ਬੰਗਾ, (ਪੂਜਾ/ਮੂੰਗਾ)- ਕੈਪਟਨ ਸਰਕਾਰ ਦੇ ਰਾਜ 'ਚ ਪੁਲਸ ਅਧਿਕਾਰੀਆਂ ਦਾ ਲੋਕਾਂ ਪ੍ਰਤੀ ਵਤੀਰਾ ਇਥੋਂ ਤੱਕ ਭੈੜਾ ਹੋ ਸਕਦਾ ਹੈ ਕਿ ਉਹ ਦਰਖਾਸਤ ਦੇਣ ਗਏ ਵਫ਼ਦ ਨੂੰ ਇਥੋਂ ਤੱਕ ਕਹਿ ਦੇਣ ਕਿ 'ਇਹ ਕੋਈ ਤੁਹਾਡਾ ਘਰ ਹੈ, ਜਿਥੇ ਰੋਜ਼ ਮੂੰਹ ਚੁੱਕ ਕੇ ਆ ਜਾਂਦੇ ਹੋ'। ਇਹ ਸ਼ਬਦ ਬੰਗਾ ਸਬ-ਡਵੀਜ਼ਨ ਦੇ ਏ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਉਸ ਸਮੇਂ ਕਹੇ ਜਦੋਂ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ (ਰਜਿ.) ਬੰਗਾ ਦੀ ਕਮੇਟੀ ਦੇ ਅਹੁਦੇਦਾਰ ਇਕ ਸ਼ਿਕਾਇਤ ਦੇਣ ਲਈ ਉਨ੍ਹਾਂ ਨੂੰ ਮਿਲਣ ਗਏ। ਇਸ ਦੌਰਾਨ ਇਨ੍ਹਾਂ ਮੈਂਬਰਾਂ ਦੀ ਸ਼ਿਕਾਇਤ ਨਾ ਤਾਂ ਏ.ਐੱਸ.ਪੀ. ਤੇ ਨਾ ਹੀ ਸਿਟੀ ਪੁਲਸ ਥਾਣੇ ਵਾਲਿਆਂ ਨੇ ਲਈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਟਰੱਸਟ ਬੰਗਾ ਦੀ ਕਮੇਟੀ ਨੂੰ ਲੈ ਕੇ ਪਿਛਲੇ ਡੇਢ-2 ਸਾਲ ਤੋਂ ਰੇੜਕਾ ਚੱਲ ਰਿਹਾ ਹੈ। ਟਰੱਸਟ ਦੇ ਦਫ਼ਤਰ ਦੀਆਂ ਚਾਬੀਆਂ ਨੂੰ ਲੈ ਕੇ ਵੀ ਮਾਮਲਾ ਉਲਝਿਆ ਹੋਇਆ ਸੀ। ਟਰੱਸਟ ਦੇ ਮੌਜੂਦਾ ਪ੍ਰਧਾਨ ਡੋਗਰ ਰਾਮ ਤੇ ਕੁਝ ਹੋਰ ਮੈਂਬਰਾਂ ਦਾ ਦੋਸ਼ ਸੀ ਕਿ ਦੂਜੇ ਧਿਰ ਨੇ ਧੱਕੇ ਨਾਲ ਦਫ਼ਤਰ 'ਤੇ ਕਬਜ਼ਾ ਕਰ ਕੇ ਚਾਬੀਆਂ ਆਪਣੇ ਕੋਲ ਰੱਖ ਲਈਆਂ ਹਨ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਵਿਦਾਸ ਜੀ ਦੇ ਆ ਰਹੇ ਪ੍ਰਕਾਸ਼ ਉਤਸਵ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਸ ਟਰੱਸਟ ਦੇ ਮੈਂਬਰਾਂ ਨੂੰ ਦਫ਼ਤਰ ਦੀਆਂ ਚਾਬੀਆਂ ਸੌਂਪੀਆਂ ਸਨ ਪਰ ਚਾਬੀਆਂ ਮਿਲਣ ਦੇ ਬਾਅਦ ਦਫ਼ਤਰ ਖੋਲ੍ਹਿਆ ਤਾਂ ਉਥੇ ਇਨ੍ਹਾਂ ਮੈਂਬਰਾਂ ਨੂੰ ਕੁਝ ਬੇਨਿਯਮੀਆਂ ਦਿਖੀਆਂ। ਟਰੱਸਟ ਦੇ ਪ੍ਰਧਾਨ ਡੋਗਰ ਰਾਮ ਮੁਨੀਮ ਤੇ ਮੈਂਬਰ ਲੇਖ ਰਾਜ ਨੇ ਦੱਸਿਆ ਕਿ ਉਹ ਤਾਂ ਆਪਣਾ ਫਰਜ਼ ਸਮਝਦੇ ਹੋਏ ਜਾਂਚ ਲਈ ਪੁਲਸ ਅਧਿਕਾਰੀ ਨੂੰ ਦਰਖਾਸਤ ਦੇਣ ਲਈ ਗਏ ਸਨ ਪਰ ਅੱਗੋਂ ਪੁਲਸ ਅਧਿਕਾਰੀ ਦੇ ਸ਼ਬਦ ਸੁਣ ਕੇ ਉਹ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਕਿਹਾ ਕਿ ਉਕਤ ਪੁਲਸ ਅਧਿਕਾਰੀ ਵੱਲੋਂ ਕੀਤੇ ਵਰਤਾਅ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਸ ਦੇ ਡੀ.ਜੀ.ਪੀ. ਨੂੰ ਸ਼ਿਕਾਇਤ ਕਰਨਗੇ।
ਮੈਂ ਜੋ ਕਿਹਾ 'ਲੀਗਲੀ' ਕਿਹਾ : ਸਰਤਾਜ ਸਿੰਘ
ਜਦੋਂ ਇਸ ਸਬੰਧੀ ਏ.ਐੱਸ.ਪੀ. ਸਰਤਾਜ ਸਿੰਘ ਚਾਹਲ ਨਾਲ ਸੰਪਰਕ ਕੀਤਾ ਅਤੇ ਵਰਤੀ ਸ਼ਬਦਾਵਲੀ ਬਾਰੇ ਪੁੱਛਿਆ ਤਾਂ ਪਹਿਲਾਂ ਉਹ 3-4 ਮਿੰਟ ਚੁੱਪ ਰਹੇ ਅਤੇ ਬਾਅਦ 'ਚ ਕਹਿਣ ਲੱਗੇ ਕਿ ਮੈਂ ਜੋ ਵੀ ਕਿਹਾ 'ਲੀਗਲੀ' ਕਿਹਾ।
ਏ.ਐੱਸ.ਪੀ. ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰ ਸਕਦੇ : ਐੱਸ.ਐੱਸ.ਪੀ.
ਜ਼ਿਲਾ ਪੁਲਸ ਮੁਖੀ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਇਸ ਟਰੱਸਟ ਦੇ ਮਾਮਲੇ ਦੇ ਹੱਲ ਲਈ ਪੁਲਸ ਨੇ ਕਈ ਮੀਟਿੰਗਾਂ ਕੀਤੀਆਂ ਹਨ ਤੇ ਏ.ਐੱਸ.ਪੀ. ਨੇ ਵੀ ਬਹੁਤ ਜੱਦੋ-ਜਹਿਦ ਕੀਤੀ ਹੈ। ਉਨ੍ਹਾਂ ਕਿਹਾ ਕਿ ਏ.ਐੱਸ.ਪੀ. ਅਜਿਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰ ਸਕਦੇ।
ਜ਼ਿਲੇ ਦੇ ਮਾੜੇ ਨਤੀਜੇ ਵਾਲੇ 600 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
NEXT STORY