ਜਲੰਧਰ (ਵੈੱਬ ਡੈਸਕ)- ਬਿਆਸ ਦਰਿਆ ਵਿਚ ਦੋ ਭਰਾਵਾਂ ਵੱਲੋਂ ਛਾਲ ਮਾਰਨ ਦੇ ਮਾਮਲੇ ਵਿਚ ਘਿਰੇ ਤਤਕਾਲੀ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਅੱਜ ਜਸ਼ਨਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਥੇ ਹੀ ਮਾਨਵਜੀਤ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ। ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ਵਿੱਚ ਐੱਸ.ਐੱਚ. ਓ. ਨਵਦੀਪ ਸਿੰਘ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਖ਼ੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਸਾਬਕਾ ਇੰਚਾਰਜ ਨਵਦੀਪ ਸਿੰਘ ਨੂੰ ਡੀ. ਜੀ. ਪੀ. ਨੇ ਤੁਰੰਤ ਪ੍ਰਭਾਵ ਨਾਲ ਡਿਸਮਿਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਜਲੰਧਰ ਦੇ ਪੁਲਸ ਕਮਿਸ਼ਨਰ ਨੇ ਨਵਦੀਪ ਨੂੰ ਫਰਾਰ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।
ਐੱਸ. ਐੱਚ. ਓ. ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਅੱਜ ਢਿੱਲੋਂ ਭਰਾਵਾਂ ਦਾ ਪਰਿਵਾਰ ਜਸ਼ਨਬੀਰ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਸੀ ਅਤੇ ਸੁਲਤਾਨਪੁਰ ਲੋਧੀ ਤੋਂ ਲਾਸ਼ ਲਿਆ ਕੇ ਸ਼ਾਮ ਨੂੰ ਜਲੰਧਰ ਮਾਡਲ ਟਾਊਨ ਵਿਖੇ ਗੁਰੂ ਤੇਗ ਬਹਾਦਰ ਨੇੜੇ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਸ਼ਨਬੀਰ ਦੀ ਮ੍ਰਿਤਕ ਦੇਹ ਦਾ ਸਸਕਾਰ ਉਸ ਦੇ ਪਿਤਾ ਜਤਿੰਦਰਪਾਲ ਸਿੰਘ ਨੇ ਕੀਤਾ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
ਜਸ਼ਨਬੀਰ ਸਿੰਘ ਅਤੇ ਮਾਨਵਜੀਤ ਸਿੰਘ ਨੂੰ ਥਾਣੇ 'ਚੋਂ ਕੱਢਿਆ ਗਿਆ ਸੀ ਬਾਹਰ
ਦੱਸ ਦੇਈਏ ਕਿ ਇਹ ਪੂਰਾ ਮਾਮਲਾ 16 ਅਗਸਤ ਦਾ ਹੈ। ਥਾਣਾ ਡਿਵੀਜ਼ਨ ਨੰਬਰ 1 ਵਿੱਚ ਪਰਿਵਾਰਕ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਲੜਕੀ ਪਰਮਿੰਦਰ ਕੌਰ ਦੀ ਤਰਫੋਂ ਮਾਨਵਜੀਤ ਅਤੇ ਜਸ਼ਨਬੀਰ ਥਾਣੇ ਗਏ ਹੋਏ ਸਨ। ਇਸ ਦੌਰਾਨ ਪੁਲਸ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਪੁਲਸ ਮੁਲਾਜ਼ਮ ਭੇਜ ਕੇ ਮਾਨਵਜੀਤ ਨੂੰ ਅੰਦਰ ਬੁਲਾ ਲਿਆ ਗਿਆ ਸੀ। ਇਸ ਦੌਰਾਨ ਮਾਨਵਜੀਤ ਦੇ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ।
ਜਦੋਂ ਜਸ਼ਨਬੀਰ ਅਤੇ ਹੋਰ ਪਰਿਵਾਰਕ ਮੈਂਬਰ ਥਾਣੇ ਗਏ ਤਾਂ ਐੱਸ. ਐੱਚ. ਓ. ਨਵਦੀਪ ਸਿੰਘ, ਮੁੰਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਦੀ ਕੁੱਟਮਾਰ ਕਰ ਰਹੇ ਸਨ। ਇੱਥੋਂ ਤੱਕ ਕਿ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ। ਆਪਣਾ ਬਚਾਅ ਕਰਨ ਲਈ ਐੱਸ. ਐੱਚ. ਓ. ਨਵਦੀਪ ਸਿੰਘ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੀ ਸ਼ਿਕਾਇਤ ’ਤੇ ਮਾਨਵਜੀਤ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 107/151 ਤਹਿਤ ਦੰਗਾ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਭਰਾ ਨੇ ਬਚਾਉਣ ਲਈ ਮਾਰੀ ਸੀ ਛਾਲ
ਪੁਲਸ ਦੀ ਇਸ ਕਾਰਵਾਈ ਤੋਂ ਛੋਟੇ ਭਰਾ ਜਸ਼ਨਬੀਰ ਸਿੰਘ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਦਿਲ ਵਿਚ ਲਾ ਲਿਆ। ਅਗਲੇ ਦਿਨ ਜਦੋਂ ਮਾਨਵਜੀਤ ਪੁਲਸ ਹਿਰਾਸਤ ਵਿੱਚੋਂ ਜ਼ਮਾਨਤ ’ਤੇ ਬਾਹਰ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਸ਼ਨਬੀਰ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਮਾਨਵਜੀਤ ਆਪਣੇ ਦੋਸਤਾਂ ਨਾਲ ਗੋਇੰਦਵਾਲ ਸਾਹਿਬ ਪਹੁੰਚੇ। ਉਨ੍ਹਾਂ ਭਰਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ ਸੀ।
ਇਹ ਵੀ ਪੜ੍ਹੋ- ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ, ਭਾਰਤ ’ਚ ਚੌਕਸੀ ਵਰਤਣ ਦੇ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੀਨਾਨਗਰ ਦੇ ਪਿੰਡ ਡੀਡਾ ਸੈਣੀ ਨੇੜਿਉਂ ਖੇਤਾਂ ’ਚ ਖ਼ੂਨ ਨਾਲ ਲੱਥਪੱਥ ਮਿਲੀ ਨੌਜਵਾਨ ਦੀ ਲਾਸ਼
NEXT STORY