ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਦਿੱਲੀ 'ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸਰਕਾਰ ਬਣਾਈ ਹੈ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਇਕ ਆਸ ਜਾਗੀ ਹੈ ਕਿ ਸ਼ਾਇਦ ਉਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਤੌਰ 'ਤੇ ਤੀਜਾ ਬਦਲ ਮਿਲ ਸਕੇ। ਫਿਲਹਾਲ ਵੱਡਾ ਸਵਾਲ ਇਹ ਹੈ ਕਿ ਅਗਲੇ 2 ਸਾਲਾਂ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਆਪਣੇ ਪੈਰ ਇਸ ਤਰ੍ਹਾਂ ਨਾਲ ਜਮਾ ਸਕੇਗੀ ਕਿ ਉਹ ਦਿੱਲੀ ਤੋਂ ਬਾਅਦ ਦੂਜੇ ਸੂਬੇ ਪੰਜਾਬ 'ਚ ਸਰਕਾਰ ਬਣਾਉਣ ਲਾਇਕ ਬਣ ਸਕੇ। ਪੰਜਾਬ 'ਚ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੈ, ਜੋ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੇ ਹਨ। ਨਾ ਸਿਰਫ ਆਮ ਜਨਤਾ ਹੀ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੈ, ਸਗੋਂ ਕਾਂਗਰਸ ਦੇ ਆਪਣੇ ਆਗੂ ਹੀ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਦੁਖੀ ਹੈ ਅਤੇ ਆਪਣੀ ਸਰਕਾਰ ਦੇ ਹੁੰਦੇ ਧਰਨਾ ਲਾ ਰਹੇ ਹਨ।
ਜੇਕਰ ਗੱਲ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਕਰੀਏ ਤਾਂ ਦੋਵਾਂ ਪਾਰਟੀਆਂ ਨੂੰ ਜਿਸ ਤਰ੍ਹਾਂ ਹਰਿਆਣਾ ਅਤੇ ਦਿੱਲੀ 'ਚ ਇਕ ਦੂਜੇ ਨਾਲ ਲੜਦਿਆਂ ਵੇਖਿਆ ਗਿਆ ਅਤੇ ਜਿਸ ਤਰ੍ਹਾਂ ਦਿੱਲੀ 'ਚ 70 ਫੀਸਦੀ ਅਕਾਲੀ ਵੋਟਾਂ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੀਆਂ ਹਨ, ਉਸ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਦੋਵਾਂ ਪਾਰਟੀਆਂ ਦੇ ਇਕਜੁੱਟ ਹੋ ਕੇ ਲੜਨ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਭਾਵੇਂ ਦੋਵਾਂ ਪਾਰਟੀਆਂ ਵੱਲੋਂ ਇਹ ਦਰਸਾਇਆ ਜਾ ਰਿਹਾ ਹੈ ਕਿ ਉਨ੍ਹਾਂ 'ਚ ਕੋਈ ਵਿਵਾਦ ਨਹੀਂ ਹੈ ਪਰ ਹੋ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਦੋਵਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਪੰਗਾ ਪਵੇ।
ਕਾਂਗਰਸ ਸਰਕਾਰ 'ਚ ਕੇਬਲ, ਮਾਈਨਿੰਗ, ਟਰਾਂਸਪੋਰਟ ਮਾਫੀਆ ਪਹਿਲਾਂ ਵਾਂਗ ਹੀ ਕਰ ਰਿਹੈ ਆਪਣੀ ਮਨਮਰਜ਼ੀ
ਇਸ ਦੌਰਾਨ ਜੇਕਰ ਗੱਲ ਸੋਸ਼ਲ ਮੀਡੀਆ 'ਤੇ ਆਮ ਜਨਤਾ ਦੀ ਪਸੰਦ ਦੀ ਕਰੀਏ ਤਾਂ ਲੋਕ ਹੁਣ ਆਮ ਗੱਲਾਂ ਕਰਦੇ ਦਿਸਦੇ ਹਨ ਕਿ ਪੰਜਾਬ ਵਿਚ ਰਵਾਇਤੀ ਪਾਰਟੀਆਂ ਦੀ ਬਜਾਏ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਲੋਕ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੰਜਾਬ 'ਚ ਕਾਂਗਰਸ ਅਤੇ ਅਕਾਲੀ ਫ੍ਰੈਂਡਲੀ ਮੈਚ ਖੇਡਦੇ ਆ ਰਹੇ ਹਨ। ਅਕਾਲੀ ਦਲ ਦੀ ਸਰਕਾਰ ਵਿਚ ਕਾਂਗਰਸੀ ਆਗੂਆਂ ਦੇ ਕੰਮ ਨਹੀਂ ਰੁਕਦੇ ਅਤੇ ਕਾਂਗਰਸ ਦੀ ਸਰਕਾਰ ਵਿਚ ਕੇਬਲ, ਮਾਈਨਿੰਗ, ਟਰਾਂਸਪੋਰਟ ਮਾਫੀਆ ਪਹਿਲਾਂ ਵਾਂਗ ਹੀ ਆਪਣੀ ਮਨਮਰਜ਼ੀ ਕਰ ਰਿਹਾ ਹੈ। ਅਜਿਹੇ 'ਚ ਲੋਕ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦੇਣਾ ਚਾਹੁੰਦੇ ਹਨ। ਪਰ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਮੌਜੂਦਾ ਹਾਲਾਤ ਨੂੰ ਦੇਖ ਕੇ ਇਹ ਖਦਸ਼ਾ ਪੈਦਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਦੋਬਾਰਾ ਕਿਵੇਂ ਸਟੈਂਡ ਹੋ ਸਕੇਗੀ।
ਅੰਦਰੂਨੀ ਕਲੇਸ਼ ਵਧਣ ਤੋਂ ਬਾਅਦ 'ਆਪ' ਦੀ ਹਾਲਤ ਹੋਈ ਸੀ ਬੇਹੱਦ ਖਸਤਾ
ਸਾਲ 2014 ਵਿਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੇਹੱਦ ਪਸੰਦ ਕੀਤਾ ਸੀ ਅਤੇ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਸਿਰਫ ਪੰਜਾਬ 'ਚੋਂ ਹੀ ਜਿੱਤੇ ਸਨ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿਚ ਅੰਦਰੂਨੀ ਕਲੇਸ਼ ਵਧਿਆ ਅਤੇ ਦੇਖਦੇ ਹੀ ਦੇਖਦੇ ਕਈ ਪ੍ਰਧਾਨ ਬਦਲੇ ਅਤੇ ਵਿਧਾਨ ਸਭਾ ਚੋਣਾਂ ਤੋਂ ਆਮ ਆਦਮੀ ਪਾਰਟੀ ਦੀ ਹਾਲਤ ਬੇਹੱਦ ਖਸਤਾ ਹੋ ਗਈ ਸੀ। 2017 'ਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ 23.8 ਫੀਸਦੀ ਵੋਟਾਂ ਪਈਆਂ ਸਨ ਅਤੇ ਪਾਰਟੀ ਦੇ ਡੇਢ ਦਰਜਨ ਦੇ ਕਰੀਬ ਵਿਧਾਇਕ ਜਿੱਤੇ ਸਨ ਪਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਇੰਨਾ ਬੁਰਾ ਹਾਲ ਹੋਇਆ ਕਿ ਪਾਰਟੀ 13 ਲੋਕ ਸਭਾ ਸੀਟਾਂ 'ਚੋਂ ਸਿਰਫ ਇਕ ਸੀਟ ਭਗਵੰਤ ਮਾਨ ਵਾਲੀ ਹੀ ਜਿੱਤ ਸਕੀ ਅਤੇ ਪਾਰਟੀ ਦੀ ਝੋਲੀ 'ਚ ਸਿਰਫ 7.6 ਫੀਸਦੀ ਹੀ ਵੋਟਾਂ ਪਈਆਂ। ਇਸ ਤੋਂ ਬਾਅਦ ਵੀ ਪਾਰਟੀ ਦਾ ਅੰਦਰੂਨੀ ਕਲੇਸ਼ ਨਹੀਂ ਮੁੱਕਿਆ। ਪਾਰਟੀ ਦੇ ਕਈ ਵਿਧਾਇਕਾਂ ਨੇ ਸੁਖਪਾਲ ਖਹਿਰਾ ਨਾਲ ਮਿਲ ਕੇ ਪਾਰਟੀ ਨੂੰ ਛੱਡ ਦਿੱਤਾ ਅਤੇ ਵਿਧਾਨ ਸਭਾ 'ਚ ਆਪਣਾ ਵੱਖਰਾ ਹੀ ਰਾਗ ਅਲਾਪਣ ਵਿਚ ਲੱਗੇ ਰਹੇ। ਪਾਰਟੀ ਵਲੋਂ ਕਈ ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਕੰਵਰ ਸੰਧੂ ਅਤੇ ਫੂਲਕਾ ਜਿਹੇ ਆਗੂਆਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਇਸ ਤੋਂ ਬਾਅਦ ਪਾਰਟੀ ਦੇ ਆਗੂ ਉਪ ਚੋਣਾਂ ਵਿਚ ਵੀ ਮੂੰਹ ਦੀ ਖਾ ਕੇ ਬੈਠ ਗਏ।
ਇਸ ਦੌਰਾਨ ਹੁਣ ਆਮ ਆਦਮੀ ਪਾਰਟੀ ਕੀ ਪੰਜਾਬ 'ਚ ਕੋਈ ਨਵੀਂ ਯੋਜਨਾ ਲਿਆਵੇਗੀ, ਜਿਸ ਨਾਲ ਪਾਰਟੀ ਮਜ਼ਬੂਤ ਹੋ ਸਕੇ, ਇਸ ਬਾਰੇ ਪਾਰਟੀ ਦੇ ਪੰਜਾਬ ਇਕਾਈ ਦੇ ਆਗੂ ਅਮਨ ਅਰੋੜਾ ਨੇ ਕਿਹਾ ਕਿ ਫਿਲਹਾਲ ਕੁਝ ਹੀ ਦਿਨ ਹੋਏ ਹਨ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਤੇ ਉਸ ਤੋਂ ਬਾਅਦ ਦਿੱਲੀ ਦਾ ਮਾਹੌਲ ਵਿਗੜਿਆ ਹੋਇਆ ਹੈ ਅਤੇ ਹਾਈਕਮਾਨ ਸਾਰਾ ਧਿਆਨ ਉਧਰ ਹੈ। ਪੰਜਾਬ ਦੇ ਵਿਧਾਨ ਸਭਾ ਸੈਸ਼ਨ 'ਚ ਪੰਜਾਬ ਦੇ ਆਗੂ ਰੁਝੇ ਹੋਏ ਹਨ। ਇਸ ਲਈ ਹਾਈਕਮਾਨ ਅਜੇ ਇਸ ਵੱਲ ਧਿਆਨ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਪੰਜਾਬ 'ਚ ਕਿਹੜਾ ਵੱਡਾ ਚਿਹਰਾ ਅੱਗੇ ਲਿਆਉਣਾ ਹੈ ਅਤੇ ਕੀ ਯੋਜਨਾ ਲਿਆਉਣੀ ਹੈ, ਇਸ ਬਾਰੇ ਕੇਜਰੀਵਾਲ ਹੀ ਆਖਰੀ ਫੈਸਲਾ ਲੈਣਗੇ। ਇਸ ਬਾਰੇ ਫਿਲਹਾਲ ਕੁਝ ਵੀ ਆਪਣੇ ਵੱਲੋਂ ਕਹਿਣਾ ਸਹੀ ਨਹੀਂ ਹੋਵੇਗਾ।
ਇਤਿਹਾਸ ਦੀ ਡਾਇਰੀ: ਗੋਧਰਾ ਕਾਂਡ ਦੀ ਉਹ ਘਟਨਾ ਜਿਸ ਨੇ ਸਭ ਦੇ ਦਿਲ ਨੂੰ ਦਿੱਤਾ ਝੰਜੋੜ (ਵੀਡੀਓ)
NEXT STORY