ਬਠਿੰਡਾ (ਵਰਮਾ)- ਵਿਜੀਲੈਂਸ ਬਿਊਰੋ ਨੇ ਸੀ.ਆਈ. ਏ-1 ਵਿਚ ਤਾਇਨਾਤ ਇਕ ਏ . ਐੱਸ. ਆਈ. ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਨਾਮਜ਼ਦ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਮੁਲਜ਼ਮ ਅਜੇ ਵੀ ਲੁਕਿਆ ਹੋਇਆ ਹੈ। ਵਿਜੀਲੈਂਸ ਟੀਮ ਹੁਣ ਮਾਮਲੇ ’ਚ ਵਰਤੀ ਗਈ ਯੂ.ਪੀ.-ਰਜਿਸਟਰਡ ਬ੍ਰੇਜ਼ਾ ਕਾਰ ਦੀ ਭਾਲ ਕਰ ਰਹੀ ਹੈ। ਇਕ ਸ਼ੱਕੀ ਮੋਬਾਈਲ ਫੋਨ ਨੰਬਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਪੈਸੇ ਮੰਗਣ ਲਈ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ, ਵਿਜੀਲੈਂਸ ਬਿਊਰੋ ਨੇ ਕਾਰੋਬਾਰੀ ਦੁਸ਼ਯੰਤ ਬਾਂਸਲ ਦੀ ਸ਼ਿਕਾਇਤ ਦੇ ਆਧਾਰ ’ਤੇ ਏ. ਐੱਸ. ਆਈ. ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਸੀ. ਆਈ. ਏ-1 ਦੇ ਕੁਝ ਅਧਿਕਾਰੀ ਉਸ ਤੋਂ ਪੰਜ ਲੱਖ ਰੁਪਏ ਦੀ ਮੰਗ ਕਰ ਰਹੇ ਸਨ, ਉਸ ਨੂੰ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਰਹੇ ਸਨ। ਕਾਰੋਬਾਰੀ ਦੇ ਅਨੁਸਾਰ ਮੁਲਜ਼ਮ ਅਧਿਕਾਰੀਆਂ ਨੇ ਉਸ ਨੂੰ ਡਰਾਉਣ ਲਈ ਕਈ ਵਾਰ ਉਸਦੇ ਘਰ ਗੈਰ-ਕਾਨੂੰਨੀ ਤੌਰ ’ਤੇ ਛਾਪਾ ਮਾਰਿਆ।
ਇਸ ਤੋਂ ਇਲਾਵਾ ਉਸ ਨੂੰ ਯੂ. ਪੀ.-ਰਜਿਸਟਰਡ ਬ੍ਰੇਜ਼ਾ ਕਾਰ ’ਚ ਬੈਠਣ ਲਈ ਵੀ ਮਜਬੂਰ ਕੀਤਾ ਗਿਆ। ਇਸ ਸਮੇਂ ਦੌਰਾਨ ਪੈਸੇ ਮੰਗਦੇ ਇਕ ਮੋਬਾਈਲ ਨੰਬਰ ਤੋਂ ਕਾਲਾਂ ਕੀਤੀਆਂ ਗਈਆਂ। ਸ਼ਿਕਾਇਤਕਰਤਾ ਨੇ ਇਨ੍ਹਾਂ ਘਟਨਾਵਾਂ ਦੀਆਂ ਆਡੀਓ ਰਿਕਾਰਡਿੰਗਾਂ ਵੀ ਵਿਜੀਲੈਂਸ ਵਿਭਾਗ ਨੂੰ ਸੌਂਪੀਆਂ ਹਨ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਏ. ਐੱਸ. ਆਈ. ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ।
ਹਾਲਾਂਕਿ, ਮੁਲਜ਼ਮ ਅਜੇ ਵੀ ਫਰਾਰ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਹੁਣ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ’ਤੇ ਟਰਾਂਸਪੋਰਟ ਵਿਭਾਗ ਤੋਂ ਪੂਰੀ ਜਾਣਕਾਰੀ ਇਕੱਠੀ ਕਰ ਰਹੀ ਹੈ। ਸ਼ੱਕੀ ਦੇ ਮੋਬਾਈਲ ਨੰਬਰ ਦੇ ਕਾਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਇਸ ਮਾਮਲੇ ’ਚ ਸੀ. ਆਈ. ਏ-1 ਦੇ ਹੋਰ ਪੁਲਸ ਅਧਿਕਾਰੀ ਸ਼ਾਮਲ ਹੋ ਸਕਦੇ ਹਨ। ਸਿੱਟੇ ਵਜੋਂ ਜਾਂਚ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਸਾਰੇ ਸਬੰਧਤ ਕਰਮਚਾਰੀਆਂ ਨੂੰ ਰਾਡਾਰ ’ਤੇ ਰੱਖਿਆ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ।
ਪੰਜਾਬ 'ਚ ਇਕ ਹੋਰ ਦਰਦਨਾਕ ਘਟਨਾ, ਅਧਿਆਪਕ ਤੋਂ ਦੁਖੀ ਰੋਡੇ ਕਾਲਜ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
NEXT STORY