ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਮੌਜਮ ਪਿੰਡ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਮਹਿਲਾ ਸਮੇਤ ਦੋ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਜੂਦਾ ਸਰਪੰਚ 'ਤੇ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ ਹੈ। ਹਾਲਾਂਕਿ ਮੌਕੇ 'ਤੇ ਹੋਏ ਝਗੜੇ ਦੀ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ, ਜਿਸ ਵਿਚ ਇੱਟਾਂ-ਪੱਥਰ ਸੁੱਟਦੇ ਲੋਕ ਨਜ਼ਰ ਆ ਰਹੇ ਹਨ। ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵੀ ਸਰਪੰਚ ਨਾਲ ਉਕਤ ਲੋਕਾਂ ਦਾ ਵਿਵਾਦ ਹੋਇਆ ਸੀ, ਜਿਸ ਵਿਚ ਸਰਪੰਚ ਦੀ ਲੱਤ ਤੋੜ ਦਿੱਤੀ ਗਈ ਸੀ ਅਤੇ ਪੁਲਸ ਨੇ ਉਕਤ ਲੋਕਾਂ 'ਤੇ ਮੁਕੱਦਮਾ ਵੀ ਦਰਜ ਕੀਤਾ ਸੀ।
ਜਾਣਕਾਰੀ ਦਿੰਦੇ ਹੋਏ ਪਿੰਡ ਮੌਜਮ ਨਿਵਾਸੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਉਹ ਪਰਿਵਾਰ ਸਮੇਤ ਵਿਆਹ ਸਮਾਗਮ ਵਿਚ ਜਾ ਰਹੇ ਸਨ ਕਿ ਰਸਤੇ ਵਿਚ ਉਕਤ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ, ਉਹ ਵਾਪਸ ਆਪਣੇ ਘਰ ਆ ਗਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਿੱਥੇ ਸਰਪੰਚ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਤੇ ਇੱਟ-ਪੱਥਰ ਵਰ੍ਹਾਏ ਗਏ। ਇਸ ਘਟਨਾ ਦੌਰਾਨ ਜਿੱਥੇ ਉਨ੍ਹਾਂ ਦੇ ਘਰ ਖੜ੍ਹੇ ਵਾਹਨ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਉਸ ਦੀ ਭਾਬੀ ਅਤੇ ਭਤੀਜੀ ਜ਼ਖ਼ਮੀ ਹੋ ਗਈ ਹੈ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਸਰਪੰਚ ਬੱਗੂ ਸਿੰਘ ਦਾ ਕਹਿਣਾ ਹੈ ਕਿ ਕਰੀਬ 20 ਦਿਨ ਪਹਿਲਾਂ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਉਕਤ ਲੋਕਾਂ ਦਾ ਕਿਸੇ ਨਾਲ ਝਗੜਾ ਹੋਇਆ ਸੀ। ਉਹ ਮਾਮਲਾ ਸੁਲਝਾਉਣ ਗਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਅੱਜ ਵੀ ਇਸ ਪਰਿਵਾਰ ਦੇ ਲੜਕੇ ਤੇਜ਼ਧਾਰ ਹਥਿਆਰ ਲੈ ਕੇ ਗਾਲ੍ਹਾਂ ਕੱਢਣ ਲੱਗੇ ਜਿਸ ਤੋਂ ਬਾਅਦ ਵਿਵਾਦ ਹੋ ਗਿਆ। ਹਾਲਾਂਕਿ ਸਰਪੰਚ ਨੇ ਸ਼ਮਸ਼ੇਰ ਸਿੰਘ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਿਆ ਹੈ।
ਦੂਜੇ ਪਾਸੇ ਸਦਰ ਥਾਣੇ ਦੇ ਐੱਸ.ਐੱਚ.ਓ. ਹਰਦੇਵ ਸਿੰਘ ਬੇਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੋਵਾਂ ਪੱਖਾਂ ਵਿਚ ਝਗੜਾ ਹੋਇਆ ਸੀ ਅਤੇ ਸਰਪੰਚ ਬੱਗੂ ਸਿੰਘ ਦੀ ਲੱਤ ਤੋੜ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪੁਲਸ ਨੇ ਬੱਗੂ ਸਿੰਘ ਦੀ ਸ਼ਿਕਾਇਤ 'ਤੇ 7 ਲੋਕਾਂ 'ਤੇ ਮੁਕੱਦਮਾ ਦਰਜ ਕੀਤਾ ਸੀ ਅਤੇ ਹੁਣ ਫਿਰ ਝਗੜਾ ਹੋਇਆ ਹੈ। ਇਸ ਮਾਮਲੇ ਵਿਚ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਚ.ਓ. ਹਰਦੇਵ ਸਿੰਘ ਬੇਦੀ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ: ਅਪ੍ਰੈਲ ’ਚ ਵੱਧ ਮੀਂਹ ਪੈਣ ਦੀ ਸੰਭਾਵਨਾ, ਮਈ-ਜੂਨ ਦੀਆਂ ਰਾਤਾਂ 'ਚ ਗਰਮੀ ਕੱਢੇਗੀ ਵੱਟ
NEXT STORY