ਲੁਧਿਆਣਾ (ਗੌਤਮ) : ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਰੋਡ ’ਤੇ ਸਥਿਤ ਸੈਕਟਰ-32 ’ਚ ਚੈਕਿੰਗ ਦੌਰਾਨ 16 ਲੱਖ ਰੁਪਏ ਦੀ ਬੈਂਕ ਡਕੈਤੀ ’ਚ ਲੋੜੀਂਦੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਟੀਮ ਨੇ ਮੁਲਜ਼ਮ ਤੋਂ ਇਕ ਗੈਰ-ਕਾਨੂੰਨੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਡਵੀਜ਼ਨ ਨੰ. 7 ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਰਹਿਣ ਵਾਲੇ ਰਾਕੇਸ਼ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਹੈ।
ਏ. ਸੀ. ਪੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਇੰਚਾਰਜ ਇੰਸ. ਬੇਅੰਤ ਜੁਨੇਜਾ ਦੀ ਟੀਮ ਸੈਕਟਰ-32 ’ਚ ਸ਼ੱਕੀ ਲੋਕਾਂ ਦੀ ਚੈਕਿੰਗ ਸਬੰਧੀ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਇਲਾਕੇ ’ਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਮੁਲਜ਼ਮ ਕੋਚਰ ਮਾਰਕੀਟ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਹੋਈ 16.50 ਲੱਖ ਰੁਪਏ ਦੀ ਡਕੈਤੀ ’ਚ ਸ਼ਾਮਲ ਸੀ। ਮੁਲਜ਼ਮ ਨੇ ਬੈਂਕ ’ਚ ਦਾਖਲ ਹੋ ਕੇ ਬੰਦੂਕ ਦੀ ਨੋਕ ’ਤੇ 16 ਲੱਖ 50 ਹਜ਼ਾਰ ਰੁਪਏ ਦੀ ਡਕੈਤੀ ਕੀਤੀ ਸੀ। ਦੋਸ਼ੀ ਖਿਲਾਫ ਅਗਸਤ 2016 ’ਚ ਥਾਣਾ ਡਵੀਜ਼ਨ ਨੰ. 5 ’ਚ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਬਾਅਦ ’ਚ ਅਦਾਲਤ ’ਚ ਪੇਸ਼ ਨਹੀਂ ਹੋਇਆ ਸੀ, ਜਿਸ ’ਤੇ ਮਾਣਯੋਗ ਗੁਰਪ੍ਰੀਤ ਕੌਰ ਦੀ ਅਦਾਲਤ ਨੇ ਮੁਲਜ਼ਮ ਨੂੰ 11 ਅਪ੍ਰੈਲ 2025 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ।
ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਗੈਰ-ਕਾਨੂੰਨੀ ਪਿਸਤੌਲ ਕਿਥੋਂ ਖਰੀਦਿਆ। ਮੁਲਜ਼ਮ ਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਮੁਲਜ਼ਮ ਖਿਲਾਫ ਦਰਜ ਹੋਰ ਮਾਮਲਿਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਬਜ਼ੁਰਗ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ, ਗਹਿਣੇ ਤੇ ਮੋਬਾਈਲ ਫੋਨ ਗਾਇਬ, ਕਤਲ ਦਾ ਸ਼ੱਕ
NEXT STORY