ਪਟਿਆਲਾ, (ਰਾਜੇਸ਼, ਇੰਦਰਪ੍ਰੀਤ)- ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਵਿਖੇ 8ਵੇਂ ਅਤੇ 9ਵੇਂ ਮਹੀਨੇ ਦੇ ਬਣੇ ਲਾਇਸੈਂਸ ਅਪਡੇਟ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਡਰਾਈਵਿੰਗ ਲਾਇਸੈਂਸ ਆਨ-ਲਾਈਨ ਕੀਤੇ ਗਏ ਹਨ। ਇਨ੍ਹਾਂ ਤੋਂ ਪਹਿਲਾਂ ਆਫ-ਲਾਈਨ ਬਣੇ ਡਰਾਈਵਿੰਗ ਲਾਇਸੈਂਸਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਨ੍ਹਾਂ ਦੇ 8ਵੇਂ ਤੇ 9ਵੇਂ ਮਹੀਨੇ ਵਿਚ ਲਰਨਿੰਗ ਲਾਇਸੈਂਸ ਬਣੇ ਹੋਏ ਹਨ, ਉਨ੍ਹਾਂ ਦੇ ਪੱਕੇ ਲਾਇਸੈਂਸਾਂ ਦੀਆਂ ਫੀਸਾਂ ਨਹੀਂ ਕੱਟੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਕਈ ਲੋਕ ਤਾਂ ਦੂਸਰੇ, ਤੀਸਰੇ ਦਿਨ ਟਰੈਕ 'ਤੇ ਪਹੁੰਚ ਕੇ ਧੱਕੇ ਖਾਣ ਲਈ ਮਜਬੂਰ ਹਨ। ਕਲਰਕਾਂ ਦਾ ਵੀ ਰਟਿਆ-ਰਟਾਇਆ ਜਵਾਬ ਹੈ ਕਿ ਉਨ੍ਹਾਂ ਦੇ ਹੱਥ ਕੁੱਝ ਨਹੀਂ ਹੈ। ਸਮਾਰਟ ਚਿੱਪ ਕੰਪਨੀ ਵੱਲੋਂ ਹੀ ਇਨ੍ਹਾਂ ਲਰਨਿੰਗ ਲਾਇਸੈਂਸਾਂ ਨੂੰ ਅਪਡੇਟ ਕੀਤਾ ਜਾਣਾ ਹੈ। ਲਾਇਸੈਂਸ ਅਪਡੇਟ ਹੋਣ ਤੋਂ ਬਾਅਦ ਹੀ ਫੀਸਾਂ ਕੱਟੀਆਂ ਜਾਣੀਆਂ ਹਨ।
ਪੁਰਾਣੀਆਂ ਫੀਸਾਂ ਦੇ ਨਹੀਂ ਨਿਕਲਣ ਰਹੇ ਡੀ. ਐੱਲ. ਪਿੰ੍ਰਟ
ਟਰੈਕ 'ਤੇ ਜਿਹੜੇ ਲਰਨਿੰਗ ਲਾਇਸੈਂਸਾਂ ਦੀਆਂ ਫੀਸਾਂ ਪੁਰਾਣੀਆਂ (ਆਫ-ਲਾਈਨ) ਭਰੀਆਂ ਹੋਈਆਂ ਹਨ, ਦੇ ਵੀ ਪੱਕੇ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਦੇ ਪਿੰ੍ਰਟ ਨਹੀਂ ਨਿਕਲ ਰਹੇ ਹਨ। ਇਸ ਕਾਰਨ ਟਰੈਕ 'ਤੇ ਅਜਿਹੀਆਂ ਫਾਈਲਾਂ ਦੀ ਭਰਮਾਰ ਵਧਦੀ ਜਾ ਰਹੀ ਹੈ। ਡਰਾਈਵਿੰਗ ਟੈਸਟ ਟਰੈਕ 'ਤੇ ਸਹਾਇਕ ਟਰਾਂਸਪੋਰਟ ਅਫ਼ਸਰ ਦੀ ਰੈਗੂਲਰ ਡਿਊਟੀ ਨਾ ਹੋਣ ਕਾਰਨ ਆਮ ਪਬਲਿਕ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਹੀ ਭੁਗਤਣਾ ਪੈ ਰਿਹਾ ਹੈ।
ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾਵੇਗਾ : ਆਰ. ਟੀ. ਏ.
ਟਰੈਕ 'ਤੇ 8ਵੇਂ ਤੇ 9ਵੇਂ ਮਹੀਨੇ ਦੇ ਲਾਇਸੈਂਸ ਅਪਡੇਟ ਨਾ ਹੋਣ ਸਬੰਧੀ ਆਰ. ਟੀ. ਏ. ਗੁਰਪ੍ਰੀਤ ਸਿੰਘ ਥਿੰਦ ਨੇ ਗੱਲ ਕਰਨ 'ਤੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਸਮੱਸਿਆ ਦਾ ਹੱਲ ਤੁਰੰਤ ਕਰਵਾਇਆ ਜਾਵੇਗਾ। ਲਾਇਸੈਂਸਾਂ ਦੀਆਂ ਆਫ-ਲਾਈਨ ਭਰੀਆਂ ਫੀਸਾਂ ਨੂੰ ਜਲਦੀ ਅਪਡੇਟ ਕਰਨ ਸਬੰਧੀ ਸਮਾਰਟ ਚਿੱਪ ਕੰਪਨੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣਗੀਆਂ ਤਾਂ ਜੋ ਜਨਤਾ ਨੂੰ ਟਰੈਕ 'ਤੇ ਕੰਮ ਕਰਵਾਉਣ ਵਿਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪਟਿਆਲਾ ਜ਼ਿਲੇ ਦੇ 80 ਪਿੰਡ ਹੋਏ ਤੰਬਾਕੂ-ਮੁਕਤ
NEXT STORY