ਫਿਰੋਜ਼ਪੁਰ/ਖਾਲੜਾ/ਭਿੱਖੀਵਿੰਡ (ਕੁਮਾਰ, ਮਨਦੀਪ, ਰਾਜੀਵ, ਭਾਟੀਆ, ਬੱਬੂ, ਸੋਨੀਆ, ਬਲਜੀਤ, ਮਲਹੋਤਰਾ) - ਸਪੈਸ਼ਲ ਟਾਸਕ ਫੋਰਸ ਤਰਨਤਾਰਨ ਅਤੇ ਬੀ. ਐੱਸ. ਐੱਫ. ਫਿਰੋਜ਼ਪੁਰ ਨੇ ਭਾਰਤ-ਪਾਕਿ ਦੀਆਂ ਦੋ ਵੱਖ-ਵੱਖ ਬੀ. ਓ. ਪੀ. ਵਿਖੇ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 75 ਕਰੋੜ ਰੁਪਏ ਦੱਸੀ ਜਾਂਦੀ ਹੈ। ਸਪੈਸ਼ਲ ਟਾਸਕ ਫੋਰਸ ਤਰਨਤਾਰਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਬੀ. ਓ. ਪੀ.-ਨਾਗਰਾਮਿਨ ਰਾਹੀਂ ਪਾਕਿਸਤਾਨੀ ਸਮਗਲਰ ਭਾਰਤ ਦੀ ਬੀ. ਓ. ਪੀ.-ਕੁਲਵੰਤ ਵਿਖੇ ਹੈਰੋਇਨ ਭੇਜਣ ਦੇ ਯਤਨਾਂ ਵਿਚ ਹਨ। ਬੁੱਧਵਾਰ ਸਵੇਰੇ ਬੀ. ਐੱਸ. ਐੱਫ. ਦੀ 77ਵੀਂ ਬਟਾਲੀਅਨ ਨੂੰ ਨਾਲ ਲੈ ਕੇ ਜਦੋਂ ਬੀ. ਓ. ਪੀ.-ਕੁਲਵੰਤ ਖੇਤਰ ਵਿਚ ਵਿਸ਼ੇਸ਼ ਮੁਹਿੰਮ ਚਲਾਈ ਗਈ ਤਾਂ ਇਕ ਟਿਊਬਵੈੱਲ ਨੇੜੇ ਪੁਲਸ ਨੂੰ ਇਕ-ਇਕ ਕਿਲੋ ਦੇ 4 ਪੈਕੇਟ ਹੈਰੋਇਨ ਦੇ ਮਿਲੇ।
ਓਧਰ ਫਿਰੋਜ਼ਪੁਰ ਸਥਿਤ ਭਾਰਤ-ਪਾਕਿ ਸਰਹੱਦ ਦੀ ਬੀ. ਓ. ਪੀ.-ਸ਼ਾਮੇਕੇ ਖੇਤਰ ਵਿਚ ਬੀ. ਐੱਸ. ਐੱਫ. ਦੀ 105ਵੀਂ ਬਟਾਲੀਅਨ ਨੇ ਹੈਰੋਇਨ ਦੇ ਇਕ-ਇਕ ਕਿਲੋ ਦੇ ਦੋ ਪੈਕੇਟ ਬਰਾਮਦ ਕੀਤੇ। ਇਨ੍ਹਾਂ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 10 ਕਰੋੜ ਰੁਪਏ ਦੱਸੀ ਜਾਂਦੀ ਹੈ।
ਬੀ. ਐੱਸ. ਐੱਫ. ਦੇ ਸੂਤਰਾਂ ਮੁਤਾਬਕ ਫੋਰਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ ਸਮਗਲਰ ਇਸ ਰਸਤੇ ਤੋਂ ਹੈਰੋਇਨ ਭਾਰਤ ਭੇਜਣ ਦੀ ਤਾਕ ਵਿਚ ਹਨ। ਸਪੈਸ਼ਲ ਮੁਹਿੰਮ ਚਲਾਉਂਦੇ ਹੋਏ ਬੀ. ਐੱਸ. ਐੱਫ. ਨੇ ਇਹ ਹੈਰੋਇਨ ਬਰਾਮਦ ਕੀਤੀ।
ਇਕ ਹੋਰ ਮਾਮਲੇ ਵਿਚ ਬੀ. ਐੱਸ. ਐੱਫ. ਦੀ 87ਵੀਂ ਬਟਾਲੀਅਨ ਨੇ ਭਾਰਤ-ਪਾਕਿ ਸਰਹੱਦ ਦੇ ਅਮਰਕੋਟ ਸੈਕਟਰ ਵਿਚ ਪਾਕਿਸਤਾਨ ਵਲੋਂ ਭੇਜੀ ਗਈ 9 ਕਿਲੋ ਹੈਰੋਇਨ ਬਰਾਮਦ ਕੀਤੀ। ਇਹ ਇਕ-ਇਕ ਕਿਲੋ ਦੇ 9 ਪੈਕੇਟਾਂ ਵਿਚ ਸੀ। ਇਕ ਪਿਸਤੌਲ ਅਤੇ 25 ਕਾਰਤੂਸਾਂ ਸਮੇਤ ਇਕ ਸਮਗਲਰ ਨੂੰ ਵੀ ਕਾਬੂ ਕੀਤਾ ਗਿਆ ਜਦ ਕਿ ਹੋਰ ਪਾਕਿਸਤਾਨੀ ਸਮਗਲਰ ਖੜ੍ਹੀ ਫਸਲ ਦਾ ਲਾਭ ਉਠਾ ਕੇ ਫਰਾਰ ਹੋ ਗਏ। ਬੀ. ਐੱਸ. ਐੱਫ. ਦੇ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਰਾਜ ਪੁਰੋਹਿਤ ਨੇ ਦਸਿਆ ਕਿ ਇਥੋਂ ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਮਾਰਕੀਟ ਵਿਚ 45 ਕਰੋੜ ਹੈ।
ਪਾਬੰਦੀ ਦੇ ਬਾਵਜੂਦ ਮੂੰਹ ਢਕ ਕੇ ਚਲਾਏ ਜਾ ਰਹੇ ਨੇ ਵਾਹਨ
NEXT STORY