ਜਲੰਧਰ— ਪੰਜਾਬ ’ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਲੱਗਾ ਹੈ। ਕੋਰੋਨਾ ਨੇ ਇਕ ਵਾਰ ਫਿਰ ਤੋਂ ਸਿਆਸਤਦਾਨਾਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ ’ਚ ਹੁਣ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਅਮਨ ਅਰੋੜਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਜਨਤਾ ਤੈਅ ਕਰੇਗੀ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਜਾਰੀ ਕੀਤਾ ਮੋਬਾਇਲ ਨੰਬਰ
ਟਵੀਟ ਕਰਦੇ ਹੋਏ ਅਮਨ ਅਰੋੜਾ ਨੇ ਲਿਖਿਆ, ‘‘ਮੇਰੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਬਿਲਕੁਲ ਤੰਦਰੁਸਤ ਅਤੇ ਵਧੀਆ ਮਹਿਸੂਸ ਕਰ ਰਿਹਾ ਹਾਂ, ਫਿਰ ਵੀ ਘਰੇਲੂ ਇਕਾਂਤਵਾਸ ’ਚ ਹਾਂ। ਜਿਹੜੇ ਵੀ ਪਿਛਲੇ ਦਿਨੀਂ ਮੇਰੇ ਸੰਪਰਕ ’ਚ ਆਏ ਹਨ, ਕ੍ਰਿਪਾ ਕਰਕੇ ਆਪਣਾ ਟੈਸਟ ਕਰਵਾ ਲੈਣ। ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਕਰਾਂ ਅਤੇ ਚੰਗੀ ਸਿਹਤ ਦੀ ਕਾਮਨਾ।’’
ਇਹ ਵੀ ਪੜ੍ਹੋ: ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ
ਜਾਣੋ ਕੀ ਹੈ ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਕੋਰੋਨਾ ਵਾਇਰਸ ਨੇ ਪੰਜਾਬ ’ਚ ਖ਼ਤਰਨਾਕ ਰੂਪ ਧਾਰ ਲਿਆ ਹੈ, ਜਿਸ ਨਾਲ ਬੁੱਧਵਾਰ 10 ਲੋਕਾਂ ਦੀ ਜਾਨ ਚਲੀ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 6481 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 906, ਲੁਧਿਆਣਾ ’ਚ 724, ਜਲੰਧਰ ’ਚ 654, ਐੱਸ. ਏ. ਐੱਸ. ਨਗਰ ’ਚ 974, ਪਠਾਨਕੋਟ ’ਚ 522, ਅੰਮ੍ਰਿਤਸਰ ’ਚ 480, ਫਤਿਹਗੜ੍ਹ ਸਾਹਿਬ ’ਚ 145, ਗੁਰਦਾਸਪੁਰ ’ਚ 264, ਹੁਸ਼ਿਆਰਪੁਰ ’ਚ 571, ਬਠਿੰਡਾ ’ਚ 172, ਰੋਪੜ ’ਚ 285, ਤਰਨਤਾਰਨ ’ਚ 61, ਫਿਰੋਜ਼ਪੁਰ ’ਚ 111, ਸੰਗਰੂਰ ’ਚ 101, ਮੋਗਾ ’ਚ 24, ਕਪੂਰਥਲਾ ’ਚ 183, ਬਰਨਾਲਾ ’ਚ 40, ਫਾਜ਼ਿਲਕਾ ’ਚ 52, ਸ਼ਹੀਦ ਭਗਤ ਸਿੰਘ ਨਗਰ 71, ਫਰੀਦਕੋਟ 45, ਮਾਨਸਾ 61, ਮੁਕਤਸਰ ’ਚ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,36,243 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16702 ਲੋਕਾਂ ਦੀ ਮੌਤ ਹੋ ਚੁੱਕੀ ਹੈ। 592760 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫ਼ਿਊ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ: ਚੋਣ ਜ਼ਾਬਤਾ ਦੀ ਉਲੰਘਣਾ ਦੀ ਸ਼ਿਕਾਇਤ ਕਰਨ ਵਾਲੇ ਨੰਬਰ ’ਤੇ ਮਿਲ ਰਹੀਆਂ ਨੇ ਅਜੀਬੋ ਗ਼ਰੀਬ ਸ਼ਿਕਾਇਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣ ਜ਼ਾਬਤਾ ਦੀ ਉਲੰਘਣਾ ਦੀ ਸ਼ਿਕਾਇਤ ਕਰਨ ਵਾਲੇ ਨੰਬਰ ’ਤੇ ਮਿਲ ਰਹੀਆਂ ਨੇ ਅਜੀਬੋ-ਗ਼ਰੀਬ ਸ਼ਿਕਾਇਤਾਂ
NEXT STORY