ਹੁਸ਼ਿਆਰਪੁਰ, (ਅਮਰਿੰਦਰ)- ''ਮੈਂ ਪਿਆਰ 'ਚ ਇਕ ਵਾਰ ਨਹੀਂ ਤਿੰੰਨ ਵਾਰ ਧੋਖਾ ਖਾਧਾ ਹੈ। ਇਸ ਦੌਰਾਨ ਜਿਥੇ ਇਕ ਬੱਚੀ ਨੂੰ ਜਨਮ ਦਿੱਤਾ, ਉੱਥੇ ਹੀ ਮਾਨਸਿਕ ਪ੍ਰੇਸ਼ਾਨੀ ਕਾਰਨ ਦੌਰਾਨ ਦੂਜੀ ਵਾਰ ਗਰਭਪਾਤ ਹੋ ਗਿਆ। ਤਲਾਕ ਦੇ ਬਾਅਦ ਵੀ ਦੋਸ਼ੀ ਮੈਨੂੰ ਧੋਖੇ ਨਾਲ ਚਿੰਤਪੂਰਨੀ ਲਿਜਾ ਤੇ ਸਰੀਰਕ ਸਬੰਧ ਬਣਾ ਕੇ ਹੁਣ ਪੁਲਸ ਕੋਲ ਨਾ ਜਾਣ ਦੀ ਧਮਕੀ ਦੇ ਕੇ ਮੇਰੀ ਮਾਸੂਮ ਬੱਚੀ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਮੈਂ ਇਨਸਾਫ਼ ਪਾਉਣ ਲਈ ਲਗਾਤਾਰ ਪੁਲਸ ਨਾਲ ਸੰਪਰਕ ਕਰ ਰਹੀ ਹਾਂ ਪਰ ਮੈਨੂੰ ਨਿਆਂ ਨਹੀਂ ਮਿਲ ਰਿਹਾ।''
ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਆਪਣੀ ਬੱਚੀ ਦੇ ਜ਼ਖ਼ਮ ਦੀ ਐੱਮ.ਐੱਲ.ਆਰ. ਰਿਪੋਰਟ ਲੈਣ ਪਹੁੰਚੀ ਜ਼ਿਲੇ ਦੇ ਪਿੰਡ ਖਨੌੜਾ ਦੀ ਰਹਿਣ ਵਾਲੀ 28 ਸਾਲਾ ਪੀੜਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੀ ਉਕਤ ਦੁੱਖ ਭਰੀ ਦਾਸਤਾਨ ਸੁਣਾਈ। ਪੀੜਤਾ ਨੇ ਕਿਹਾ ਕਿ ਉਹ ਹੁਣ ਸਿਰਫ਼ ਧੋਖੇਬਾਜ਼ ਨੂੰ ਜੇਲ ਦੀਆਂ ਸੀਖਾਂ ਪਿੱਛੇ ਭੇਜਣਾ ਚਾਹੁੰਦੀ ਹੈ, ਹੋਰ ਕੁਝ ਨਹੀਂ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਖਨੌੜਾ 'ਚ ਰਹਿੰਦੇ ਹੋਏ ਸਾਲ 2012 'ਚ ਹੁਸ਼ਿਆਰਪੁਰ 'ਚ ਕੰਮ ਕਰਦੀ ਸੀ। ਰੋਜ਼ਾਨਾ ਘਰ ਵਾਪਸ ਪਰਤਣ ਦੌਰਾਨ ਉਹ ਖੁਸ਼ਹਾਲਪੁਰ ਦੇ ਬੱਸ ਕੰਡਕਟਰ ਦੋਸ਼ੀ ਨੌਜਵਾਨ ਦੇ ਸੰਪਰਕ 'ਚ ਆ ਗਈ। ਇਸ ਦੌਰਾਨ ਉਹ ਗਰਭਵਤੀ ਹੋ ਗਈ ਪਰ ਕੰਡਕਟਰ ਵਿਆਹ ਤੋਂ ਇਨਕਾਰ ਕਰਨ ਲੱਗਾ। ਬਾਅਦ 'ਚ ਪੰਚਾਇਤ ਅਤੇ ਪੁਲਸ ਵਿਚ ਸਮਝੌਤਾ ਹੋਣ 'ਤੇ 2 ਜਨਵਰੀ 2013 ਨੂੰ ਵਿਆਹ ਕਰ ਲਿਆ। ਇਸ ਦੌਰਾਨ ਬੇਟੀ ਨੂੰ ਜਨਮ ਦੇਣ 'ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਇਸੇ ਵਿਚ ਐੱਨ.ਡੀ.ਪੀ.ਐੱਸ. ਐਕਟ ਅਧੀਨ ਇਕ ਕੇਸ 'ਚ ਉਕਤ ਨੌਜਵਾਨ ਨੂੰ ਕੈਦ ਹੋ ਗਈ। ਬਾਅਦ 'ਚ ਹੁਸ਼ਿਆਰਪੁਰ ਦੀ ਅਦਾਲਤ ਵਿਚ ਸਾਡਾ 4 ਜੁਲਾਈ 2016 ਨੂੰ ਤਲਾਕ ਹੋ ਗਿਆ।
ਮੈਂ ਉਸ 'ਤੇ ਦੁਬਾਰਾ ਭਰੋਸਾ ਕੀਤਾ ਪਰ ਮਿਲਿਆ ਫਿਰ ਧੋਖਾ : ਪੀੜਤਾ ਨੇ ਦੋਸ਼ ਲਾਇਆ ਕਿ ਜੇਲ ਵਿਚੋਂ ਆਉਣ ਤੋਂ ਬਾਅਦ ਉਕਤ ਵਿਅਕਤੀ ਦੁਬਾਰਾ ਫਿਰ ਤੋਂ ਉਸ ਨਾਲ ਘਰ ਵਸਾਉਣ ਦੀ ਗੱਲ ਕਰਨ ਲੱਗਾ। ਧੋਖਾ ਖਾਣ ਦੇ ਬਾਵਜੂਦ ਆਪਣੀ ਬੱਚੀ ਦੇ ਭਵਿੱਖ ਨੂੰ ਧਿਆਨ 'ਚ ਰੱਖ ਕੇ ਮੈਂ ਸਹਿਮਤ ਹੋ ਗਈ ਤਾਂ ਦੋਸ਼ੀ ਉਸ ਨੂੰ ਚਿੰਤਪੂਰਨੀ ਲਿਜਾ ਕੇ ਇਕ ਹੋਟਲ ਦੇ ਕਮਰੇ 'ਚ 5 ਜੁਲਾਈ 2017 ਨੂੰ ਵਿਆਹ ਕਰ ਕੇ ਫਿਰ ਤੋਂ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਲੱਗਾ ਪਰ ਆਪਣੇ ਨਾਲ ਘਰ ਨਹੀਂ ਲੈ ਕੇ ਗਿਆ। ਜਦੋਂ ਉਹ ਫਿਰ ਗਰਭਵਤੀ ਹੋ ਗਈ ਤਾਂ ਉਹ 25 ਅਕਤੂਬਰ 2017 ਨੂੰ ਉਸ 'ਤੇ ਗਰਭਪਾਤ ਕਰਵਾਉਣ ਲਈ ਜ਼ੋਰ ਪਾਉਣ ਲੱਗਾ ਪਰ ਮੈਂ ਨਹੀਂ ਮੰਨੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਮੈਨੂੰ ਇਸ ਤਰ੍ਹਾਂ ਜ਼ਲੀਲ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਕਿ ਇਕ ਦਿਨ ਉਸ ਦਾ ਗਰਭਪਾਤ ਹੋ ਗਿਆ। ਦੋਸ਼ੀ 'ਤੇ ਦੁਬਾਰਾ ਭਰੋਸਾ ਕਰ ਕੇ ਮੈਨੂੰ ਫਿਰ ਧੋਖਾ ਹੀ ਮਿਲਿਆ।
ਤੀਜੀ ਵਾਰ ਪੁਲਸ ਕੋਲ ਸ਼ਿਕਾਇਤ ਦੇ ਕੇ ਕੀਤਾ ਧੋਖਾ : ਤੀਜੀ ਵਾਰ ਦੋਸ਼ੀ ਨੇ ਪੁਲਸ ਕੋਲ ਝੂਠੀ ਸ਼ਿਕਾਇਤ ਦੇ ਕੇ ਮੇਰੇ ਨਾਲ ਧੋਖਾ ਕੀਤਾ। ਗਰਭਪਾਤ ਹੋ ਜਾਣ ਦੇ ਬਾਅਦ ਵੀ ਮੈਂ ਉਸ ਨਾਲ ਰਹਿਣ ਨੂੰ ਤਿਆਰ ਸੀ ਪਰ ਉਹ ਨਹੀਂ ਮੰਨ ਰਿਹਾ ਸੀ। ਇਸੇ 'ਚ 2 ਨਵੰਬਰ 2017 ਨੂੰ ਜਦੋਂ ਉਹ ਪੁਲਸ ਕੋਲ ਪਹੁੰਚੀ ਤਾਂ ਦੋਸ਼ੀ ਨੇ ਭਰੋਸਾ ਦਿੱਤਾ ਕਿ ਉਹ 9 ਨਵੰਬਰ 2017 ਨੂੰ ਅਦਾਲਤ 'ਚ ਜਾ ਕੇ ਫਿਰ ਤੋਂ ਵਿਆਹ ਕਰ ਲਵੇਗਾ। ਵਿਆਹ ਤੋਂ ਇਕ ਦਿਨ ਪਹਿਲਾਂ ਦੋਸ਼ੀ ਨੇ ਐੱਸ.ਐੱਸ.ਪੀ. ਅੱਗੇ ਪੇਸ਼ ਹੋ ਕੇ ਉਲਟਾ ਮੇਰੇ ਖਿਲਾਫ਼ ਹੀ ਸ਼ਿਕਾਇਤ ਕਰ ਦਿੱਤੀ ਤਾਂ ਮੇਰਾ ਉਸ ਉਪਰੋਂ ਵਿਸ਼ਵਾਸ ਉੱਠ ਗਆ। ਪੀੜਤਾ ਅਨੁਸਾਰ ਜਦੋਂ ਉਹ ਫਿਰ ਤੋਂ ਪੁਲਸ ਕੋਲ ਨਿਆਂ ਲੈਣ ਲਈ ਸ਼ਿਕਾਇਤ ਲੈ ਕੇ ਪਹੁੰਚੀ ਤਾਂ ਦੋਸ਼ੀ ਮੇਰੀ ਬੱਚੀ ਨੂੰ ਪ੍ਰੇਸ਼ਾਨ ਕਰਨ ਲੱਗਾ ਤਾਂ ਕਿ ਮੈਂ ਸ਼ਿਕਾਇਤ ਵਾਪਸ ਲੈ ਲਵਾਂ। ਮੈਨੂੰ ਇਨਸਾਫ਼ ਚਾਹੀਦਾ ਹੈ, ਕਿਸੇ ਵੀ ਤਰ੍ਹਾਂ।
ਕੀ ਕਹਿੰਦੇ ਹਨ ਡੀ. ਐੱਸ. ਪੀ. : ਜਦੋਂ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਡੀ.ਐੱਸ.ਪੀ. (ਡੀ) ਗੁਰਜੀਤ ਪਾਲ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਪੀੜਤਾ ਦੀ ਸ਼ਿਕਾਇਤ ਮੇਰੇ ਕੋਲ ਆਈ ਸੀ। ਜਾਂਚ ਦੌਰਾਨ ਕਾਨੂੰਨੀ ਰਾਇ ਲੈਣ ਲਈ ਪੁਲਸ ਨੇ ਇਹ ਕੇਸ ਨੂੰ ਡੀ. ਏ. ਲੀਗਲ ਕੋਲ ਭੇਜਿਆ ਹੈ ਪਰ ਉਸ ਦੀ ਅਜੇ ਰਿਪੋਰਟ ਨਹੀਂ ਆਈ। ਦੂਜੀ ਗੱਲ ਸ਼ਿਕਾਇਤ ਆਉਣ ਦੇ ਬਾਅਦ ਤੋਂ ਹੀ ਦੋਸ਼ੀ ਗਾਇਬ ਹੈ, ਜਦਕਿ ਜਾਂਚ 'ਚ ਉਸ ਦਾ ਬਿਆਨ ਜ਼ਰੂਰੀ ਹੈ। ਫਿਲਹਾਲ ਡੀ. ਏ. ਲੀਗਲ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ। ਪੀੜਤਾ ਨੁੰ ਇਨਸਾਫ਼ ਜ਼ਰੂਰ ਮਿਲੇਗਾ।
ਦਿਨ-ਦਿਹਾੜੇ ਲੁਟੇਰਿਆਂ ਬਜ਼ੁਰਗ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟੀ
NEXT STORY