ਤਪਾ ਮੰਡੀ (ਸ਼ਾਮ, ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਧਾਗਾ ਮਿੱਲ ਨੇੜੇ ਅੱਜ ਸਵੇਰੇ ਕਰੀਬ ਛੇ ਵਜੇ ਵਾਪਰੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਬੱਚੇ ਛੱਡ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ ਜੋ ਰੂੰ ਦੀਆਂ ਗੱਠਾਂ ਦਾ ਭਰਿਆ ਹੋਇਆ ਸੀ ਰਾਮਪੁਰਾ ਤੋਂ ਬਰਨਾਲਾ ਨੂੰ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆ ਜਾਣ ਕਾਰਨ ਉਸ ਨੇ ਸੜਕ ਕੰਢੇ ਸੈਰ ਕਰ ਰਹੇ ਰਾਮ ਸਿੰਘ ਪੁੱਤਰ ਤਰਨਾ ਸਿੰਘ ਵਾਸੀ ਜੇਠੂਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਖਤਾਨਾਂ ’ਚ ਖੜ੍ਹੇ ਇਕ ਦਰੱਖਤ ਨਾਲ ਜਾ ਟਕਰਾਇਆ।
ਟੱਕਰ ਇੰਨੀ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਦੀ ਆਵਾਜ਼ ਸੁਣਦੇ ਹੀ ਵੱਡੀ ਗਿਣਤੀ ’ਚ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਹਾਦਸਾਗ੍ਰਸਤ ਵਾਹਨ ’ਚ ਫਸੇ ਰਾਮ ਸਿੰਘ ਜੇਠੂਕੇ ਨੂੰ ਬਾਹਰ ਕੱਢਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਾਦਸੇ ’ਚ ਟਰੱਕ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਮਿੰਨੀ ਸਹਾਰਾ ਕਲੱਬ ਤਪਾ ਤੇ ਸਹਾਰਾ ਕਲੱਬ ਰਾਮਪੁਰਾ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਵਲੰਟੀਅਰਾਂ ਨੇ ਪੁਲਸ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਰਾਹਤ ਕਾਰਜਾਂ ’ਚ ਹਿੱਸਾ ਲਿਆ। ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਦੇ ਮੋਰਚਰੀ ਰੂਮ ’ਚ ਭੇਜ ਦਿੱਤਾ ਗਿਆ। ਜੇਠੂਕੇ ਹਾਈਟੈਕ ਨਾਕੇ ’ਤੇ ਸਥਿਤ ਏ. ਐੱਸ. ਆਈ. ਯਾਦਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਗਿਲ ਕਲਾਂ ਪੁਲਸ ਨੂੰ ਜਾਣੂ ਕਰਵਾਇਆ ਤਾਂ ਏ.ਐੱਸ.ਆਈ. ਪ੍ਰਕਾਸ਼ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਪ੍ਰਭਾਵਿਤ ਹੋਈ ਆਵਾਜਾਈ ਨੂੰ ਵੀ ਬਹਾਲ ਕਰਵਾ ਦਿੱਤਾ ਗਿਆ। ਇਸ ਹਾਦਸੇ ’ਚ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ।
ਰਵਨੀਤ ਬਿੱਟੂ ਨੂੰ SC ਕਮਿਸ਼ਨ ਨੇ ਫਿਰ ਕੀਤਾ ਤਲਬ, ਰਾਜਾ ਵੜਿੰਗ ਤੇ ਬਾਜਵਾ ਨੂੰ ਵੀ ਜਾਰੀ ਕੀਤਾ ਨੋਟਿਸ
NEXT STORY