ਚੰਡੀਗੜ੍ਹ : ਅਮਰੀਕਾ ਦੇ ਨਿਊਜਰਸੀ 'ਚ ਵੀਰਵਾਰ ਨੂੰ ਸਿੱਖ ਤ੍ਰਿਲੋਕ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਕਾਰਨ ਅਕਾਲੀ ਦਲ ਕਾਫੀ ਚਿੰਤਾ 'ਚ ਹੈ। ਇਸੇ ਕਾਰਨ ਭੜਕੇ ਹੋਏ ਅਕਾਲੀ ਦਲ ਦੇ ਨੇਤਾਵਾਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਮਰੀਕੀ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕਰਨ ਦੀ ਅਪੀਲ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ 'ਤੇ ਇਸ ਮੁੱਦੇ ਨੂੰ ਚੁੱਕਦਿਆਂ ਕਿਹਾ ਹੈ, ''ਮੈਂ ਨਿਊਜਰਸੀ 'ਚ ਤ੍ਰਿਲੋਕ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਨਿੰਦਾ ਕਰਦਾ ਹਾਂ, ਜਿਸ ਤਰ੍ਹਾਂ ਸਿੱਖਾਂ 'ਤੇ ਹਮਲੇ ਦੁਨੀਆ 'ਚ ਵਧ ਰਹੇ ਹਨ, ਉਸ ਨੂੰ ਦੇਖ ਕੇ ਮਹੱਤਵਪੂਰਨ ਹੋ ਗਿਆ ਹੈ ਕਿ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕੀਤਾ ਜਾਵੇ।'' ਉਨ੍ਹਾਂ ਲਿਖਿਆ ਕਿ ਉਹ ਸੁਸ਼ਮਾ ਸਵਰਾਜ ਨੂੰ ਅਪੀਲ ਕਰਦੇ ਹਨ ਕਿ ਇਸ ਮਾਮਲੇ 'ਚ ਅਮਰੀਕੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਟਵਿੱਟਰ 'ਤੇ ਲਿਖਿਆ ਹੈ, ''ਅਮਰੀਕਾ 'ਚ ਇਨ੍ਹਾਂ ਅਪਰਾਧਾਂ ਦਾ ਪੱਧਰ ਚਰਮ ਤੱਕ ਪੁੱਜ ਗਿਆ ਹੈ ਤੇ 3 ਹਫਤਿਆਂ 'ਚ ਇਹ ਤੀਜੇ ਸਿੱਖ 'ਤੇ ਹਮਲਾ ਕੀਤਾ ਗਿਆ ਹੈ।'' ਉਨ੍ਹਾਂ ਨੇ ਲਿਖਿਆ ਕਿ ਉਹ ਇਸ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦੇ ਹਨ ਕ ਉਹ ਨਿਜੀ ਤੌਰ 'ਤੇ ਇਸ ਮਾਮਲੇ 'ਚ ਦਖਲ ਦੇਣ ਤੇ ਅਮਰੀਕੀ ਪ੍ਰਸ਼ਾਸਨ ਤੋਂ ਜਵਾਬ ਤਲਬ ਕਰਨ।
3 ਹਫਤਿਆਂ 'ਚ ਤੀਜੀ ਵਾਰਦਾਤ
ਤੁਹਾਨੂੰ ਦੱਸ ਦਈਏ ਕਿ 3 ਹਫਤਿਆਂ 'ਚ ਅਮਰੀਕਾ 'ਚ ਅਜਿਹੀਆਂ 3 ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਸ ਤੋਂ ਪਹਿਲਾਂ ਦੋ ਸਿੱਖ ਵਿਅਕਤੀਆਂ 'ਤੇ ਹਮਲੇ ਕੀਤੇ ਗਏ, ਜਿਸ ਕਾਰਨ ਉਹ ਜ਼ਖਮੀ ਹੋ ਗਏ। 6 ਅਗਸਤ ਨੂੰ 71 ਸਾਲਾ ਸਾਹਿਬ ਸਿੰਘ 'ਤੇ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਸਨ। ਇਸ ਤੋਂ ਪਹਿਲਾਂ 50 ਸਾਲਾ ਸੁਰਜੀਤ ਮੱਲ੍ਹੀ ਨੂੰ ਉਸ ਸਮੇਂ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਇਕ ਸਿਆਸੀ ਪਾਰਟੀ ਨਾਲ ਚੋਣ ਪ੍ਰਚਾਰ ਲਈ ਨਿਕਲੇ ਸਨ। ਉਨ੍ਹਾਂ ਦੀ ਗੱਡੀ 'ਤੇ ਸਪ੍ਰੇਅ ਨਾਲ 'ਆਪਣੇ ਦੇਸ਼ ਵਾਪਸ ਜਾਓ' ਸ਼ਬਦ ਵੀ ਲਿਖੇ ਗਏ ਸਨ। ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ 'ਚ ਰੋਸ ਹੈ ਅਤੇ ਉਨ੍ਹਾਂ ਵਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਫੁੱਲ ਚੁਗਦਿਆਂ ਨੂੰ ਰਾਖ 'ਚੋਂ ਮਿਲੀ ਅਜਿਹੀ ਚੀਜ਼, ਹੱਕਾ-ਬੱਕਾ ਰਹਿ ਗਿਆ ਟੱਬਰ (ਵੀਡੀਓ)
NEXT STORY