ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਬੱਸ ਸਟੈਂਡ ਨਜ਼ਦੀਕ ਸੜਕ ਹਾਦਸਾ ਵਾਪਰਨ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਧਿਆਨ 'ਚ ਆਇਆ ਹੈ। ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜ ਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਦੇ ਉਜਵਲ ਲਹਿਰੀ ਆਪਣੇ ਸਾਥੀਆਂ ਸਣੇ ਐਂਬੂਲੈਂਸ ਰਾਹੀਂ ਉਕਤ ਘਟਨਾ ਸਥਾਨ 'ਤੇ ਪੁੱਜੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਲਿਜਾਇਆ ਗਿਆ, ਜਿਸ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਨੂੰ ਰਾਮਾਂ ਪੁਲਸ ਦੀ ਮੌਜੂਦਗੀ ਵਿਚ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤਾ ਗਿਆ। ਹੈਲਪਲਾਈਨ ਵੈੱਲਫਅਰ ਸੋਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੱਪੀ ਪੁੱਤਰ ਓਮ ਪ੍ਰਕਾਸ਼ ਵਾਸੀ ਰਾਮਾਂ ਮੰਡੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਵਿਅਕਤੀ ਆਪਣੀ ਪਤਨੀ ਅਤੇ ਆਪਣੀ ਲੜਕੀ ਸਮੇਤ ਰਾਮਾਂ ਮੰਡੀ ਤੋਂ ਤਲਵੰਡੀ ਸਾਬੋ ਰੋਡ 'ਤੇ ਸਥਿਤ ਆਪਣੇ ਘਰ ਵਿਖੇ ਜਾ ਰਹੇ ਸਨ, ਜਿਸ ਦੀ ਤੇਜ਼ ਰਫਤਾਰ ਵਾਹਨ ਥੱਲੇ ਆਉਣ ਕਾਰਨ ਮੌਤ ਹੋ ਗਈ, ਜਦੋਂ ਕਿ ਉਕਤ ਮੋਟਰਸਾਈਕਲ ਸਵਾਰ ਵਿਅਕਤੀ ਦੀ ਪਤਨੀ ਅਤੇ ਲੜਕੀ ਠੀਕ ਹਨ। ਪੁਲਸ ਕਰਮਚਾਰੀ ਹੈੱਡ ਕਾਂਸਟੇਬਲ ਮੱਖਣ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
11,500 ਕਰੋੜ ਦੇ ਘਪਲੇ ਕਾਰਨ ਕੀਤਾ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
NEXT STORY