ਲੁਧਿਆਣਾ, (ਪੰਕਜ)- ਥਾਣਾ ਡਾਬਾ ਅਧੀਨ ਆਉਂਦੇ ਗੁਰਪਾਲ ਨਗਰ 'ਚ ਮੰਗਲਵਾਰ ਦੇਰ ਰਾਤ ਹਥਿਆਰਬੰਦ ਦੋ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਦੋ ਭਰਾਵਾਂ 'ਤੇ ਕੀਤੇ ਕਾਤਲਾਨਾ ਹਮਲੇ ਦੇ ਕੇਸ 'ਚ ਪੁਲਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ 'ਤੇ ਲੈ ਲਿਆ ਹੈ, ਜਿਨ੍ਹਾਂ ਤੋਂ ਹੋਰਨਾਂ ਦੋਸ਼ੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਓਧਰ ਹਸਪਤਾਲ ਵਿਚ ਜ਼ੇਰੇ ਇਲਾਜ ਦੋਵੇਂ ਭਰਾਵਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰ ਉਦਯੋਗ ਨਾਮੀ ਫੈਕਟਰੀ 'ਚ ਵੜ ਕੇ ਗੁਰਚਰਨ ਸਿੰਘ ਅਤੇ ਗੁਰਪਾਲ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ 'ਚ ਸ਼ਾਮਲ ਅਸ਼ੋਕ ਕੁਮਾਰ, ਇੰਦਰਜੀਤ ਵਿੱਕੀ, ਗੁਰਪ੍ਰੀਤ ਚੀਨਾ, ਬਲਬੀਰ ਕਾਕਾ, ਮੋਨੂੰ ਗਰਗ, ਜਰਨੈਲ ਮੰਗਾ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਵਿਫਟ ਕਾਰ ਤੇ ਮੋਟਰਸਾਈਕਲ ਸਣੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ। ਨਾਲ ਹੀ ਉਕਤ ਦੋਸ਼ੀਆਂ ਤੋਂ ਹੋਰਨਾਂ ਹਮਲਾਵਰਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਓਧਰ, ਹਮਲਾਵਰਾਂ ਦੀ ਦਰਿੰਦਗੀ ਦਾ ਸ਼ਿਕਾਰ ਗੁਰਚਰਨ ਸਿੰਘ ਅਤੇ ਗੁਰਪਾਲ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਤੇਜ਼ਧਾਰ ਹਥਿਆਰਾਂ ਨਾਲ ਸਿਰ ਤੇ ਸਰੀਰ ਦੇ ਹੋਰਨਾਂ ਨਾਜ਼ੁਕ ਅੰਗਾਂ 'ਤੇ ਹੋਏ ਵਾਰਾਂ ਨਾਲ ਜ਼ਖ਼ਮੀ ਭਰਾਵਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੋਵਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਥਾਣਾ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਪੁਲਸ ਨੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਹਿੱਤ ਵੱਖ-ਵੱਖ ਪੁਲਸ ਟੀਮਾਂ ਬਣਾ ਦਿੱਤੀਆਂ ਹਨ, ਜੋ ਸੰਭਾਵਿਤ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਨੌਜਵਾਨ ਲੜਕੀ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ
NEXT STORY