ਜਲੰਧਰ ( ਵੈੱਬ ਡੈਸਕ)— ਜਲੰਧਰ ਵਿਖੇ ਬੀਤੇ ਦਿਨੀਂ ਹੋਏ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਦੇ ਵਿਵਾਦ ਨੂੰ ਵੀਰਵਾਰ ਰਾਤ ਸੁਲਝਾ ਲਿਆ ਗਿਆ ਹੈ। ਮਾਮਲਾ ਸੁਲਝਣ ਤੋਂ ਬਾਅਦ ‘ਆਪ’ ਵਿਧਾਇਕ ਰਮਨ ਅਰੋੜਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਰਮਨ ਅਰੋੜਾ ਨੇ ਕਿਹਾ ਕਿ ਜੋ ਵੀ ਸਾਡੇ ਵਿਚਾਲੇ ਝਗੜਾ ਹੋਇਆ ਸੀ, ਉਸ ਨੂੰ ਪਿਆਰ ਨਾਲ ਸੁਲਝਾ ਲਿਆ ਗਿਆ ਹੈ।
ਇਹ ਵੀ ਪੜ੍ਹੋ: CM ਮਾਨ ਤੱਕ ਪੁੱਜਾ 'ਆਪ' ਵਿਧਾਇਕ ਤੇ DCP ਦਾ ਵਿਵਾਦ, ਪੁਲਸ ਕਮਿਸ਼ਨਰ ਸੰਧੂ ਦੀ ਸੂਝ-ਬੂਝ ਨੇ ਵਿਖਾਇਆ ਰੰਗ
ਪੰਜਾਬ ਸਰਕਾਰ ਵੱਲੋਂ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਕੀਤੇ ਗਏ ਤਬਾਦਲੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੇ ਤਬਾਦਲੇ ਦੀ ਗੱਲ ਹੈ, ਉਸ ’ਚ ਸਾਡਾ ਕੋਈ ਕਿਰਦਾਰ ਨਹੀਂ ਹੈ। ਇਸ ’ਚ ਜੋ ਵੀ ਕੰਮ ਹੈ, ਉਹ ਡਿਪਾਰਟਮੈਂਟ ਹੈ। ਹਾਈਕਮਾਨ ਮੇਰੇ ’ਤੇ ਵੀ ਐਕਸ਼ਨ ਲੈ ਸਕਦੀ ਹੈ ਅਤੇ ਉਨ੍ਹਾਂ ’ਤੇ ਵੀ ਐਕਸ਼ਨ ਲੈ ਸਕਦੀ ਹੈ। ਇਸ ’ਚ ਕੋਈ ਵੀ ਅਜਿਹੀ ਗੱਲ ਨਹੀਂ ਹੈ। ਮੇਰਾ ਹੁਣ ਨਰੇਸ਼ ਡੋਗਰਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਾਡੇ ਵਿਚਾਲੇ ਜੋ ਵੀ ਵਿਵਾਦ ਸੀ, ਉਸ ਨੂੰ ਪਿਆਰ-ਮੁਹੱਬਤ ਨਾਲ ਖ਼ਤਮ ਕਰ ਲਿਆ ਹੈ ਅਤੇ ਸਮਝੌਤਾ ਕਰ ਲਿਆ ਗਿਆ ਹੈ। ਉਥੇ ਹੀ ਡਾਕਟਰਾਂ ਵੱਲੋਂ ਹੜਤਾਲ ਦੀ ਦਿੱਤੀ ਗਈ ਚਿਤਾਵਨੀ ’ਤੇ ਉਨ੍ਹਾਂ ਮਾਮਲੇ ਨੂੰ ਜਲਦੀ ਹੀ ਸੁਲਝਾਉਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ: MLA ਰਮਨ ਅਰੋੜਾ ਨਾਲ ਹੋਏ ਸਮਝੌਤੇ ਮਗਰੋਂ DCP ਡੋਗਰਾ ਦਾ ਤਬਾਦਲਾ, ਜਾਣੋ ਪੂਰੇ ਦਿਨ ਦਾ ਘਟਨਾਕ੍ਰਮ
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਸਵੇਰਾ ਭਵਨ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਹੋਏ ਵਿਵਾਦ ਦਾ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਰਾਜ਼ੀਨਾਮਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਰਾਜ਼ੀਨਾਮਾ ਸ਼ਹਿਰ ਦੇ ਇਕ ਪਾਸ਼ ਹੋਟਲ ਵਿਚ ਵੀਰਵਾਰ ਸ਼ਾਮ ਨੂੰ ਹੋ ਗਿਆ। ਇਸ ਦੀ ਪੁਸ਼ਟੀ ਖੁਦ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕੀਤੀ ਹੈ।
ਬੁੱਧਵਾਰ ਦੇਰ ਰਾਤ ਤੋਂ ਵੀਰਵਾਰ ਸਵੇਰ ਤੱਕ ਸਵੇਰਾ ਭਵਨ ਵਿਚ ਚੱਲੇ ਹਾਈ ਵੋਲਟੇਜ ਡਰਾਮੇ ਦੌਰਾਨ ਪਹਿਲਾਂ ਤਾਂ ਪੁਲਸ ਪ੍ਰਸ਼ਾਸਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਰੇਸ਼ ਡੋਗਰਾ ’ਤੇ ਖੁਦ ਨੂੰ ਹਾਵੀ ਕਰਨ ਵਿਚ ਕੋਈ ਕਸਰ ਨਾ ਛੱਡੀ। ਇਸ ਤੋਂ ਬਾਅਦ ਪੁਲਸ ’ਤੇ ਡੀ. ਸੀ. ਪੀ. ਨਰੇਸ਼ ਡੋਗਰਾ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਵੀ ਦਬਾਅ ਪਾਇਆ ਗਿਆ।

ਨਰੇਸ਼ ਡੋਗਰਾ ਦੇ ਵਾਇਰਲ ਵੀਡੀਓ ਨੇ ਬਦਲਿਆ ਮਾਹੌਲ
ਹਾਲਾਂਕਿ ਵਿਵਾਦ ਤੋਂ ਬਾਅਦ ਤੜਕੇ ਲਗਭਗ ਸਵਾ 4 ਵਜੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਪੁਸ਼ਟੀ ਕੀਤੀ ਸੀ ਕਿ ਡੀ. ਸੀ. ਪੀ. ਨਰੇਸ਼ ਡੋਗਰਾ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 159, ਧਾਰਾ 307, ਐੱਸ. ਸੀ./ਐੱਸ. ਟੀ. ਐਕਟ ਅਧੀਨ ਥਾਣਾ ਨੰਬਰ 6 ਵਿਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਬਾਅਦ ਵਿਚ ਡੀ. ਸੀ. ਪੀ. ਜਗਮੋਹਨ ਸਿੰਘ ਨੇ ਸਾਫ਼ ਕਰ ਦਿੱਤਾ ਕਿ ਅਜਿਹਾ ਕੋਈ ਕੇਸ ਦਰਜ ਨਹੀਂ ਹੋਇਆ। ਵੀਰਵਾਰ ਸਵੇਰੇ ਸਾਹਮਣੇ ਆਏ ਇਕ ਵਾਇਰਲ ਵੀਡੀਓ ਨੇ ਪੂਰਾ ਮਾਹੌਲ ਹੀ ਬਦਲ ਦਿੱਤਾ।
ਵੀਡੀਓ ਵਿਚ ਨਰੇਸ਼ ਡੋਗਰਾ ਨੂੰ ਹੇਠਾਂ ਜ਼ਮੀਨ ’ਤੇ ਬਿਠਾਇਆ ਹੋਇਆ ਸੀ, ਜਦਕਿ ਇਕ ਹੋਰ ਵੀਡੀਓ ਕਲਿੱਪ ਵਿਚ ਨਰੇਸ਼ ਡੋਗਰਾ ਨੂੰ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਜਦੋਂ ਸਵੇਰਾ ਭਵਨ ਤੋਂ ਬਾਹਰ ਸੁਰੱਖਿਆ ਵਿਚਕਾਰ ਲਿਆ ਰਹੇ ਸਨ ਤਾਂ ਰਮਨ ਅਰੋੜਾ ਦੇ ਸਮਰਥਕਾਂ ਨੇ ਨਾ ਸਿਰਫ਼ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ, ਸਗੋਂ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਫਰੰਟ ਫੁੱਟ ’ਤੇ ਆ ਗਈ ਅਤੇ ਰਮਨ ਅਰੋੜਾ ਤੇ ਉਨ੍ਹਾਂ ਦੇ ਸਮਰਥਕ ਬੈਕਫੁੱਟ ’ਤੇ ਚਲੇ ਗਏ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਇਸ ਤੋਂ ਇਲਾਵਾ ਸੂਤਰਾਂ ਦੀ ਮੰਨੀਏ ਤਾਂ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਵੀਰਵਾਰ ਸਵੇਰੇ 6 ਵਜੇ ਹਸਪਤਾਲ ਵਿਚ ਜਾ ਕੇ ਐੱਮ. ਐੱਲ. ਆਰ. ਵੀ ਕਟਵਾ ਲਈ। ਇਸ ਤੋਂ ਬਾਅਦ ਉਕਤ ਐੱਮ. ਐੱਲ. ਆਰ. ਪੁਲਸ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਸ਼ਹਿਰ ਦੇ ਪੁਲਸ ਅਧਿਕਾਰੀਆਂ ਵਿਚ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਰੋਸ ਵਧਣ ਲੱਗਾ ਅਤੇ ਰਾਜ਼ੀਨਾਮੇ ਦਾ ਦਬਾਅ ਬਣਨ ਲੱਗਾ।
ਦੀਪਕ ਬਾਲੀ ਨੇ ਨਿਭਾਈ ਅਹਿਮ ਭੂਮਿਕਾ
ਸਵੇਰਾ ਭਵਨ ਵਿਚ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਹੋਏ ਵਿਵਾਦ ਨੂੰ ਹੱਲ ਕਰਨ ਲਈ ਕਈ ਪੁਲਸ ਅਫਸਰ ਜੁਟੇ ਹੋਏ ਸਨ। ਦੇਰ ਸ਼ਾਮ ਇਕ ਹੋਟਲ ਵਿਚ ਦੋਵਾਂ ਵਿਚਕਾਰ ਇਕ ਮੀਟਿੰਗ ਕਰਵਾਈ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਵੀ ਮੌਜੂਦ ਸਨ ਅਤੇ ਉਨ੍ਹਾਂ ਮਾਮਲੇ ਨੂੰ ਹੱਲ ਕਰਵਾਇਆ। ਇਸ ਸਬੰਧ ਵਿਚ ਦੀਪਕ ਬਾਲੀ ਦਾ ਕਹਿਣਾ ਸੀ ਕਿ ਕੁਝ ਗਿਲੇ-ਸ਼ਿਕਵੇ ਸਨ, ਜਿਹੜੇ ਦੂਰ ਹੋ ਗਏ ਹਨ।
ਇਹ ਵੀ ਪੜ੍ਹੋ: ਫਗਵਾੜਾ: ਨਿੱਜੀ ਯੂਨੀਵਰਸਿਟੀ ਖ਼ੁਦਕੁਸ਼ੀ ਮਾਮਲੇ 'ਚ ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਤੱਕ ਪੁੱਜਾ 'ਆਪ' ਵਿਧਾਇਕ ਤੇ DCP ਦਾ ਵਿਵਾਦ, ਪੁਲਸ ਕਮਿਸ਼ਨਰ ਸੰਧੂ ਦੀ ਸੂਝ-ਬੂਝ ਨੇ ਵਿਖਾਇਆ ਰੰਗ
NEXT STORY