ਮਾਲੇਰਕੋਟਲਾ (ਸ਼ਹਾਬੂਦੀਨ) : ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਮੱਛਰ ਅਤੇ ਮੱਖੀਆਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖ਼ਾਸ ਤੌਰ ’ਤੇ ਹਰੇਕ ਸਾਲ ਲੋਕਾਂ ਲਈ ਵੱਡੀਆਂ ਸਿਹਤ ਸਮੱਸਿਆ ਦਾ ਕਾਰਨ ਬਣਦੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ ਅਤੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਕਰਨ ਦੇ ਢੰਗ ਤਰੀਕੇ ਦੱਸਣੇ ਸ਼ੂਰੂ ਕਰ ਦਿੱਤੇ ਹਨ। ਵੈਸੇ ਤਾਂ ਡੇਂਗੂ ਤੇ ਮਲੇਰੀਆ ਦੇ ਫੈਲਣ ਦਾ ਪੀਕ ਟਾਈਮ ਜੂਨ ਤੋਂ ਸਤੰਬਰ ਤੱਕ ਮੰਨਿਆ ਜਾਂਦਾ ਹੈ ਪਰ ਗਰਮੀ ਵੱਧਣ ਨਾਲ ਅਕਸਰ ਮੱਖੀਆਂ ਤੇ ਮੱਛਰ ਲੋਕਾਂ ਲਈ ਸਿਰਦਰਦੀ ਬਣਦੇ ਹਨ। ਇਸ ਲਈ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਹੀ ਜਾਗਰੂਕ ਰਹਿਣ। ਪਿਛਲੇ ਸਾਲਾਂ ਦੌਰਾਨ ਮਾਲੇਰਕੋਟਲਾ ਜ਼ਿਲ੍ਹੇ ’ਚ ਡੇਂਗੂ ਸੈਂਕੜੇ ਲੋਕਾਂ ਨੂੰ ਆਪਣੀ ਲਪੇਟ ’ਚ ਲੈਂਦਾ ਰਿਹਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ DC ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਕਿਵੇਂ ਹੁੰਦਾ ਡੇਂਗੂ ਤੇ ਚਿਕਨਗੁਨੀਆ ਅਤੇ ਕੀ ਹਨ ਨਿਸ਼ਾਨੀਆਂ?
ਸਿਵਲ ਹਸਪਤਾਲ ਮਾਲੇਰਕੋਟਲਾ ਦੇ ਐੱਸ. ਐੱਮ. ਓ. ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਅਤੇ ਚਿਕਨਗੁਨੀਆ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਮਨੁੱਖੀ ਸਰੀਰ ’ਤੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਅਤੇ ਇਹ ਸਵੇਰੇ ਤੇ ਸ਼ਾਮ ਦੇ ਸਮੇਂ ਕੱਟਦਾ ਹੈ। ਡੇਂਗੂ ਬੁਖ਼ਾਰ ਦੀਆਂ ਨਿਸ਼ਾਨੀਆਂ, ਤੇਜ਼ ਬੁਖ਼ਾਰ ਦੇ ਨਾਲ ਠੰਡ ਲੱਗਣਾ, ਸਿਰ ਤੇ ਮਾਸਪੇਸ਼ੀਆਂ ’ਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ’ਚ ਦਰਦ, ਮਸੂੜਿਆਂ, ਨੱਕ ਅਤੇ ਕੰਨ ’ਚੋਂ ਖ਼ੂਨ ਦਾ ਵਗਣਾ ਆਦਿ ਹੁੰਦੀਆਂ ਹਨ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ’ਚ ਜਾਣਾ ਚਾਹੀਦਾ ਹੈ। ਡੇਂਗੂ ਦਾ ਟੈਸਟ ਕਰਨ ’ਤੇ ਜੇ ਡੇਂਗੂ ਬੁਖ਼ਾਰ ਹੋਵੇ ਤਾਂ ਇਸ ਦੀ ਦਵਾਈ ਸਰਕਾਰੀ ਹਸਪਤਾਲ ’ਚ ਮੁਫ਼ਤ ਮਿਲਦੀ ਹੈ। ਕੁੱਝ ਮਾਮਲਿਆਂ ’ਚ ਡੇਂਗੂ ਇਕ ਹੋਰ ਗੰਭੀਰ ਸਥਿਤੀ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਡੇਂਗੂ ਹੈਮੋਰੈਜਿਕ ਬੁਖ਼ਾਰ ਅਤੇ ਡੇਂਗੂ ਸਦਮਾ ਸਿੰਡਰੋਮ ਕਿਹਾ ਜਾਂਦਾ ਹੈ। ਜੇਕਰ ਸਮੇਂ ਸਿਰ ਇਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੇ ਹਨ। ਡੇਂਗੂ ਜਾਂ ਕਿਸੇ ਵਾਇਰਲ ਬੁਖ਼ਾਰ ਵਾਲੇ ਮਰੀਜ਼ਾਂ ’ਚ ਧੱਫੜ ਵਰਗੇ ਲੱਛਣ ਵੀ ਹੋ ਸਕਦੇ ਹਨ। ਹਰੇਕ ਬੁਖ਼ਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਖ਼ਾਸ ਕਰ ਕੇ ਜੇ ਇਹ ਬਰਸਾਤ ਦੇ ਮੌਸਮ ’ਚ ਹੋਵੇ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਕੀਤਾ ਅਲਰਟ
ਕਿਵੇਂ ਕੀਤਾ ਜਾ ਸਕਦੈ ਬਚਾਅ?
ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਹ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ’ਚ ਕੂਲਰ, ਫਰਿੱਜਾਂ ’ਚ ਵੇਸਟ ਪਾਣੀ ਦੀਆਂ ਟਰੇਆਂ, ਫੁੱਲਾਂ ਦੇ ਗਮਲੇ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੌਦੀਆਂ, ਫੱਟੇ ਪੁਰਾਣੇ ਟਾਇਰਾਂ, ਟੁੱਟੇ ਭੱਜੇ ਬਰਤਨਾਂ ਤੇ ਟੋਇਆਂ ’ਚ ਮੀਂਹ ਦੇ ਪਏ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਅਜਿਹੀਆਂ ਵਸਤੂਆਂ ’ਚੋਂ ਪਾਣੀ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਅਤੇ ਟੋਇਆਂ ਦੇ ਖੜ੍ਹੇ ਪਾਣੀ ਉੱਪਰ ਸੜ੍ਹਿਆ ਤੇਲ ਪਾ ਦੇਣਾ ਚਾਹੀਦਾ ਹੈ। ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਸ ਨਾਲ ਸਰੀਰ ਢਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਬੁਖ਼ਾਰ ਹੋਵੇ ਤਾਂ ਐੱਸਪਰੀਨ ਜਾਂ ਬਰੂਫਿਨ ਵਰਗੀਆਂ ਗੋਲੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਸਿਰਫ ਪੈਰਾਸਿਟਾਮੋਲ ਗੋਲੀ ਹੀ ਲੈਣੀ ਚਾਹੀਦੀ ਹੈ। ਵਾਇਰਲ ਬੁਖ਼ਾਰ ’ਚ ਐਂਟੀਬਾਇਓਟਿਕਸ ਦੀ ਕੋਈ ਭੂਮਿਕਾ ਨਹੀਂ ਹੁੰਦੀ, ਇਹ ਵਾਇਰਲ ਬੁਖ਼ਾਰ ਦਾ ਇਲਾਜ ਨਹੀਂ ਹੈ। ਡੇਂਗੂ ਬੁਖ਼ਾਰ ਇਕ ਵਿਅਕਤੀ ’ਚ ਪਲੇਟਲੇਟ ਦੀ ਘੱਟ ਗਿਣਤੀ ਅਤੇ ਵੱਡੀ ਕਮਜ਼ੋਰੀ ਤੇ ਸਰੀਰ ’ਚ ਦਰਦ ਦਾ ਕਾਰਨ ਬਣਦਾ ਹੈ, ਇਸ ਤਰ੍ਹਾਂ ਇਸ ਮੁਸ਼ਕਿਲ ਸਮੇਂ ਦੌਰਾਨ ਆਪਣੇ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Train 'ਚ ਸਫ਼ਰ ਕਰਨ ਵਾਲੇ ਪੰਜਾਬ ਦੇ ਯਾਤਰੀਆਂ ਲਈ ਅਹਿਮ ਖ਼ਬਰ, ਇਹ ਰੇਲਾਂ ਅੱਜ ਰਹਿਣਗੀਆਂ ਰੱਦ
NEXT STORY