ਰੂਪਨਗਰ, (ਵਿਜੇ)- ਸਵੇਰੇ 5 ਵਜੇ ਨਵੇਂ ਬਾਈਪਾਸ ਮਾਰਗ ’ਤੇ ਅਗਲਾ ਟਾਇਰ ਫਟਣ ਕਰਕੇ ਕੈਂਟਰ ਡਿਵਾਈਡਰ ’ਤੇ ਚਡ਼੍ਹ ਗਿਆ, ਜਿਸ ’ਚ ਪਿੱਛੋਂ ਆ ਰਹੀ ਤੇਜ਼ ਰਫਤਾਰ ਬਲੈਰੋ ਵੱਜੀ, ਜਿਸ ਕਾਰਨ ਬਲੈਰੋ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਕੈਂਟਰ ਚਾਲਕ ਮਨਜੀਤ ਸਿੰਘ ਨਿਵਾਸੀ ਯੁਮਨਾਨਗਰ (ਹਰਿਆਣਾ) ਕੈਂਟਰ ’ਚ ਆਕਸੀਜਨ ਦੇ ਸਿਲੰਡਰ ਲੋਡ ਕਰ ਕੇ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ ਕਿ ਆਸਰੋਂ ਪੁਲ ’ਤੇ ਪਹੁੰਚਦੇ (ਡੀ.ਐੱਸ. ਰਿਜ਼ੋਰਟ ਦੇ ਕੋਲ) ਕੈਂਟਰ ਦਾ ਅਗਲਾ ਟਾਇਰ ਫਟ ਗਿਆ ਅਤੇ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚਡ਼੍ਹ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫਤਾਰ ਬਲੈਰੋ ਗੱਡੀ ਉਕਤ ਹਾਦਸਾਗ੍ਰਸਤ ਕੈਂਟਰ ਦੇ ਪਿਛਲੇ ਹਿੱਸੇ ’ਚ ਜ਼ੋਰਦਾਰ ਤਰੀਕੇ ਨਾਲ ਆ ਕੇ ਵੱਜੀ, ਜਿਸ ਕਾਰਨ ਬਲੈਰੋ ’ਚ ਸਵਾਰ ਦਵਿੰਦਰ ਕੁਮਾਰ (36) ਪੁੱਤਰ ਤਰਸੇਮ ਲਾਲ ਕਾਠਗਡ਼੍ਹ ਅਤੇ ਚਾਲਕ ਜਤਿੰਦਰ ਕੁਮਾਰ (28) ਪੁੱਤਰ ਮੋਹਨ ਲਾਲ ਕਾਠਗਡ਼੍ਹ ਬੁਰੀ ਤਰਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਦੀ ਮਦਦ ਨਾਲ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ। ਇਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਰੈਫਰ ਕੀਤਾ ਗਿਆ। ਦਵਿੰਦਰ ਕੁਮਾਰ ਨੇ ਪੀ.ਜੀ.ਆਈ. ’ਚ ਦਮ ਤੋਡ਼ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬਲੈਰੋ ’ਚ ਸਵਾਰ ਵਿਅਕਤੀ ਰੂਪਨਗਰ ਸਬਜ਼ੀ ਮੰਡੀ ਤੋਂ ਸਬਜ਼ੀ ਲੋਡ ਕਰ ਕੇ ਬਲਾਚੌਰ ਵੱਲ ਜਾ ਰਹੇ ਸੀ।
ਝਗਡ਼ੇ ’ਚ 3 ਜ਼ਖ਼ਮੀ
NEXT STORY