ਲੁਧਿਆਣਾ (ਨਰਿੰਦਰ) : ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਭਾਜਪਾ ਵੱਲੋਂ ਲੁਧਿਆਣਾ 'ਚ ਸੂਬਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਵਰਕਰਾਂ ਵਲੋਂ ਬਿਜਲੀ ਦੀਆਂ ਵਧੀਆਂ ਕੀਮਤਾਂ, ਮਹਿੰਗਾਈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਪੰਜਾਬ 'ਚ ਸਰਕਾਰ ਚਲਾਉਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਇਸ ਦੌਰਾਨ ਅਕਾਲੀ ਦਲ ਦੇ ਆਗੂ ਗੁਰਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਅੱਜ ਤੱਕ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਆਮ ਆਦਮੀ 'ਤੇ ਇਸ ਦਾ ਬੋਝ ਪੈ ਰਿਹਾ ਹੈ ਪਰ ਸਰਕਾਰ ਸੁੱਤੀ ਪਈ ਹੈ ਅਤੇ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਹੈ। ਉਧਰ ਭਾਜਪਾ ਦੇ ਆਗੂ ਕਮਲ ਚੇਟਲੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅਕਾਲੀ-ਭਾਜਪਾ ਵੇਲੇ ਹੀ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਕਰਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇੱਕ-ਦੂਜੇ 'ਤੇ ਇਲਜ਼ਾਮ ਲਾਉਣੇ ਸੌਖੇ ਹਨ ਪਰ ਸਰਕਾਰ ਮੌਜੂਦਾ ਕਾਂਗਰਸ ਦੀ ਹੈ, ਇਸ ਲਈ ਕਾਂਗਰਸ ਉਹ ਕਰਾਰ ਖਤਮ ਕਰਕੇ ਆਪਣੇ ਖਜ਼ਾਨੇ ਨੂੰ ਭਰ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਸਕਦੀ ਹੈ।
ਨਿੱਜੀ ਥਰਮਲ ਪਲਾਂਟਾਂ ਦੇ ਸਮਝੌਤਿਆਂ ਦਾ ਰੀਵਿਊ ਕਰੇਗੀ ਕੈਪਟਨ ਸਰਕਾਰ
NEXT STORY