ਜਲੰਧਰ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ 1200 ਪ੍ਰਵਾਸੀਆਂ ਵਾਲੀ ਅੱਠਵੀਂ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ ਬਹਿਰਾਈਚ ਲਈ ਰਵਾਨਾ ਹੋਈ। ਸੂਬਾ ਸਰਕਾਰ ਵਲੋਂ ਇਸ ਰੇਲ ਗੱਡੀ ਰਾਹੀਂ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ 'ਤੇ ਆਉਣ ਵਾਲੇ ਖਰਚ 5.88 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਅੱਠ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀਆਂ 'ਤੇ 51.24 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਸਾਰੇ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਲਈ 7.12 ਲੱਖ ਰੁਪਏ ਡਾਲਟਨਗੰਜ (ਝਾਰਖੰਡ), 6.59 ਲੱਖ ਰੁਪਏ ਗਾਜ਼ੀਪੁਰ ਅਤੇ ਬਨਾਰਸ (ਉਤੱਰ ਪ੍ਰਦੇਸ਼), 5.22 ਲੱਖ ਰੁਪਏ ਲਖਨਊ (ਉੱਤਰ ਪ੍ਰਦੇਸ਼ ), 6.24 ਲੱਖ ਰੁਪਏ ਗੋਰਖਪੁਰ, 5.76 ਲੱਖ ਰੁਪਏ ਆਯੋਧਿਆ ਦੋਵੇਂ ਉਤਰ ਪ੍ਰਦੇਸ਼, 7.06 ਲੱਖ ਰੁਪਏ ਆਜ਼ਮਗੜ, 7.36 ਲੱਖ ਰੁਪਏ ਦਰਬੰਗਾ ਅਤੇ 5.88 ਲੱਖ ਰੁਪਏ ਬਹਿਰਾਈਚ 'ਤੇ ਖ਼ਰਚੇ ਗਏ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਭੇਜਣ ਸਮੇਂ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਪੜਾਅ ਦੌਰਾਨ ਪ੍ਰਵਾਸੀਆਂ ਨੂੰ ਰੇਲਵੇ ਦੁਆਰਾ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਪਣੇ ਹਿੱਸੇ ਦੇ 35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੂੰ ਸੂਬਾ ਸਰਕਾਰ ਪਾਸੋਂ ਇਹ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ, ਜੋ ਕਿ ਰਜਿਸਟਰਡ ਹੋਏ ਯਾਤਰੀਆਂ ਨੂੰ ਰੇਲਵੇ ਟਿਕਟ ਮੁਹੱਈਆ ਕਰਵਾਉਣ ਲਈ ਰੇਲਵੇ ਵਿਭਾਗ ਨੂੰ ਸਿੱਧੀ ਤਬਦੀਲ ਕੀਤੀ ਜਾ ਰਹੀ ਹੈ ਤਾਂ ਕਿ ਇਹ ਯਾਤਰੀ ਮੁਫ਼ਤ ਆਪਣੇ ਜੱਦੀ ਸੂਬਿਆਂ ਨੂੰ ਜਾ ਸਕਣ। ਇਸੇ ਤਰ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਹਰ ਪ੍ਰਵਾਸੀ ਦੀ ਸਟੇਸ਼ਨ ਆ ਕੇ ਰੇਲ ਗੱਡੀ ਵਿੱਚ ਚੜ੍ਹਨ ਤੋਂ ਪਹਿਲਾਂ ਸਕਰੀਨਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਵਾਸੀਆਂ ਨੂੰ ਗੱਡੀ ਵਿੱਚ ਚੜਾਉਣ ਤੋਂ ਪਹਿਲਾਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜਿਵੇਂ ਹੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਵਾਨਾ ਹੋਈ ਤਾਂ ਪ੍ਰਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਪੁਲਸ ਬਲਕਾਰ ਸਿੰਘ ਜੋ ਖਾਸ ਤੌਰ 'ਤੇ ਪ੍ਰਬੰਧਾਂ ਦੀ ਨਿਗਰਾਨੀ ਲਈ ਆਏ ਸਨ, ਪਾਸੋਂ ਹੱਥ ਹਿਲਾ ਕੇ ਵਿਦਾ ਲਈ ਗਈ। ਇਸ ਮੌਕੇ ਪ੍ਰਵਾਸੀਆਂ ਵਲੋਂ ਮੁੱਖ ਮੰਤਰੀ ਪੰਜਾਬ ਦਾ ਉਨ੍ਹਾਂ ਨੂੰ ਜੱਦੀ ਸੂਬਿਆਂ ਵਿੱਚ ਭੇਜਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪੰਜਾਬ 'ਚ ਕੋਰੋਨਾ ਦੇ 132 ਮਾਮਲੇ ਪਾਜ਼ੇਟਿਵ, 1 ਦੀ ਮੌਤ
NEXT STORY