ਅੰਮ੍ਰਿਤਸਰ(ਪ੍ਰਵੀਨ ਪੁਰੀ)- ਪੰਜਾਬ ਵਿਧਾਨ ਸਭਾ 'ਚ ਰੋਲੀਆਂ ਗਈਆਂ ਪੱਗਾਂ ਤੇ ਚੁੰਨੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਅਣਮਨੁੱਖੀ ਵਿਵਹਾਰ ਦੇ ਵਿਰੋਧ ਵਿਚ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਹਾਲ ਗੇਟ ਦੇ ਬਾਹਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲਾ ਪ੍ਰਧਾਨ ਕੁਲਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਵਿਚ ਵਲੰਟੀਅਰਾਂ ਦਾ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਵਿਧਾਨ ਸਭਾ ਵਿਚ ਹੋ ਰਿਹਾ ਹੈ, ਦੇ ਨਾਲ ਲੋਕਤੰਤਰ ਦਾ ਸਾਰੀ ਦੁਨੀਆ 'ਚ ਜਨਾਜ਼ਾ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਰਾਣਾ ਕੇ. ਪੀ. ਸਪੀਕਰ ਨਾ ਹੋ ਕੇ ਇਕ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੇ ਹਨ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਵਿਧਾਨ ਸਭਾ ਬਿਲਡਿੰਗ ਨਹੀਂ, ਇਕ ਪਵਿੱਤਰ ਸਥਾਨ ਹੈ, ਜਿਥੇ ਲੋਕ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਦੇ ਹਨ। ਵਿਧਾਨ ਸਭਾ ਵਿਚ ਲੋਕਾਂ ਦੀ ਗੱਲ ਹੋਣੀ ਹੈ ਪਰ ਕਾਂਗਰਸ ਸਰਕਾਰ ਅਤੇ ਸਪੀਕਰ ਸਿਰਫ ਕੈਪਟਨ ਦੀ ਹੀ ਗੱਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਆਪ ਵਿਧਾਇਕਾਂ ਨੇ ਕਾਂਗਰਸੀਆਂ, ਅਕਾਲੀਆਂ ਤੇ ਹੋਰ ਆਗੂਆਂ ਦਾ ਪਰਦਾਫਾਸ਼ ਕਰਨਾ ਸੀ, ਅਜੇ ਵੀ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ, ਜੇ ਉਹ ਲੋਕਤੰਤਰ ਨੂੰ ਬਹਾਲ ਨਹੀਂ ਰੱਖ ਸਕਦੇ। ਇਸੇ ਤਰ੍ਹਾਂ ਹੀ ਸਰਬਜੋਤ ਸਿੰਘ ਜੱਫਰਵਾਲ ਨੇ ਵੀ ਇਕ ਵੱਖਰੇ ਬਿਆਨ 'ਚ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵੱਲੋਂ ਲੋਕਤੰਤਰ ਦੀਆਂ ਉਡਾਈਆਂ ਗਈਆਂ ਧੱਜੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਡਾ. ਇੰਦਰਜੀਤ ਸਿੰਘ ਨਿੱਝਰ, ਸਰਬਜੀਤ ਸਿੰਘ ਗੁੰਮਟਾਲਾ, ਅਮਰਜੀਤ ਸਿੰਘ ਭਾਟੀਆ ਕੌਂਸਲਰ ਤੇ ਸਰਬਜੀਤ ਸਿੰਘ ਘੁੰਮਣ ਨੇ ਵੀ ਕਿਹਾ ਕਿ ਲੋਕਤੰਤਰ ਦੇ ਕਾਂਗਰਸੀਆਂ ਵੱਲੋਂ ਕੱਢੇ ਗਏ ਜਨਾਜ਼ੇ ਨੂੰ ਲੋਕ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਲੋਕਤੰਤਰੀ ਢੰਗ ਨਾਲ ਹੀ ਕਾਂਗਰਸ ਨੂੰ ਇਸ ਕੋਤਾਹੀ ਦਾ ਜਵਾਬ ਦੇਣਗੇ।
ਇਸ ਮੌਕੇ ਸੁਖਜਿੰਦਰ ਸਿੰਘ ਪੰਨੂ, ਜਸਪ੍ਰੀਤ ਸਿੰਘ, ਸਤਪਾਲ ਸੋਖੀ, ਸੁਰੇਸ਼ ਸ਼ਰਮਾ, ਡਾ. ਇੰਦਰਪਾਲ, ਲਾਟੀ ਸ਼ਰਮਾ ਪ੍ਰਧਾਨ, ਮੈਡਮ ਸ਼ਿਵਾਨੀ ਸ਼ਰਮਾ, ਮੈਡਮ ਸੁਖਬੀਰ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸਵਿੰਦਰ ਕੰਵਲ, ਪ੍ਰਗਟ ਸਿੰਘ ਚੋਗਾਵਾਂ, ਰਵਿੰਦਰ ਹੰਸ, ਅਸ਼ੋਕ ਤਲਵਾੜ, ਸੋਹਨ ਸਿੰਘ ਨਾਗੀ, ਵੇਦ ਪ੍ਰਕਾਸ਼ ਬਬਲੂ, ਗੁਰਸ਼ਰਨ ਸਿੰਘ ਮਾਨਾਂਵਾਲਾ, ਸ਼ਿਵ ਚੋਗਾਵਾਂ, ਸੱਤਾ ਸਿੰਘ ਗੁਲਗੜ੍ਹ, ਤਰਵੀਜ ਸਿੰਘ ਰਾਜਾਸਾਂਸੀ ਆਦਿ ਹਾਜ਼ਰ ਸਨ।
ਸੁਖਬੀਰ ਦਾ ਮਨਪ੍ਰੀਤ 'ਤੇ ਵੱਡਾ ਹਮਲਾ, ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬ
NEXT STORY