ਗੁਰਦਾਸਪੁਰ (ਦੀਪਕ) - ਪਿਛਲੇ 10 ਸਾਲਾਂ 'ਚ ਮਾਫੀਆ ਰਾਜ ਦੀ ਪੁਸ਼ਤਪਨਾਹੀ ਕਰਕੇ ਸੂਬੇ ਨੂੰ ਤਬਾਹ ਕਰਨ 'ਤੇ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਜਿਹੜਾ ਅਕਾਲੀ ਲੀਡਰ ਆਪਣੇ ਹੋਟਲ ਸੁਖਵਿਲਾਸ ਦਾ ਇਕ ਰਾਤ ਦਾ ਕਿਰਾਇਆ ਪੰਜ ਲੱਖ ਰੁਪਏ ਲੈਂਦਾ ਹੋਵੇ, ਉਸ ਨੂੰ ਕਿਸਾਨਾਂ ਲਈ ਦੋ ਲੱਖ ਰੁਪਏ ਦੀ ਕਰਜ਼ਾ ਮੁਆਫੀ ਘੱਟ ਹੀ ਜਾਪੇਗੀ।ਸੁਖਬੀਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਮਾਮੂਲੀ ਦੱਸਣ ਲਈ ਸਖ਼ਤ ਆਲੋਚਨਾ ਕਰਦਿਆਂ ਜਾਖੜ ਨੇ ਆਖਿਆ ਕਿ ਜੇਕਰ ਅਕਾਲੀ ਖਜ਼ਾਨੇ 'ਚ ਕੋਈ ਪੈਸਾ ਛੱਡ ਕੇ ਜਾਂਦੇ ਤਾਂ ਕਾਂਗਰਸ ਸਰਕਾਰ ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਭਲੇ ਲਈ ਇਸ ਤੋਂ ਵੀ ਵੱਧ ਕਦਮ ਜ਼ਰੂਰ ਚੁੱਕਦੀ।
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਚੋਣ ਲੜ ਰਹੇ ਉਮੀਦਵਾਰ ਨੇ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਤਹਿਸ-ਨਹਿਸ ਕਰਕੇ ਜੰਗਲ ਰਾਜ ਕਾਇਮ ਕਰਨ ਤੋਂ ਬਾਅਦ ਜ਼ਬਰ ਵਿਰੋਧੀ ਰੈਲੀ ਕਰਨ ਲਈ ਸੁਖਬੀਰ ਬਾਦਲ ਦੀ ਖਿੱਲੀ ਉਡਾਈ।
ਗੁਰਦਾਸਪੁਰ ਹਲਕੇ 'ਚ ਵਰਕਰਾਂ ਨਾਲ ਲੜੀਵਾਰ ਮੀਟਿੰਗ ਦੌਰਾਨ ਆਪਣੇ ਸੰਬੋਧਨ 'ਚ ਜਾਖੜ ਨੇ ਆਖਿਆ ਕਿ ਅਕਾਲੀ-ਭਾਜਪਾ ਵੱਲੋਂ ਭਾਵੇਂ ਇਕਜੁਟਤਾ ਦਾ ਦਿਖਾਵਾ ਕੀਤਾ ਜਾ ਰਿਹਾ ਹੈ ਪਰ ਅਸਲ 'ਚ ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਸਭ ਚੰਗਾ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਨੂੰ ਲੋਕਾਂ ਦੀ ਨਬਜ਼ ਦੀ ਕੋਈ ਸਮਝ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ ਅਤੇ ਭਾਜਪਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਬਾਦਲਾਂ ਅਤੇ ਅਕਾਲੀਆਂ ਨੇ ਪੰਜਾਬ ਦੇ ਪੱਲੇ ਕੱਖ ਵੀ ਨਹੀਂ ਛੱਡਿਆ।
ਜਾਖੜ ਨੇ ਕਿਹਾ ਕਿ ਬੀਤੇ ਦਿਨ ਅਕਾਲੀ-ਭਾਜਪਾ ਦੀ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਮੌਜੂਦਗੀ ਦਰਸਾਉਂਦੀ ਹੈ ਕਿ ਸੁਖਬੀਰ ਅਕਾਲੀ ਦਲ 'ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਹੈ ਅਤੇ ਅਕਾਲੀ ਦਲ ਸੂਬੇ ਨੂੰ ਆਪਣੀਆਂ ਤਬਾਹਕੁੰਨ ਨੀਤੀਆਂ ਨਾਲ ਅਰਾਜਕਤਾ ਵੱਲ ਧੱਕਣ ਤੋਂ ਬਾਅਦ ਖੁਦ ਡਾਵਾਂਡੋਲ ਹੋ ਗਿਆ।
ਸੱਤਾ ਦੇ ਹੰਕਾਰ 'ਚ ਚੂਰ ਬਾਦਲਾਂ 'ਤੇ ਵਰਦਿਆਂ ਜਾਖੜ ਨੇ ਆਖਿਆ ਕਿ ਲੋਕਾਂ ਦੀਆਂ ਲੋੜਾਂ ਨੂੰ ਮਿੱਟੀ-ਘੱਟੇ 'ਚ ਰੋਲਣ ਵਾਲੇ ਅਕਾਲੀਆਂ ਨੇ ਸੱਤਾ ਦੀ ਰੱਜ ਕੇ ਦੁਰਵਰਤੋਂ ਕਰਦਿਆਂ ਅਕਾਲੀ ਲੀਡਰਸ਼ਿਪ ਦੀ ਹਾਂ 'ਚ ਹਾਂ ਨਾ ਮਿਲਾਉਣ ਵਾਲੇ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾਇਆ।ਬਾਦਲਾਂ ਨੇ ਸੂਬੇ ਦਾ ਕੱਖ ਵੀ ਰਹਿਣ ਨਹੀਂ ਦਿੱਤਾ ਅਤੇ ਰੇਤਾ-ਬੱਜਰੀ ਤੋਂ ਲੈ ਕੇ ਬੱਸਾਂ 'ਤੇ ਕਾਬਜ਼ ਹੋ ਕੇ ਹਰ ਵਪਾਰ ਨੂੰ ਬੁਰੀ ਤਰਾਂ ਢਾਹ ਲਾਈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਪਿਛਲੇ 10 ਸਾਲਾਂ ਦੌਰਾਨ ਸੂਬੇ ਦੀ ਸੱਤਾ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਹੁੰਦੀ ਤਾਂ ਪੰਜਾਬ ਦਾ ਮੁਹਾਂਦਰ ਹੀ ਕੁਝ ਹੋਰ ਹੋਣਾ ਸੀ ਅਤੇ ਹੁਣ ਤੱਕ ਇਸ ਨੂੰ ਇਕ ਵਿਕਸਤ ਸੂਬਾ ਬਣਾਇਆ ਹੁੰਦਾ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੇ ਛੇ ਮਹੀਨਿਆਂ 'ਚ ਬਹੁਤ ਖੇਤਰਾਂ 'ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਟਰੱਕ ਯੂਨੀਅਨਾਂ ਨੂੰ ਖ਼ਤਮ ਕਰਕੇ ਜਥੇਦਾਰਾਂ ਦੀ ਇਜਾਰੇਦਾਰੀ ਤੋੜਣੀ ਮੌਜੂਦਾ ਸਰਕਾਰ ਦੀਆਂ ਮਿਸਾਲੀ ਪ੍ਰਾਪਤੀਆਂ ਹਨ। ਪੰਜਾਬ 'ਚ ਕਾਂਗਰਸ ਸਰਕਾਰ ਨੇ ਉਦਯੋਗਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ, ਸ਼ਗਨ ਰਾਸ਼ੀ 'ਚ ਵਾਧਾ ਅਤੇ ਬੁਢਾਪਾ ਪੈਨਸ਼ਨ ਵਧਾਉਣ ਵਰਗੇ ਕਈ ਵੱਡੇ ਕਦਮ ਚੁੱਕੇ ਹਨ।
ਗੁਰਦਾਸਪੁਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਸਥਾਨਕ ਮੁੱਦਿਆਂ ਨੂੰ ਮੁੱਖ ਮੰਤਰੀ ਕੋਲ ਉਠਾਉਣ ਤੋਂ ਇਲਾਵਾ ਸੰਸਦ 'ਚ ਵੀ ਚੁੱਕਣਗੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲਦੀ ਗ੍ਰਾਂਟ ਹੀ ਕਾਫੀ ਨਹੀਂ ਸਗੋਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਰਹੱਦੀ ਪੱਟੀ ਦੇ ਨਾਜ਼ੁਕ ਮੁੱਦਿਆਂ ਨੂੰ ਸੁਲਝਾਉਣ ਦੀ ਲੋੜ ਹੈ ਅਤੇ ਗੁਰਦਾਸਪੁਰ ਸਰਹੱਦੀ ਖੇਤਰ ਦਾ ਅਹਿਮ ਹਿੱਸਾ ਹੈ।ਪੰਜਾਬ ਨਾਲ ਹੋਈ ਬੇਇਨਸਾਫੀ ਲਈ ਉਹ ਮੋਦੀ ਸਰਕਾਰ ਅੱਗੇ ਰੋਸ ਜ਼ਾਹਰ ਕਰਨਗੇ।
ਜਾਖੜ ਨੇ ਪੰਜਾਬ ਰੋਡਵੇਜ਼ ਦੀ ਬਹਾਲੀ ਅਤੇ ਗੁਰਦਾਸਪੁਰ ਖੰਡ ਮਿੱਲ ਦੀ ਸਮਰੱਥਾ ਵਧਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਪੰਜਾਬ 'ਚ ਸਨਅਤੀ ਵਿਕਾਸ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਹ ਕੇਂਦਰ ਸਰਕਾਰ ਅੱਗੇ ਆਵਾਜ਼ ਉਠਾਉਣਗੇ। ਕੇਂਦਰ ਸਰਕਾਰ ਨੇ ਪਿਛਲੇ ਛੇ ਮਹੀਨਿਆਂ 'ਚ ਮਗਨਰੇਗਾ ਦੀ ਉਜਰਤ ਜਾਰੀ ਨਹੀਂ ਕੀਤੀ ਜਿਸ ਨੇ ਪੰਜਾਬ 'ਚ ਰੋਜ਼ਗਾਰ 'ਤੇ ਬੁਰਾ ਪ੍ਰਭਾਵ ਪਾਇਆ ਹੈ।
ਜਾਖੜ ਨੇ 32000 ਕਰੋੜ ਰੁਪਏ ਦੇ ਅਨਾਜ ਘੁਟਾਲੇ ਦਾ ਮਸਲਾ ਸੰਸਦ 'ਚ ਉਠਾਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਸੂਬੇ ਦਾ ਇਕ-ਇਕ ਪੈਸਾ ਵਾਪਸ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਅਧਿਕਾਰ ਵਜੋਂ ਕੇਂਦਰ ਸਰਕਾਰ ਤੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਉਣ ਦੀ ਲੜਾਈ ਲੜਦੀ ਰਹੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਉਹ ਸੰਸਦ 'ਚ ਮੋਦੀ ਨੂੰ ਕਹਿਣਗੇ ਕਿ 'ਸਾਡਾ ਹੱਕ ਏਥੇ ਰੱਖ'।
ਜਾਖੜ ਨੇ ਕਿਹਾ ਕਿ ਆੜ੍ਹਤੀਆ ਤਾਂ ਭਾਜਪਾ ਸਰਕਾਰ ਬਣੀ ਬੈਠੀ ਹੈ ਕਿਉਂ ਜੋ ਕੇਂਦਰ ਸਰਕਾਰ ਨੇ ਜਾਪਾਨ ਤੋਂ 0.1 ਫੀਸਦੀ ਵਿਆਜ 'ਤੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਜਦਕਿ ਪੰਜਾਬ ਤੋਂ ਕਰਜ਼ੇ 'ਤੇ ਵਿਆਜ 8.5 ਫੀਸਦੀ ਦੇ ਹਿਸਾਬ ਨਾਲ ਵਸੂਲ ਰਹੀ ਹੈ। 11 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਵਰਕਰਾਂ ਨਾਲ ਮਿਲਣੀ ਦੌਰਾਨ ਜਾਖੜ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕੁਲਜੀਤ ਸਿੰਘ ਨਾਗਰਾ, ਹਰਦਿਆਲ ਸਿੰਘ ਕੰਬੋਜ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਹਾਜ਼ਰ ਸਨ।
ਆਂਗਣਵਾੜੀ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY