ਜਲੰਧਰ(ਬੁਲੰਦ)-ਭਾਵੇਂ ਅੱਜ ਤਕ ਆਮ ਆਦਮੀ ਪਾਰਟੀ ਮੰਨਦੀ ਰਹੀ ਹੋਵੇ ਕਿ ਉਸ ਦਾ ਸ਼ਹਿਰਾਂ ਵਿਚ ਆਧਾਰ ਜ਼ਿਆਦਾ ਹੈ ਤੇ ਨੌਜਵਾਨ ਪੜ੍ਹਿਆ ਲਿਖਿਆ ਵਰਗ ਉਸ ਦਾ ਵੋਟ ਬੈਂਕ ਹੈ ਪਰ ਹੁਣ ਪਾਰਟੀ ਵਾਪਸ ਪਿੰਡਾਂ ਵਲ ਰੁਖ਼ ਕਰਨ ਦੀ ਯੋਜਨਾਬੱਧੀ 'ਤੇ ਅਮਲ ਕਰਨ ਲੱਗੀ ਹੈ ਤੇ ਪਿੰਡਾਂ ਵਿਚ ਆਪਣਾ ਆਧਾਰ ਮਜ਼ਬੂਤ ਬਣਾਉਣ ਦੇ ਯਤਨ ਕਰ ਰਹੀ ਹੈ। ਅਸਲ ਵਿਚ ਪਾਰਟੀ ਦੇਸ਼ ਭਰ ਵਿਚ ਆਪਣਾ ਆਧਾਰ ਬਣਾਉਣ ਲਈ ਨਵੀਆਂ ਪਾਲਿਸੀਆਂ ਬਣਾਉਣ ਵਿਚ ਜੁਟੀ ਹੋਈ ਹੈ। ਪਾਰਟੀ ਦੇ ਥਿੰਕ ਟੈਂਕ ਦਾ ਸੁਝਾਅ ਹੈ ਕਿ ਭਾਰਤ ਦੇ 70 ਫੀਸਦੀ ਲੋਕ ਪਿੰਡਾਂ ਵਿਚ ਵਸਦੇ ਹਨ ਤੇ ਜੇਕਰ ਪਾਰਟੀ ਨੇ ਆਪਣਾ ਮਜ਼ਬੂਤ ਆਧਾਰ ਬਣਾਉਣਾ ਹੈ ਤਾਂ ਉਸ ਨੂੰ ਪਿੰਡਾਂ ਵਲ, ਪੇਂਡੂ ਲੋਕਾਂ ਦੀ ਜੀਵਨਸ਼ੈਲੀ ਤੇ ਸਮੱਸਿਆਵਾਂ ਵਲ ਖਾਸ ਕਰ ਕਿਸਾਨਾਂ ਵਲ ਧਿਆਨ ਦੇਣਾ ਹੋਵੇਗਾ। ਇਸ ਤਰੀਕੇ ਨਾਲ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਰਵਾਇਤੀ ਤੇ ਖੇਤਰੀ ਪਾਰਟੀਆਂ ਨੂੰ ਟੱਕਰ ਦੇ ਸਕੇਗੀ। ਬੀਤੇ ਦਿਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਨੈਸ਼ਨਲ ਐਗਜ਼ੀਕਿਊਟਿਵ ਦੀ ਬੈਠਕ ਵਿਚ ਪਾਰਟੀ ਦੀ ਪੇਂਡੂ ਪਕੜ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸ ਬੈਠਕ ਵਿਚ ਦੇਸ਼ ਭਰ ਵਿਚ ਕਿਸਾਨਾਂ ਦੇ ਹੋ ਰਹੇ ਅੰਦੋਲਨਾਂ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਕਰਨ ਦੀ ਗੱਲ ਕਹੀ। ਇਥੇ ਵਰਣਨਯੋਗ ਹੈ ਕਿ ਪੰਜਾਬ ਵਿਚ 'ਆਪ' ਨੂੰ ਭਾਵੇਂ ਉਮੀਦ 100 ਸੀਟਾਂ ਦੀ ਸੀ ਪਰ ਮਿਲੀਆਂ ਸਿਰਫ 20 ਪਰ ਇਨ੍ਹਾਂ 20 ਵਿਚੋਂ ਜ਼ਿਆਦਾਤਰ ਸੀਟਾਂ ਪੇਂਡੂ ਹਲਕਿਆਂ ਵਿਚੋਂ ਮਿਲੀਆਂ। ਇਸ ਨੈਸ਼ਨਲ ਐਗਜ਼ੀਕਿਊਟਿਵ ਦੀ ਬੈਠਕ ਵਿਚ ਪਾਰਟੀ ਦੀ ਦਿੱਲੀ ਨਿਗਮ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਅਤੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਗਿਆ। ਪਾਰਟੀ ਆਗੂਆਂ ਨੇ ਦਿੱਲੀ ਵਿਚ 270 ਵਿਚੋਂ ਸਿਰਫ 48 ਸੀਟਾਂ ਤੇ ਗੋਆ ਵਿਚ ਖਾਤਾ ਵੀ ਨਾ ਖੋਲ੍ਹ ਸਕਣ 'ਤੇ ਹੈਰਾਨੀ ਪ੍ਰਗਟ ਕੀਤੀ ਤੇ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਕਹੀ। ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਤਾਂ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਸਰਕਾਰ 'ਆਪ' ਦੀ ਬਣੇਗੀ ਪਰ ਇਥੇ ਵੀ 117 ਵਿਚੋਂ ਸਿਰਫ 22 ਸੀਟਾਂ ਮਿਲ ਸਕੀਆਂ, ਜਿਨ੍ਹਾਂ ਵਿਚੋਂ ਦੋ ਲੋਕ ਇਨਸਾਫ ਪਾਰਟੀਆਂ ਦੀਆਂ ਸਨ ਪਰ ਜੋ ਮਿਲੀਆਂ ਉਹ ਪਿੰਡਾਂ ਤੋਂ ਸਨ। ਅਜਿਹੇ ਵਿਚ ਪਾਰਟੀ ਦੇ ਰਾਸ਼ਟਰੀ ਸਕੱਤਰ ਪੰਕਜ ਗੁਪਤਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਮਿਲੀਆਂ 22 ਸੀਟਾਂ ਨਾਲ ਪਾਰਟੀ ਦਾ ਹੌਸਲਾ ਵਧਿਆ ਹੈ ਤੇ ਹੁਣ ਪਾਰਟੀ ਪਿੰਡਾਂ ਵਿਚ ਆਪਣਾ ਮਜ਼ਬੂਤ ਆਧਾਰ ਬਣਾਏਗੀ ਤੇ ਕਿਸਾਨਾਂ ਦੇ ਅੰਦਲੋਨ ਨੂੰ ਪੂਰਾ ਸਮਰਥਨ ਦੇ ਕੇ ਸੂਬਾ ਸਰਕਾਰਾਂ 'ਤੇ ਦਬਾਅ ਬਣਾਵੇਗੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਪੂਰੇ ਦੇਸ਼ ਵਿਚ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕਿਸਾਨਾਂ ਦੇ ਨਾਲ ਖੜ੍ਹੀ ਹੋਵੇਗੀ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਪੰਜਾਬ ਵਿਚ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 60 ਤੋਂ ਜ਼ਿਆਦਾ ਕਿਸਾਨਾਂ ਵਲੋਂ ਆਤਮ-ਹੱਤਿਆ ਕੀਤੇ ਜਾਣ ਤੇ ਮੰਦਸੌਰ ਵਿਚ ਪੁਲਸ ਦੀਆਂ ਗੋਲੀਆਂ ਨਾਲ ਮਾਰੇ ਗਏ ਮਾਮਲਿਆਂ ਨੂੰ ਪੂਰੇ ਦੇਸ਼ ਵਿਚ ਉਠਾਵੇਗੀ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾ ਕੇ ਹੀ ਸਾਹ ਲਵੇਗੀ।
'ਆਪ' ਦੀ ਇਸ ਯੋਜਨਾਬੱਧੀ ਨਾਲ ਦੇਸ਼ ਦੇ ਪਿੰਡਾਂ ਵਿਚ ਆਧਾਰ ਕਿੰਨਾ ਮਜ਼ਬੂਤ ਹੁੰਦਾ ਹੈ, ਪਾਰਟੀ ਭਵਿੱਖ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ, ਜਿਸ ਤਰ੍ਹਾਂ ਪਾਰਟੀ ਲਗਾਤਾਰ ਕਿਸਾਨਾਂ ਅਤੇ ਪੇਂਡੂ ਇਲਾਕਿਆਂ ਵਲ ਰੁਖ ਕਰ ਰਹੀ ਹੈ, ਇਸ ਤੋਂ ਸਾਫ ਹੈ ਕਿ ਕਿਸਾਨ ਅੰਦੋਲਨ ਜ਼ਰੀਏ ਵੱਡਾ ਸਿਆਸੀ ਲਾਭ ਲੈਣਾ ਚਾਹੁੰਦੀ ਹੈ।
ਜ਼ਮੀਨ ਦੇ ਲਾਲਚ ਨੇ ਖੂਨ ਦੇ ਰਿਸ਼ਤੇ ਕੀਤੇ ਪਾਣੀ
NEXT STORY