ਲੁਧਿਆਣਾ (ਰਾਜ): ਸ਼ੇਰਪੁਰ ਚੌਕ 'ਤੇ ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੇ ਇਕ ਹੋਰ ਮਾਸੂਮ ਦੀ ਜਾਨ ਲੈ ਲਈ ਹੈ। ਇੱਥੇ ਗਲਤ ਦਿਸ਼ਾ ਤੋਂ ਬੇਕਾਬੂ ਹੋ ਕੇ ਆ ਰਹੀ ਇਕ ਟਰੈਕਟਰ-ਟਰਾਲੀ ਨੇ ਇਕ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਸਵਾਰ ਸਿੱਧਾ ਭਾਰੀ ਟਰਾਲੀ ਦੇ ਟਾਇਰਾਂ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਬਹੁਤ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਡਰਾਈਵਰ ਆਪਣੀ ਟਰਾਲੀ ਸੜਕ ਦੇ ਵਿਚਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਪੁਲਸ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਬਿਨਾਂ ਨੰਬਰ ਤੋਂ ਸੜਕ 'ਤੇ ਦੌੜ ਰਹੀ ਸੀ ਟਰਾਲੀ
ਜਾਂਚ ਅਧਿਕਾਰੀ ਏ.ਐੱਸ.ਆਈ. (ASI) ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਸ਼ੇਰਪੁਰ ਚੌਂਕ ਨੇੜੇ ਇਕ ਟਰੈਕਟਰ-ਟਰਾਲੀ ਨੇ ਸਾਈਕਲ ਸਵਾਰ ਨੂੰ ਦਰੜ ਦਿੱਤਾ ਹੈ। ਜਾਂਚ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਜਿਸ ਟਰੈਕਟਰ-ਟਰਾਲੀ ਨਾਲ ਹਾਦਸਾ ਹੋਇਆ, ਉਸ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਪੁਲਸ ਨੇ ਬਿਨਾਂ ਨੰਬਰੀ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਫ਼ਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ. ਨੇ ਭਰੋਸਾ ਦਿੱਤਾ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਮੇਂ ਸਿਰ ਨਹੀਂ ਮਿਲੀ ਮੈਡੀਕਲ ਸਹਾਇਤਾ
ਮੌਕੇ 'ਤੇ ਮੌਜੂਦ ਵਿਅਕਤੀ ਬਿੰਦਰ ਨੇ ਦੱਸਿਆ ਕਿ ਉਸ ਨੇ ਅਚਾਨਕ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਚੀਕ-ਚਿਹਾੜਾ ਮਚ ਗਈ। ਉਸ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਨਾ ਤਾਂ ਸਰਕਾਰੀ ਐਂਬੂਲੈਂਸ ਸਮੇਂ ਸਿਰ ਪਹੁੰਚੀ ਅਤੇ ਨਾ ਹੀ ਜ਼ਖ਼ਮੀ ਨੂੰ ਕੋਈ ਮੈਡੀਕਲ ਸਹਾਇਤਾ ਮਿਲੀ। ਅਖੀਰ ਉਨ੍ਹਾਂ ਨੇ ਖੁਦ ਨਿੱਜੀ ਐਂਬੂਲੈਂਸ ਦਾ ਪ੍ਰਬੰਧ ਕੀਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਨੌਜਵਾਨ ਨੇ ਦਮ ਤੋੜ ਦਿੱਤਾ ਸੀ।
ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਦੋਸ਼ ਲਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਸ ਅਤੇ ਪ੍ਰਸ਼ਾਸਨਿਕ ਅਮਲਾ ਕਰੀਬ 45 ਮਿੰਟ ਦੀ ਦੇਰੀ ਨਾਲ ਪਹੁੰਚਿਆ। ਜੇਕਰ ਸਹਾਇਤਾ ਸਮੇਂ ਸਿਰ ਮਿਲ ਜਾਂਦੀ ਤਾਂ ਸ਼ਾਇਦ ਉਸ ਵਿਅਕਤੀ ਦੀ ਜਾਨ ਬਚ ਸਕਦੀ ਸੀ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਕੋਲੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਅਤੇ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਸ਼ਾਤਿਰ ਚੋਰਾਂ ਨੇ ਬਿਨਾਂ ਕੋਈ ਤਾਲਾ ਤੋੜੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
NEXT STORY