ਚੰਡੀਗੜ (ਭੁੱਲਰ) - ਕੈਪਟਨ ਸਰਕਾਰ ਨੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਦਫ਼ਤਰਾਂ ਵਿਚ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਵੀ ਸਖ਼ਤ ਕਦਮ ਚੁੱਕਣੇ ਸ਼ੁਰੂ ਕੀਤੇ ਹਨ। ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਚ ਅਚਨਚੇਤ ਕੀਤੀ ਛਾਪੇਮਾਰੀ ਦੌਰਾਨ 77 ਅਧਿਕਾਰੀ ਤੇ ਮੁਲਾਜ਼ਮ ਗੈਰ-ਹਾਜ਼ਰ ਪਾਏ ਗਏ। ਸਵੇਰੇ 9 ਵਜੇ ਦਫ਼ਤਰ ਖੁੱਲ੍ਹਦਿਆਂ ਹੀ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਗਠਿਤ ਅਧਿਕਾਰੀਆਂ ਦੀਆਂ 14 ਟੀਮਾਂ ਨੇ ਹਾਜ਼ਰੀ ਚੈੱਕ ਕਰਨ ਲਈ ਕਾਰਵਾਈ ਕੀਤੀ। ਹਰ ਫਲੋਰ 'ਤੇ ਇਕ ਟੀਮ ਨੇ ਚੈਕਿੰਗ ਕੀਤੀ। ਜਦੋਂ ਚੈਕਿੰਗ ਸ਼ੁਰੂ ਹੋਈ ਤਾਂ ਸਾਰੀਆਂ ਹੀ ਬ੍ਰਾਂਚਾਂ ਵਿਚ ਹਫੜਾ-ਦਫੜੀ ਵਾਲਾ ਮਹੌਲ ਬਣ ਗਿਆ। ਜਿਹੜੇ ਕਰਮਚਾਰੀ 10-15 ਮਿੰਟ ਲੇਟ ਸਨ, ਨੇ ਜਦੋਂ ਹਾਜ਼ਰੀ ਲਾਉਣੀ ਚਾਹੀ ਤਾਂ ਚੈਕਿੰਗ ਟੀਮ ਨੇ ਰਜਿਸਟਰ ਆਪਣੇ ਕਬਜ਼ੇ ਵਿਚ ਲੈ ਲਏ।
ਹਾਸੋ-ਹੀਣੀ ਸਥਿਤੀ ਵੀ ਉਸ ਵੇਲੇ ਬਣੀ ਜਦੋਂ ਦਫ਼ਤਰਾਂ ਵਿਚ ਲੇਟ ਪਹੁੰਚੇ ਕਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੇ ਅੱਧੀ ਛੁੱਟੀ ਦੀ ਅਰਜ਼ੀ ਦੇ ਦਿੱਤੀ ਪਰ ਉਨ੍ਹਾਂ ਨੇ ਐਨ ਮੌਕੇ 'ਤੇ ਆ ਕੇ ਹਾਜ਼ਰੀ ਲਾ ਲਈ, ਜਿਨ੍ਹਾਂ ਦੇ ਹਾਜ਼ਰੀਆਂ ਵਾਲੇ ਖਾਨੇ ਖਾਲੀ ਸਨ, ਉਥੇ ਚੈਕਿੰਗ ਟੀਮ ਨੇ ਲਾਲ ਪੈੱਨ ਨਾਲ ਐਂਟਰੀਆਂ ਪਾ ਦਿੱਤੀਆਂ। ਚੈਕਿੰਗ ਦੀ ਪੁਸ਼ਟੀ ਕਰਦਿਆਂ ਆਮ ਰਾਜ ਪ੍ਰਬੰਧ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਦੱਸਿਆ ਕਿ ਗੈਰ-ਹਾਜ਼ਰ ਕਰਮਚਾਰੀਆਂ ਵਿਚ ਕਲਰਕ, ਅਸਿਸਟੈਂਟ, ਸੁਪਰਡੈਂਟ, ਅਧੀਨ ਸਕੱਤਰ ਅਤੇ ਸਕੱਤਰ ਸ਼ਾਮਲ ਹਨ। ਜੋ ਗੈਰ-ਹਾਜ਼ਰ ਪਾਏ ਗਏ ਹਨ, ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਵੀ ਚੈਕਿੰਗ ਜਾਰੀ ਰਹੇਗੀ ਤੇ ਜਿਹੜਾ 2 ਵਾਰ ਗੈਰ-ਹਾਜ਼ਰ ਰਿਹਾ, ਉਸ ਦੀ ਜਵਾਬ ਤਲਬੀ ਕੀਤੀ ਜਾਵੇਗੀ। ਜਿਹੜਾ 3 ਵਾਰ ਗੈਰ-ਹਾਜ਼ਰ ਰਿਹਾ, ਨੂੰ ਮੁਅੱਤਲ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਜਦੋਂ ਤੋਂ ਠੰਡ ਵਧੀ ਹੈ, ਉਦੋਂ ਤੋਂ ਹੀ ਕਰਮਚਾਰੀ ਤੇ ਅਧਿਕਾਰੀ ਦਫ਼ਤਰਾਂ ਵਿਚ ਲੇਟ ਪਹੁੰਚ ਰਹੇ ਸਨ, ਜਿਸ ਕਾਰਨ ਅੱਜ ਅਚਨਚੇਤ ਚੈਕਿੰਗ ਕੀਤੀ ਗਈ। ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਯੋਜਨਾਮਈ ਢੰਗ ਨਾਲ 3000 ਤੋਂ ਵਧੇਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਚੈਕਿੰਗੀ ਕੀਤੀ ਗਈ ਹੋਵੇ।
ਖਹਿਰਾ ਵੱਲੋਂ ਕੀਤੀ ਟਿੱਪਣੀ ਤੋਂ ਭੜਕਿਆ ਰਾਜਪੂਤ ਭਾਈਚਾਰਾ, ਪੁਤਲਾ ਫੂਕਿਆ
NEXT STORY