ਬਾਲਿਆਂਵਾਲੀ/ਬਠਿੰਡਾ (ਜ. ਬ.) : ਸਥਾਨਕ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਖੋਖਰ ਪਿੰਡ ਦੇ ਇਕ ਵਿਅਕਤੀ ਵੱਲੋਂ ਮਰੇ ਹੋਏ ਵਿਅਕਤੀਆਂ ਨੂੰ ਜ਼ਿੰਦਾ ਦਿਖਾ ਕੇ 2 ਰਜਿਸਟਰੀਆਂ ਆਪਣੇ ਨਾਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਲਾਉਂਦਿਆਂ ਪਿੰਡ ਖੋਖਰ ਦੇ ਦਰਸ਼ਨ ਸਿੰਘ, ਜਗਜੀਤ ਸਿੰਘ, ਦਇਆ ਸਿੰਘ, ਜਗਜੀਵਨ ਸਿੰਘ, ਇਕਬਾਲ ਸਿੰਘ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਕਈ ਦਹਾਕੇ ਪਹਿਲਾਂ ਪਿੰਡ ਖੋਖਰ ਦੀ ਜ਼ਮੀਨ 30 ਕਨਾਲਾਂ, 5 ਮਰਲੇ ਅਤੇ 6 ਕਨਾਲਾਂ, 14 ਮਰਲੇ ਫੁੰਮਣ ਸਿੰਘ, ਹਰਨਾਮ ਕੌਰ, ਗੁਰਬਖਸ਼ ਸਿੰਘ ਆਦਿ ਤੋਂ ਗਹਿਣੇ ਲਈ ਗਈ ਸੀ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਕੁੜੀ ਦਾ ਮਾਲ ਦੀ 7ਵੀਂ ’ਤੇ ਹਾਈ ਵੋਲਟੇਜ ਹੰਗਾਮਾ, ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਇਹ ਜ਼ਮੀਨ ਅਸੀਂ ਵਾਹ ਰਹੇ ਸੀ ਪਰ ਸਾਡੇ ’ਚੋਂ ਜਗਰੂਪ ਸਿੰਘ ਖੋਖਰ ਨਾਂ ਦੇ ਵਿਅਕਤੀ ਨੇ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਉਕਤ ਜ਼ਮੀਨਾਂ ਦੀਆਂ ਰਜਿਸਟਰੀਆਂ ਆਪਣੇ ਨਾਂ ਕਰਵਾ ਲਈਆਂ, ਜਦ ਕਿ ਜ਼ਮੀਨ ਦੇ ਅਸਲ ਮਾਲਕ ਬਹੁਤ ਸਾਲ ਪਹਿਲਾਂ ਮਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਰੇ ਹੋਏ ਵਿਅਕਤੀਆਂ ਨੂੰ ਜ਼ਿੰਦਾ ਵਿਖਾ ਕੇ ਅਤੇ ਉਨ੍ਹਾਂ ਦੇ ਨਕਲੀ ਆਧਾਰ ਕਾਰਡ ਲਗਾ ਕੇ ਇਹ ਰਜਿਸਟਰੀਆਂ ਕਰਵਾਈਆਂ ਗਈਆਂ ਹਨ ਤੇ ਬਹੁਤ ਵੱਡੀ ਠੱਗੀ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਜਿਸਟਰੀਆਂ ਨੰਬਰਦਾਰ ਨਛੱਤਰ ਸਿੰਘ ਖੋਖਰ ਰਾਹੀਂ ਹੋਈਆਂ ਹਨ ਤੇ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਕਤ ਜ਼ਮੀਨ ਦੇ ਮਾਲਕ ਕਈ ਸਾਲ ਪਹਿਲਾਂ ਮਰ ਚੁੱਕੇ ਹਨ ਤੇ ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਵੀ ਨਹੀਂ ਹੋਏ ਸਨ ਤਾਂ ਹੁਣ ਉਨ੍ਹਾਂ ਦੇ ਆਧਾਰ ਕਾਰਡ ਕਿੱਥੋਂ ਆ ਗਏ। ਉਨ੍ਹਾਂ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਨੇਪਾਲ 'ਚ ਚੀਨੀ-ਨਿਵੇਸ਼ਿਤ ਸੀਮੈਂਟ ਉਦਯੋਗ 'ਡੁੱਬਣ' ਦੀ ਸਥਿਤੀ ਵਿੱਚ : ਰਿਪੋਰਟ
ਕੀ ਕਹਿੰਦੇ ਹਨ ਨੰਬਰਦਾਰ
ਜਦੋਂ ਇਸ ਸਬੰਧੀ ਨੰਬਰਦਾਰ ਨਛੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਰਜਿਸਟਰੀ ਜਾਅਲੀ ਹੋਈ ਹੈ ਪਰ ਉਨ੍ਹਾਂ ਤੋਂ ਜਗਰੂਪ ਸਿੰਘ ਵਗੈਰਾ ਰਾਹੀਂ ਡਰਾ-ਧਮਕਾ ਕੇ ਗਵਾਹੀ ਪਵਾਈ ਗਈ ਹੈ, ਜਿਸ ਸਬੰਧੀ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਐਫੀਡੈਵਿਟ ਦੇ ਕੇ ਸਾਰੀ ਗੱਲ ਦੱਸ ਦਿੱਤੀ ਗਈ ਹੈ। ਇਸ ਸਬੰਧੀ ਜ਼ਮੀਨ ਦੇ ਖਰੀਦਦਾਰ ਜਗਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਾ ਵਿਅਕਤੀਆਂ ਤੋਂ ਹੀ ਜ਼ਮੀਨ ਖਰੀਦੀ ਹੈ।
ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ, ਪ੍ਰਦਰਸ਼ਨਕਾਰੀਆਂ ਦੀ ਦੋ-ਟੁਕ; ਸਰਕਾਰ ਫੈਕਟਰੀ ਨੂੰ ਬੰਦ ਕਰਕੇ ਕਰੇ ਸੀਲ
ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ
ਇਸ ਮਾਮਲੇ ਬਾਰੇ ਨਾਇਬ ਤਹਿਸੀਲਦਾਰ ਕੁਲਦੀਪ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਅਤੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਸਬੰਧੀ ਨੰਬਰਦਾਰ ਨਛੱਤਰ ਸਿੰਘ ਤੋਂ ਹਲਫੀਆ ਬਿਆਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾ ਰਿਹਾ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਇਸ਼ਕ ’ਚ ਅੰਨ੍ਹੀ ਕੁੜੀ ਦਾ ਮਾਲ ਦੀ 7ਵੀਂ ਮੰਜ਼ਿਲ ’ਤੇ ਹਾਈ ਵੋਲਟੇਜ ਡਰਾਮਾ, ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼
NEXT STORY