ਚੰਡੀਗੜ੍ਹ : ਆਮ ਆਦਮੀ ਪਾਰਟੀ ਲਈ ਸਾਲ-2019 ਮੁਸੀਬਤਾਂ ਲੈ ਕੇ ਚੜ੍ਹਿਆ ਦਿਖਾਈ ਦੇ ਰਿਹਾ ਹੈ ਕਿਉਂਕਿ ਪਾਰਟੀ ਨੂੰ ਚੜ੍ਹਦੇ ਸਾਲ ਹੀ ਝਟਕੇ ਤੇ ਝਟਕਾ ਲੱਗ ਰਿਹਾ ਹੈ। ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਨਵੀਂ ਪਾਰਟੀ 'ਪੰਜਾਬੀ ਏਕਤਾ' ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਜੈਤੋਂ ਤੋਂ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਸੋਮਵਾਰ ਨੂੰ ਅਸਤੀਫਾ ਦੇ ਸਕਦੇ ਹਨ। ਜੇਕਰ ਇੰਝ ਹੀ ਪਾਰਟੀ 'ਚ ਅਸਤੀਫਿਆਂ ਦੀ ਝੜੀ ਲੱਗਦੀ ਰਹੀ ਤਾਂ ਪਾਰਟੀ ਤੋਂ ਵਿਰੋਧੀ ਧਿਰ ਦਾ ਅਹੁਦਾ ਵੀ ਖੁੱਸ ਸਕਦਾ ਹੈ। ਅਜਿਹੇ 'ਚ ਪਾਰਟੀ ਲਈ ਇਕ ਵੱਡਾ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਇਸ ਸੰਕਟ 'ਚੋਂ ਨਿਕਲਣ ਲਈ ਪਾਰਟੀ ਪੂਰੀ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਕਾਂਗਰਸ ਕੋਲ 78, ਅਕਾਲੀ ਦਲ-ਭਾਜਪਾ ਕੋਲ 17 ਅਤੇ ਲੋਕ ਇਨਸਾਫ ਪਾਰਟੀ ਕੋਲ 2 ਵਿਧਾਇਕ ਹਨ। ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤੀਆਂ ਸਨ। ਹੁਣ ਸੁਖਪਾਲ ਖਹਿਰਾ ਅਤੇ ਫੂਲਕਾ ਦੇ ਅਸਤੀਫੇ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ 'ਆਪ' ਵਿਧਾਇਕਾਂ ਦੀ ਗਿਣਤੀ 18 ਰਹਿ ਗਈ ਹੈ। ਹੁਣ ਜੇਕਰ ਮਾਸਟਰ ਬਲਦੇਵ ਸਿੰਘ ਸਮੇਤ ਸੁਖਪਾਲ ਖਹਿਰਾ ਧੜੇ ਦੇ ਬਾਕੀ ਵਿਧਾਇਕ ਵੀ ਅਸਤੀਫਾ ਦੇ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸ ਸਕਦਾ ਹੈ। ਫਿਲਹਾਲ ਆਮ ਆਦਮੀ ਪਾਰਟੀ ਵਲੋਂ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਵਿਚ ਕੇਂਦਰ ਢਿੱਲਾ : ਕੈਪਟਨ
NEXT STORY