਲ 'ਤੇ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਪਿਛਲੇ ਕਿੰਨੇ ਸਮੇਂ ਤੋਂ ਅਜਿਹਾ ਕੰਮ ਕਰ ਰਿਹਾ ਹੈ।
ਕਰਜ਼ੇ ਦੇ ਝੰਬੇ ਕਿਸਾਨ ਨੇ ਬਿਜਲੀ ਤਾਰਾਂ ਨੂੰ ਹੱਥ ਲਾ ਕੇ ਦਿੱਤੀ ਜਾਨ
NEXT STORY